ਕਿਵੇਂ ਪਾਇਆ ਜਾਵੇ ਅਫਵਾਹਾਂ ਉੱਤੇ ਕਾਬੂ?

ਕਿਸੇ ਵਿਅਕਤੀ ਨੂੰ ਭੀੜ ਘੇਰ ਕੇ ਉਸਨੂੰ ਪੱਥਰ ਮਾਰ ਰਹੀ ਹੈ ਜਾਂ ਲਾਠੀ – ਡੰਡਿਆਂ, ਜੁੱਤੀਆਂ ਨਾਲ ਮਾਰ ਕੁਟਾਈ ਕਰ ਰਹੀ ਹੈ, ਇਹ ਦ੍ਰਿਸ਼ ਮੱਧਯੁਗ ਵਿੱਚ ਹੁੰਦਾ, ਉਦੋਂ ਹੈਰਾਨੀ ਨਹੀਂ ਹੁੰਦੀ| ਫਿਲਮ ਲੈਲਾ – ਮਜਨੂੰ ਯਾਦ ਕਰੋ, ਜਿਸ ਵਿੱਚ ਭੀੜ ਮਜਨੂੰ ਉਤੇ ਪੱਥਰ ਬਰਸਾ ਰਹੀ ਹੈ ਅਤੇ ਲੈਲਾ ਲੋਕਾਂ ਤੋਂ ਉਸ ਉੱਤੇ ਤਰਸ ਦੀ ਅਪੀਲ ਕਰ ਰਹੀ ਹੈ| ਮੱਧਕਾਲ ਤੋਂ ਇਸ ਆਧੁਨਿਕ ਕਾਲ ਤੱਕ ਆਉਂਦੇ – ਆਉਂਦੇ ਅਸੀਂ ਸਭਿਆ ਹੋਣ ਦਾ ਇੱਕ ਲੰਬਾ ਸਫਰ ਤੈਅ ਕੀਤਾ ਹੈ| ਪਰੰਤੂ ਅੱਜ ਵੀ ਜੇਕਰ ਭੀੜ ਪੱਥਰ ਬਰਸਾ ਕੇ ਕਿਸੇ ਦੀ ਜਾਨ ਲੈਣ ਤੇ ਉਤਰ ਹੋ ਜਾਵੇ ਅਤੇ ਅਜਿਹੀਆਂ ਘਟਨਾਵਾਂ ਦੀ ਗਿਣਤੀ ਵੱਧਦੀ ਜਾਵੇ, ਤਾਂ ਸਾਨੂੰ ਖੁਦ ਤੋਂ ਇਹ ਸਵਾਲ ਪੁੱਛਣਾ ਪਵੇਗਾ ਕਿ ਕੀ ਅਸੀਂ ਵਾਕਈ ਸਭਿਆ ਕਹਾਉਣ ਲਾਇਕ ਹੋਏ ਹਾਂ? ਕੀ ਸਾਡੇ ਦੇਸ਼ ਵਿੱਚ ਲੋਕਤੰਤਰ ਬਚਿਆ ਹੈ? ਅਜੇ ਕੁੱਝ ਦਿਨ ਪਹਿਲਾਂ ਹਾਪੁੜ ਵਿੱਚ ਗਾਂ ਨੂੰ ਮਾਰਨ ਦੇ ਦੋਸ਼ ਵਿੱਚ ਭੀੜ ਨੇ ਦੋ ਵਿਅਕਤੀਆਂ ਨੂੰ ਇੰਨਾ ਕੁੱਟਿਆ ਕਿ ਉਨ੍ਹਾਂ ਵਿਚੋਂ ਇੱਕ ਦੀ ਮੌਤ ਹੋ ਗਈ|
ਇਸੇ ਤਰ੍ਹਾਂ ਝਾਰਖੰਡ ਦੇ ਗੋਂਡਾ ਵਿੱਚ ਮੱਝ ਚੋਰੀ ਦੇ ਦੋਸ਼ ਵਿੱਚ ਦੋ ਵਿਅਕਤੀਆਂ ਦੀ ਹੱਤਿਆ ਭੀੜ ਨੇ ਕਰ ਦਿੱਤੀ| ਇਸ ਰਾਜ ਵਿੱਚ ਖਜੁਮੰਡਾ ਪਿੰਡ ਵਿੱਚ ਮੋਬਾਇਲ ਚੋਰੀ ਦੇ ਇਲਜ਼ਾਮ ਵਿੱਚ ਇੱਕ ਨੌਜਵਾਨ ਨੂੰ ਭੀੜ ਨੇ ਕੁੱਟਿਆ ਅਤੇ ਜੁੱਤੀਆਂ ਦੀ ਮਾਲਾ ਪੁਵਾ ਕੇ ਘੁਮਾਇਆ| ਕਿਸੇ ਕਮਜੋਰ ਤੇ ਜ਼ੁਲਮ ਹੋ ਰਿਹਾ ਹੋਵੇ, ਕਿਸੇ ਔਰਤ ਨਾਲ ਛੇੜਛਾੜ ਹੋ ਰਹੀ ਹੋਵੇ, ਉਸਦੇ ਵਿਰੋਧ ਵਿੱਚ ਮਦਦ ਕਰਨ ਲਈ ਭੀੜ ਕਦੇ ਨਹੀਂ ਇਕੱਠੀ ਹੁੰਦੀ, ਪਰੰਤੂ ਕਿਸੇ ਨੂੰ ਮਾਰਨਾ ਹੋਵੇ, ਆਪਣੀ ਤਾਕਤ ਦਾ ਪ੍ਰਦਰਸ਼ਨ ਕਰਨਾ ਹੋਵੇ ਤਾਂ ਪਤਾ ਨਹੀਂ ਕਿਵੇਂ ਭੀੜ ਇਕੱਠੀ ਹੋ ਜਾਂਦੀ ਹੈ| ਇਸ ਵਿੱਚ ਸੋਸ਼ਲ ਮੀਡੀਆ ਅਤੇ ਅਫਵਾਹਾਂ ਦੀ ਵੀ ਵੱਡੀ ਭੂਮਿਕਾ ਹੁੰਦੀ ਹੈ| ਕੁੱਝ ਦਿਨ ਪਹਿਲਾਂ ਛੱਤੀਸਗੜ ਦੇ ਸਰਗੁਜਾ ਵਿੱਚ ਅਫਵਾਹ ਫੈਲੀ ਕਿ ਕੁੱਝ ਲੋਕ ਬੱਚੇ ਚੋਰੀ ਕਰਕੇ, ਉਨ੍ਹਾਂ ਦੀ ਕਿਡਨੀ ਵੇਚ ਦਿੰਦੇ ਹਨ| ਇਸ ਅਫਵਾਹ ਦਾ ਸ਼ਿਕਾਰ ਇੱਕ ਨੌਜਵਾਨ ਹੋ ਗਿਆ, ਜਿਸਨੂੰ ਭੀੜ ਨੇ ਬੱਚਾ ਚੋਰ ਸਮਝ ਕੇ ਖੂਬ ਕੁੱਟਿਆ | ਇਸੇ ਤਰ੍ਹਾਂ ਜੂਨ ਦੇ ਪਹਿਲੇ ਹਫ਼ਤੇ ਵਿੱਚ ਬੱਚਾ ਚੋਰੀ ਦੇ ਸ਼ੱਕ ਵਿੱਚ ਹੀ ਅਸਮ ਦੇ ਕਾਰਬੀ ਆਂਗਲਾਂਗ ਵਿੱਚ ਦੋ ਨੌਜਵਾਨਾਂ ਦੀ ਭੀੜ ਨੇ ਕੁੱਟ ਕੁੱਟ ਕੇ ਹੱਤਿਆ ਕਰ ਦਿੱਤੀ| ਦਰਅਸਲ ਇੱਥੇ ਪਿਛਲੇ ਕੁੱਝ ਦਿਨਾਂ ਤੋਂ ਸੋਸ਼ਲ ਮੀਡੀਆ ਤੇ ਅਫਵਾਹ ਚੱਲ ਰਹੀ ਸੀ ਕਿ ਸੋਪਿਆ ਧੋਰਾ ਮਤਲਬ ਬੱਚਿਆਂ ਨੂੰ ਚੁੱਕਣ ਵਾਲਾ ਗਰੋਹ ਸਰਗਰਮ ਹੈ|
ਅਭਿਜੀਤ ਅਤੇ ਨੀਲੋਤਪਲ ਨਾਮਕ ਇਹ ਨੌਜਵਾਨ ਗੁਵਾਹਾਟੀ ਤੋਂ ਕਾਰਬੀ ਆਂਗਲਾਂਗ ਆਏ ਹੋਏ ਸਨ , ਉਹ ਇੱਥੇ ਕੰਗਥਿਲਾਂਗਸੁ ਨਾਮ ਦੀ ਜਗ੍ਹਾ ਵਿੱਚ ਝਰਨੇ ਤੋਂ ਸੁੰਦਰ ਮੱਛੀਆਂ ਨੂੰ ਫੜਨ ਆਏ ਹੋਏ ਸਨ| ਇਨ੍ਹਾਂ ਦੋਵਾਂ ਦੇ ਨਾਲ ਕੋਈ ਲੋਕਲ ਗਾਈਡ ਨਹੀਂ ਸੀ ਅਤੇ ਇੱਕ ਜਗ੍ਹਾ ਇਨ੍ਹਾਂ ਨੇ ਪਿੰਡ ਵਾਸੀਆਂ ਤੋਂ ਰਸਤਾ ਪੁੱਛਿਆ ਸੀ| ਜਿਸਦੇ ਨਾਲ ਪਿੰਡ ਵਾਸੀਆਂ ਨੂੰ ਇਨ੍ਹਾਂ ਦੇ ਬਾਹਰੀ ਹੋਣ ਦਾ ਸ਼ੱਕ ਹੋਇਆ| ਅਫਵਾਹ ਵਿੱਚ ਕਾਲੀ ਕਾਰ ਦਾ ਜਿਕਰ ਸੀ, ਤਾਂ ਕਾਲੇ ਰੰਗ ਦੀ ਸਕਾਰਪਿਓ ਵਿੱਚ ਸਵਾਰ ਇਨ੍ਹਾਂ ਦੋਵਾਂ ਨੌਜਵਾਨਾਂ ਤੇ ਪਿੰਡ ਵਾਸੀਆਂ ਦਾ ਸ਼ੱਕ ਹੋਰ ਗਹਿਰਾਇਆ, ਜਿਸ ਤੋਂ ਬਾਅਦ ਭੀੜ ਇਕੱਠੀ ਕੀਤੀ ਗਈ ਅਤੇ ਇਹਨਾਂ ਦੀ ਕਾਰ ਨੂੰ ਰੋਕ ਕੇ ਉਨ੍ਹਾਂ ਨੂੰ ਉਤਾਰ ਕੇ ਕੁੱਟਿਆ ਗਿਆ| ਇਸ ਘਟਨਾ ਦਾ ਵੀਡੀਓ ਵੀ ਸੋਸ਼ਲ ਮੀਡੀਆ ਤੇ ਚੱਲੀ, ਜਿਸ ਵਿੱਚ ਦੋਵੇਂ ਨੌਜਵਾਨ ਖੁਦ ਨੂੰ ਅਸਮਿਆ ਦੱਸਦੇ ਹੋਏ ਜਾਨ ਦੀ ਭੀਖ ਮੰਗ ਰਹੇ ਹਨ ਪਰ ਭੀੜ ਉਨ੍ਹਾਂ ਨੂੰ ਮਾਰਨਾ ਨਹੀਂ ਛੱਡ ਰਹੀ|
ਇਸ ਘਟਨਾ ਤੋਂ ਬਾਅਦ ਮੁੱਖ ਮੰਤਰੀ ਸਰਵਾਨੰਦ ਸੋਨੋਵਾਲ ਨੇ ਅਫਵਾਹਾਂ ਤੇ ਧਿਆਨ ਨਾ ਦੇਣ ਦੀ ਅਪੀਲ ਕੀਤੀ ਹੈ| ਜੂਨ ਵਿੱਚ ਹੀ ਪੀਐਮਓ ਨੇ ਗ੍ਰਹਿਮੰਤਰਾਲੇ ਨੂੰ ਨਿਰਦੇਸ਼ ਦਿੱਤੇ ਸਨ ਕਿ ਸੋਸ਼ਲ ਮੀਡੀਆ ਦਾ ਉਪਯੋਗ ਕਰਕੇ ਅਫਵਾਹ ਅਤੇ ਦਹਿਸ਼ਤ ਫੈਲਾਉਣ ਵਾਲਿਆਂ ਦੇ ਖਿਲਾਫ ਸਖ਼ਤ ਕਾਨੂੰਨ ਬਣਾਏ ਜਾਣ| ਪੀਐਮਓ ਨੂੰ ਇਹ ਦਖਲਅੰਦਾਜੀ ਬੱਚਾ ਚੋਰੀ ਦੀ ਅਫਵਾਹ, ਫਿਰਕੂ ਤਨਾਓ ਅਤੇ ਨੌਜਵਾਨਾਂ ਨੂੰ ਵਰਗਲਾ ਕੇ ਅੱਤਵਾਦ ਵੱਲ ਧੱਕਣ ਦੀਆਂ ਵੱਧਦੀਆਂ ਘਟਨਾਵਾਂ ਤੋਂ ਬਾਅਦ ਕਰਨਾ ਪਿਆ ਸੀ| ਪਿਛਲੇ ਮਹੀਨੇ ਹੀ ਤਮਿਨਲਾਡੂ, ਤੇਲੰਗਾਨਾ ਅਤੇ ਆਂਧਰਪ੍ਰਦੇਸ਼ ਵਿੱਚ ਬੱਚਾ ਚੋਰ ਗਰੋਹ ਦੇ ਸਰਗਰਮ ਹੋਣ ਦੀ ਅਫਵਾਹ ਸੋਸ਼ਲ ਮੀਡੀਆ ਤੇ ਫੈਲੀ ਸੀ|
