ਕਿਵੇਂ ਮੁੜ ਖੜਾ ਹੋ ਸਕਦਾ ਹੈ ਪੰਜਾਬ?


ਪੰਜਾਬ ਗੰਭੀਰ ਸੰਕਟ ਦਾ ਸ਼ਿਕਾਰ ਹੈ| ਇਹ ਸੰਕਟ ਕਿਸੇ ਇੱਕ ਖੇਤਰ ਤੱਕ ਸੀਮਤ ਨਹੀਂ, ਸਗੋਂ ਵੱਖ ਵੱਖ ਖੇਤਰਾਂ ਤੱਕ ਫੈਲਿਆ ਹੋਇਆ ਹੈ| ਪੰਜਾਬ ਜਿਹੜਾ ਕਿਸੇ ਵਕਤ ਹਰ ਖੇਤਰ ਵਿੱਚ ਮੋਹਰੀ ਰਾਜ ਹੁੰਦਾ ਸੀ, ਹੁਣ ਪਿਛੜੇਪਣ ਵੱਲ ਵੱਧ ਰਿਹਾ ਹੈ|  ਇਸ ਸੰਕਟ ਗ੍ਰਸਤ ਸਥਿਤੀ ਲਈ ਕੋਈ ਇੱਕ ਵਿਅਕਤੀ, ਇੱਕ ਰਾਜਸੀ ਪਾਰਟੀ, ਇੱਕ ਸਮਾਜਿਕ ਸੰਸਥਾ ਜਾਂ ਇੱਕ ਵਿਸ਼ੇਸ਼ ਖਿੱਤਾ ਜਿੰਮੇਵਾਰ ਨਹੀਂ ਬਲਕਿ ਪੰਜਾਬ ਦਾ ਹਰ ਇੱਕ ਵਾਸੀ ਜਿੰਮੇਵਾਰ ਹੈ| ਇਸ ਸਾਰੇ ਵਰਤਾਰੇ ਨੂੰ ਮੂਕ ਦਰਸ਼ਕ ਬਣ ਕੇ ਦੇਖਣ ਵਾਲੇ ਵੀ ਉਨੇ ਹੀ   ਜਿੰਮੇਵਾਰ ਹਨ, ਜਿੰਨੀਆਂ ਕਿ ਇਸ ਨੂੰ ਪੈਦਾ ਕਰਨ ਵਾਲੀਆਂ ਸ਼ਕਤੀਆਂ|
ਪੰਜਾਬ ਕਿਹੜੇ ਸੰਕਟਾਂ ਨਾਲ ਜੂਝ ਰਿਹਾ ਹੈ, ਇਸ ਸਭ ਤੋਂ ਅਸੀ ਸਾਰੇ ਜਾਣੂ ਹਾਂ, ਲੇਖਾਂ, ਭਾਸ਼ਣਾਂ ਰਾਹੀ ਅਸੀਂ ਸਾਰੇ ਹਲਾਤਾਂ, ਸੰਕਟਾਂ ਉੱਤੇ ਤਾਂ  ਝਾਤ ਮਾਰਦੇ ਹਾਂ ਪਰ ਉਸਦੇ ਢੁਕਵੇਂ ਹੱਲਾਂ ਬਾਰੇ ਗਹਿਰਾਈ ਨਾਲ ਵਿਚਾਰ ਨਹੀਂ  ਕਰਦੇ| ਪੰਜਾਬ ਦੇ ਮੌਜੂਦਾ ਹਾਲਾਤਾਂ ਦੇ ਜਿਆਦਾਤਰ ਜਿੰਮੇਵਾਰ ਅਸੀਂ ਸਰਕਾਰਾਂ ਜਾਂ ਰਾਜਨੀਤਿਕ ਪਾਰਟੀਆਂ ਨੂੰ ਠਹਿਰਾਉਂਦੇ ਹਾਂ| ਜੋ ਬਹੁਤ ਹੱਦ ਤੱਕ ਠੀਕ ਹੈ, ਪਰ ਕਹਿੰਦੇ ਹਨ ਕਿ ”ਡੱਕੇ ਮਾਰਨ ਰੋੜਣੋ ਸੋਮਾਂ ਏਹਦਾ  ਮਾਰ” ਕਹਿਣ ਤੋਂ ਭਾਵ ਕਿ ਖੇਤਾਂ ਵਿੱਚੋਂ ਜਦੋਂ ਪਾਣੀ ਟੁੱਟਦਾ ਤਾਂ ਜੱਟ ਪਹਿਲਾਂ ਇਹ ਦੇਖਦਾ ਹੈ ਕਿ ਸੀਰ ਕਿੱਥੇ ਪੈ ਰਹੀ ਹੈ| ਬਿਲਕੁਲ ਇਸੇ ਤਰ੍ਹਾਂ ਸਰਕਾਰਾਂ ਤੋਂ ਪਹਿਲਾਂ ਆਮ ਜਨਤਾ ਜਿੰਮੇਵਾਰ ਹੈ ਕਿਉਂਕਿ ਸਰਕਾਰਾਂ ਨੂੰ ਬਣਾਉਣ ਦਾ ਜਿੰਮਾ ਤਾਂ ਸਾਡੇ ਮੋਢਿਆਂ ਉੱਤੇ ਸੀ, ਇਹ ਜਨਤਾ ਦਾ ਫਰਜ ਬਣਦਾ ਹੈ ਕਿ ਵੋਟਾਂ ਦੇ ਦਿਨਾਂ ਵਿੱਚ ਮਦਹੋਸ਼ ਹੋ ਕੇ ਨਹੀਂ ਬਲਕਿ ਹੋਸ਼ ਵਿੱਚ ਰਹਿ ਕੇ ਵੋਟ ਦੇ ਅਧਿਕਾਰ ਦਾ ਇਸਤੇਮਾਲ ਕੀਤਾ ਜਾਵੇ| ਵੋਟਾਂ ਸਮੇਂ ਤਾਂ ਅਸੀਂ ਇੱਕ ਸ਼ਰਾਬ ਦੀ ਬੋਤਲ ਪਿੱਛੇ ਆਪਣੀ ਜਮੀਰ ਵੇਚਣ ਲਈ ਤਿਆਰ ਹੋ ਜਾਂਦੇ ਹਾਂ, ਬਜਾਏ ਇਹ ਸੋਚਣ ਦੇ ਕਿ ਜੋ ਸਰਕਾਰ ਬਨਣ ਤੋਂ ਪਹਿਲਾਂ ਨਸ਼ਾ ਫੈਲਾਅ ਰਹੇ ਹਨ, ਸਰਕਾਰ ਬਨਣ ਤੋਂ ਬਾਅਦ ਉਹਨਾਂ ਤੋਂ ਕੀ ਉਮੀਦ ਕੀਤੀ ਜਾ ਸਕਦੀ ਹੈ| ਸੋ ਸਭ ਤੋਂ ਪਹਿਲਾਂ ਤਾਂ ਸਾਨੂੰ ਸਾਰਿਆਂ ਨੂੰ ਚਾਹੀਦਾ ਹੈ ਕਿ ਅਸੀਂ ਵੋਟ ਦੇ ਅਧਿਕਾਰ ਦਾ               ਇਸਤੇਮਾਲ ਬਹੁਤ ਹੀ ਸੰਜੀਦਗੀ ਅਤੇ ਜਿੰਮੇਵਾਰ ਨਾਗਰਿਕ ਦੀ ਤਰ੍ਹਾਂ                ਕਰੀਏ|
ਜਨਤਾ ਤੋਂ ਬਾਅਦ ਜੇਕਰ ਗੱਲ ਕੀਤੀ ਜਾਵੇ ਸਰਕਾਰਾਂ ਦੀ ਤਾਂ ਪਾਰਟੀਆਂ ਨੂੰ ਬਹੁਤ ਸੰਜੀਦਗੀ ਨਾਲ ਵਿਚਾਰ ਕੇ ਆਪਣੇ ਪਾਰਟੀ ਦੇ ਨੁਮਾਇੰਦੇ ਚੁਣਨੇ ਚਾਹੀਦੇ ਹਨ, ਕਿਉਂਕਿ ਜੇਕਰ ਮੈਂ ਗਲਤ ਨਾ ਹੋਵਾਂ ਤਾਂ ਪੰਜਾਬ ਦੀਆਂ ਵੱਡੀਆਂ ਤੋਂ ਲੈ ਕੇ ਛੋਟੀਆਂ ਪਾਰਟੀਆਂ ਤੱਕ ਬਹੁਤਾਤ ਮੈਂਬਰ ਬਹੁਤ ਘੱਟ ਪੜੇ ਹਨ| ਸ਼ਾਇਦ ਜਿਨ੍ਹਾਂ ਨੂੰ ਰਾਜਨੀਤੀ ਦੇ ਮੁੱਢਲੇ ਸਿਧਾਂਤਾਂ ਬਾਰੇ ਵੀ ਜਾਣਕਾਰੀ ਨਾ ਹੋਵੇ| ਜੇਕਰ ਅਸੀਂ ਪੰਜਾਬ ਨੂੰ ਮੁੜ ਸੁਰਜੀਤ ਕਰਨਾ ਚਾਹੁੰਦੇ ਹਾਂ ਤਾਂ ਇਹ ਯਕੀਨੀ ਬਣਾਉਣਾ ਪਵੇਗਾ ਕਿ ਸਾਡਾ ਪੰਜਾਬ ਅਨਪੜ ਤੇ ਗਵਾਰ ਨੇਤਾਵਾਂ ਦੇ ਹੱਥ ਵਿੱਚ ਨਹੀਂ ਬਲਕਿ ਪੜੇ        ਲਿਖੇ, ਮਾਹਿਰ, ਸੂਝਵਾਨ, ਤਰਕਸ਼ੀਲ ਅਤੇ ਵਿਦਵਾਨਾਂ ਦੇ ਹੱਥ ਵਿੱਚ               ਹੋਵੇ|
ਅਸੀਂ ਦੇਖਦੇ ਹਾਂ ਸਾਡੇ ਬਹੁਤ ਸਾਰੇ ਨੌਜਵਾਨ ਮੁੰਡੇ ਕੁੜੀਆਂ ਜੋ ਪੰਜਾਬ ਵਿੱਚ ਪਾਣੀ ਦਾ ਗਿਲਾਸ ਤੱਕ ਨਹੀਂ ਸਨ ਫੜਦੇ, ਵਿਦੇਸ਼ ਜਾ ਦੂਹਰੀਆਂ ਦੂਹਰੀਆਂ ਸਿਫਟਾਂ ਲਗਾਉਂਦੇ ਹਨ| ਹੁਣ ਇੱਥੇ ਸਵਾਲ ਇਹ ਹੈ ਕਿ ਅਜਿਹਾ ਕੀ ਹੈ ਜੋ ਭੰਨ ਕੇ ਡੱਕਾ ਦੂਹਰਾ ਨਾ ਕਰਨ ਵਾਲੇ ਨੌਜਵਾਨ ਵੀ ਕੰਮ ਕਰਨ ਲੱਗ ਜਾਂਦੇ ਹਨ| ਇਸ ਦਾ ਬਹੁਤ ਹੀ ਸਰਲ ਜਿਹਾ ਉੱਤਰ ਹੈ ”ਅਨੁਸ਼ਾਸਨ” ਬਾਹਰਲੇ ਮੁਲਕਾਂ ਵਿੱਚ ਹਰ ਜਗ਼੍ਹਾ ਅਨੁਸ਼ਾਸਨ ਹੈ| ਹਰ ਕੰਮ ਅਨੁਸ਼ਾਸਨਮਈ ਤਰੀਕੇ ਨਾਲ ਕੀਤਾ ਜਾਂਦਾ ਹੈ| ਸਾਡੇ ਨੌਜਵਾਨਾਂ ਨੂੰ ਨਾ ਚਾਹੁੰਦੇ ਹੋਏ ਵੀ ਅਨੁਸ਼ਾਸਨ ਵਿੱਚ ਰਹਿ ਕੇ ਕੰਮ ਕਰਨਾ ਪੈਂਦਾ ਹੈ| ਕਾਨੂੰਨਾਂ ਦੀ ਪਾਲਣਾ ਕਰਨੀ ਹੀ ਪਵੇਗੀ           ਭਾਵੇਂ ਪਿਆਰ ਨਾਲ ਜਾਂ ਫਿਰ ਡੰਡੇ ਨਾਲ| ਸਾਡੇ ਭਾਰਤੀ ਸਿਸਟਮ ਵਾਂਗ ਨਹੀਂ ਕਿ ਲਾਲ ਬੱਤੀ ਤੇ ਵਾਹਨ ਨਾ ਰੋਕਣ ਦੀ ਸਜ਼ਾ ਸਿਰਫ 100 ਰੁਪਿਆ ਹੋਵੇਗੀ| ਦੂਸਰੀ ਗੱਲ ਵਿਅਕਤੀ ਦੀ ਮਿਹਨਤ ਦਾ ਮੁੱਲ ਪੈਂਦਾ ਹੈ| ਸੋ ਜੇਕਰ ਅਸੀਂ ਚਾਹੁੰਦੇ ਹਾਂ ਕਿ ਪੰਜਾਬ ਦੀ ਰੌਣਕ ਪੰਜਾਬ ਵਿੱਚ ਰਹੇ ਤਾਂ ਸਾਨੂੰ ਹਰ ਕੰਮ ਨੂੰ ਅਨੁਸ਼ਾਸਨਮਈ ਬਣਾਉਣਾ ਪਵੇਗਾ| ਕਾਨੂੰਨਾਂ ਨੂੰ ਅਮਲੀ ਰੂਪ ਦੇਣਾ ਪਵੇਗਾ| ਨੌਜਵਾਨਾਂ ਲਈ ਅਜਿਹੀਆਂ ਸਹੂਲਤਾਂ ਪ੍ਰਦਾਨ ਕਰਨੀਆਂ ਪੈਣਗੀਆਂ| ਵੱਧ ਤੋਂ ਵੱਧ ਉਦਯੋਗ ਸਥਾਪਿਤ ਕੀਤੇ ਜਾਣ|                ਜੇਕਰ ਪਿਛਲੇ ਕੁਝ ਮੇਂ ਵੱਲ ਝਾਤ ਮਾਰੀਏ ਤਾਂ ਪੰਜਾਬ ਦੇ ਲੁਧਿਆਣਾ ਸ਼ਹਿਰ ਵਿੱਚ 150 ਫੈਕਟਰੀਆਂ ਬੰਦ ਹੋ ਚੁੱਕੀਆਂ ਹਨ| ਅੰਮ੍ਰਿਤਸਰ ਵਿੱਚ ਕਿਸੇ ਸਮੇਂ 110 ਟੈਕਸਟਾਈਲ ਇੰਡਸਟਰੀਜ਼ ਸਨ ਜਿਨ੍ਹਾਂ ਦੀ ਮੌਜੂਦਾ ਸਮੇਂ ਵਿੱਚ ਗਿਣਤੀ ਸਿਰਫ 20 ਹੈ| ਪੰਜਾਬ ਨਿਰਮਾਣਕਰਤਾ ਤੋਂ ਖਪਤਕਾਰ ਬਣ ਚੁੱਕਾ ਹੈ| ਜੋ ਪੰਜਾਬ ਦੀ ਤਰੱਕੀ ਲਈ ਸੁਖਾਵਾਂ ਨਹੀਂ ਹੈ|
ਇਸਤੋਂ ਇਲਾਵਾ ਜੋ ਪੰਜਾਬ ਦੀ ਜਵਾਨੀ ਅਤੇ ਪੰਜਾਬ ਨੂੰ ਮੁੜ ਪੱਬਾਂ ਭਾਰ ਖੜਾ ਕਰਨ ਵਿੱਚ ਆਪਣਾ ਯੋਗਦਾਨ ਪਾ ਸਕਦਾ ਹੈ, ਉਹ ਹੈ ਸਾਡਾ ਪੰਜਾਬੀ ਸਾਹਿਤ| ਪਰਿਵਾਰ ਤੋਂ ਸ਼ੁਰੂਆਤ ਕਰਕੇ ਸਕੂਲਾਂ, ਕਾਲਜਾਂ, ਯੂਨੀਵਰਸਿਟੀਆਂ ਹਰ ਇੱਕ ਦੀ ਪਹਿਲੀ ਕੋਸ਼ਿਸ਼ ਨੌਜਵਾਨਾਂ ਵਿੱਚ ਸਾਹਿਤ ਨੂੰ  ਪੜਨ ਦੀ ਰੁਚੀ ਨੂੰ ਪੈਦਾ  ਕਰਨਾ ਹੋਵੇ| ਇਹ ਮੇਰਾ ਨਿੱਜੀ ਤਜੁਰਬਾ ਹੈ ਕਿ ਸਾਹਿਤ, ਕਿਤਾਬਾਂ ਨਾਲ ਜੁੜਿਆ ਵਿਅਕਤੀ ਇੱਕ ਜਿੰਮੇਵਾਰ ਨਾਗਰਿਕ ਹੋ ਨਿਬੜਦਾ ਹੈ| ਜਿਨ੍ਹਾਂ ਵੀ ਹਲਾਤਾਂ ਬਾਰੇ ਚਰਚਾ ਕਰਨ ਦਾ ਯਤਨ ਕੀਤਾ ਇਹ ਪੰਜਾਬ ਦੀ ਜਮੀਨੀ ਹਕੀਕਤ ਹੈ ਅਤੇ ਇਸਤੋਂ ਅਸੀਂ ਮੂੰਹ ਨਹੀਂ ਮੋੜ ਸਕਦੇ, ਜਰੂਰਤ ਹੈ ਤਾਂ ਆਪਣਾ ਮੁਹਾਵਣਾ ਮੋੜਨ ਦੀ| ਪੰਜਾਬ ਦੀ ਤੜਫਦੀ ਰੂਹ ਨੂੰ ਸ਼ਾਂਤੀ ਉਦੋਂ ਹੀ ਮਿਲੇਗੀ ਜਦੋਂ ਪੰਜਾਬ ਫਿਰ ਤੋਂ ਖੁਸ਼ਹਾਲ ਹੋਵੇਗਾ ਬਿੱਲਕੁਲ ਉਦਾਂ ਜਿਵੇ ਇੱਕ ਬਜ਼ੁਰਗ ਬਾਬਾ ਆਪਣੇ ਪੋਤੇ ਪੋਤਰੀਆਂ ਤੇ ਬਾਗ ਪਰਿਵਾਰ ਨੂੰ ਹੱਸਦਾ ਵੱਸਦਾ ਵੇਖ ਖੁਸ਼ ਹੁੰਦਾ ਹੈ| ਪੰਜਾਬ ਦੀ ਵਿਲਕਦੀ ਰੂਹ ਨੂੰ ਸ਼ਾਂਤ ਕਰਨ ਲਈ ਪੰਜਾਬ ਦੀਆਂ ਸਾਰੀਆਂ ਧਿਰਾਂ ਨੂੰ ਰਾਜਸੀ ਲਾਲਸਾ, ਵੋਟ ਰਾਜਨੀਤੀ, ਸਵਾਰਥੀ ਲਾਭ ਤੋਂ ਉਪਰ ਉੱਠ ਕੇ ਪੂਰੀ ਸੂਝ ਬੂਝ ਨਾਲ ਵਿਚਾਰ ਕਰਨਾ ਚਾਹੀਦਾ ਹੈ ਅਤੇ ਬੇਤੁਕੇ ਬਿਆਨਾਂ, ਬਹਾਨੇਬਾਜ਼ੀ  ਤੋਂ ਲਾਂਭੇ ਹੋ  ਕੇ ਗੰਭੀਰ ਕਦਮ ਚੁੱਕਣੇ ਚਾਹੀਦੇ ਹਨ ਇਸ ਵਿੱਚ ਪੰਜਾਬ ਅਤੇ ਪੰਜਾਬੀਆਂ ਦਾ ਹੀ ਭਲਾ ਹੈ| ਪੰਜਾਬ ਨੂੰ ਮੁੜ ਪੈਰਾਂ ਤੇ ਖੜਾ ਕਰਨ ਲਈ ਸਾਨੂੰ ਸਾਰਿਆਂ ਨੂੰ ਇੱਕਜੁਟ ਹੋਕੇ ਹੰਭਲਾ ਮਾਰਨਾ ਪਵੇਗਾ|
ਹਰਕੀਰਤ ਕੌਰ ਸਭਰਾ
9779118066

Leave a Reply

Your email address will not be published. Required fields are marked *