ਜਿਸ ਤੋਂ ਬਾਅਦ ਘੱਟ ਤੋਂ ਘੱਟ ਛੇ ਵਿਅਕਤੀਆਂ ਦੀ ਵੱਖ – ਵੱਖ ਥਾਵਾਂ ਤੇ ਭੀੜ ਨੇ ਹੱਤਿਆ ਕਰ ਦਿੱਤੀ| ਅਜਿਹੀਆਂ ਅਫਵਾਹਾਂ ਦਾ ਆਸਾਨ ਸ਼ਿਕਾਰ ਘੱਟ ਗਿਣਤੀ ਅਤੇ ਸਮਾਜਿਕ, ਆਰਥਿਕ ਰੂਪ ਨਾਲ ਕਮਜੋਰ ਲੋਕ ਹੀ ਜ਼ਿਆਦਾ ਬਣਦੇ ਹਨ| ਅਫਵਾਹਾਂ ਦਾ ਬਾਜ਼ਾਰ ਭਾਰਤ ਵਿੱਚ ਹਮੇਸ਼ਾ ਹੀ ਗਰਮ ਰਹਿੰਦਾ ਹੈ| ਯਾਦ ਕਰੋ ਪਿਛਲੇ ਸਾਲ ਕਿਵੇਂ ਗੁੱਤ ਕੱਟਣ ਦੀ ਅਫਵਾਹ ਚੱਲ ਪਈ ਸੀ ਅਤੇ ਉਸਦੇ ਕਾਰਨ ਕਈ ਲੋਕਾਂ ਨੂੰ ਬੇਮੌਤ ਮਰਨਾ ਪਿਆ ਸੀ | ਗਣੇਸ਼ਜੀ ਦੇ ਦੁੱਧ ਪੀਣ ਤੋਂ ਲੈ ਕੇ ਬੱਚਾ ਚੋਰ ਗਰੋਹ ਦਾ ਝੂਠ ਫੈਲਾਉਣ ਤੱਕ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਹਿੰਦੁਸਤਾਨ ਵਰਗੇ ਸੰਘਣੇ ਆਬਾਦੀ ਵਾਲੇ ਦੇਸ਼ ਵਿੱਚ ਅਫਵਾਹਾਂ ਬੜੀ ਆਸਾਨੀ ਨਾਲ ਫੈਲਾਈਆਂ ਜਾ ਸਕਦੀਆਂ ਹਨ, ਬਸ ਉਸਦੇ ਲਈ ਤਗੜਾ ਗਿਰੋਹ ਅਤੇ ਸੰਚਾਰ ਦੇ ਆਧੁਨਿਕ ਉਪਕਰਨ ਹੋਣੇ ਚਾਹੀਦੇ ਹਨ|
ਮੋਦੀ ਸਰਕਾਰ ਡਿਜੀਟਲ ਇੰਡੀਆ ਦੀ ਗੱਲ ਕਰਦੀ ਹੈ| ਪਰੰਤੂ ਇਸ ਵਿੱਚ ਸੁਰੱਖਿਆ ਦਾ ਪਹਿਲੂ ਬਿਲਕੁੱਲ ਹੀ ਨਜਰਅੰਦਾਜ ਹੋ ਰਿਹਾ ਹੈ| ਸਰਕਾਰ ਕਹਿ ਰਹੀ ਹੈ ਕਿ ਕਾਨੂੰਨ ਸਖਤ ਕਰੇਗੀ ਪਰੰਤੂ ਇਹ ਕਦੋਂ ਅਤੇ ਕਿਵੇਂ ਹੋਵੇਗਾ, ਇਸਦੀ ਕੋਈ ਰੂਪ ਰੇਖਾ ਨਜ਼ਰ ਨਹੀਂ ਆ ਰਹੀ| ਸਾਈਬਰ ਕ੍ਰਾਈਮ ਰੋਕਣ ਦਾ ਤਰੀਕਾ ਜਦੋਂ ਤੱਕ ਸਾਡੀ ਪੁਲੀਸ ਨੂੰ ਸਿਖਾਇਆ ਜਾਵੇਗਾ ਉਦੋਂ ਤੱਕ ਸਾਈਬਰ ਜਗਤ ਦੇ ਅਪਰਾਧੀ ਕੁੱਝ ਹੋਰ ਖਤਰਨਾਕ ਹੋ ਚੁੱਕੇ ਹੋਣਗੇ| ਸਾਈਬਰ ਅਪਰਾਧਾਂ ਤੇ ਪੁਲੀਸ ਰੋਕ ਕਿਵੇਂ ਲਗਾਏ, ਜਦੋਂ ਉਹ ਅਫਵਾਹਾਂ ਨੂੰ ਹੀ ਨਹੀਂ ਰੋਕ ਪਾ ਰਹੇ ਹਨ|
ਕਪਿਲ ਮਹਿਤਾ

Leave a Reply

Your email address will not be published. Required fields are marked *