ਕਿਵੇਂ ਸੁਧਰੇਗਾ ਚੋਰੀਆਂ ਕਰਦੇ ਅਤੇ ਭੀਖ ਮੰਗਦੇ ਬੱਚਿਆਂ ਦਾ ਬਚਪਨ

ਕਿਸੇ ਵੀ ਸ਼ਹਿਰ ਵਿੱਚ ਟ੍ਰੈਫਿਕ ਲਾਈਟਾਂ ਤੇ ਖੜ੍ਹੇ ਹੋਣ ਵਾਲੇ ਵਾਹਨਾਂ ਦੁਆਲੇ ਛੋਟੇ ਛੋਟੇ ਬੱਚਿਆਂ ਵਲੋਂ ਵਾਹਨ ਚਾਲਕਾਂ ਤੋਂ ਭੀਖ ਮੰਗਣ ਦੀ ਕਾਰਵਾਈ ਆਮ ਨਜਰ ਆ ਜਾਂਦੀ ਹੈ| ਇਹਨਾਂ ਬੱਚਿਆਂ ਨੂੰ ਜਾਂ ਤਾਂ ਉਹਨਾਂ ਦੇ ਆਪਣੇ ਹੀ ਪਰਿਵਾਰ ਵਾਲਿਆਂ ਵਲੋਂ ਇਸ ਦੀਨ ਹੀਨ ਹਾਲਤ ਵਿੱਚ ਭੀਖ ਮੰਗਣ ਲਈ ਮਜਬੂਰ ਕੀਤਾ ਜਾਂਦਾ ਹੈ ਜਾਂ ਫਿਰ ਇਹ ਇਹਨਾਂ ਬੱਚਿਆਂ ਦਾ ਕੋਈ ਵਾਲੀ ਵਾਰਿਸ ਨਾ ਹੋਣ ਕਾਰਨ ਉਹ ਕਿਸੇ ਅਜਿਹੇ ਗਿਰੋਹ ਦਾ ਹਿੱਸਾ ਬਣ ਚੁੱਕੇ ਹੁੰਦੇ ਹਨ ਜਿਸ ਵਲੋਂ ਛੋਟੇ ਛੋਟੇ ਬੱਚਿਆਂ ਤੋਂ ਭੀਖ ਮੰਗਣ ਅਤੇ ਚੋਰੀ ਚਕਾਰੀ ਕਰਵਾਉਣ ਦਾ ਕੰਮ ਕਰਵਾਇਆ ਜਾਂਦਾ ਹੈ| ਇਹ ਬੱਚੇ ਟ੍ਰੈਫਿਕ ਲਾਈਟਾਂ ਤੇ ਖੜ੍ਹੇ ਹੋਣ ਵਾਲੇ ਵਾਹਨਾਂ ਦੁਆਲੇ ਝੁਰਮਟ ਜਿਹਾ ਪਾ ਲੈਂਦੇ ਹਨ ਅਤੇ ਪੈਸੇ ਮੰਗਦੇ ਹਨ| ਅਕਸਰ ਲੋਕ ਇਹਨਾਂ ਬੱਚਿਆਂ ਤੇ ਤਰਸ ਖਾ ਕੇ ਉਹਨਾਂ ਨੂੰ ਕੁੱਝ ਨਾ ਕੁੱਝ ਦੇ ਵੀ ਜਾਂਦੇ ਹਨ ਅਤੇ ਇਸ ਤਰਾਂ ਇਹ ਬੱਚੇ ਸਾਰੇ ਦਿਨ ਵਿੱਚ ਕਿਸੇ ਆਮ ਮਜਦੂਰ ਨਾਲੋਂ ਵੀ ਜਿਆਦਾ ਦਿਹਾੜੀ ਪਾ ਲੈਂਦੇ ਹਨ|
ਬੱਸਾਂ ਅਤੇ ਰੇਲ ਗੱਡੀਆਂ ਵਿੱਚ ਵੀ ਅਜਿਹੇ ਛੋਟੇ ਬੱਚੇ ਆਮ ਦਿਖ ਜਾਂਦੇ ਹਨ ਜਿਹੜੇ ਹੋਰਨਾਂ ਸਵਾਰੀਆਂ ਤੋਂ ਭੀਖ ਮੰਗਦੇ ਹਨ| ਇਹਨਾਂ ਵਿਚੋਂ ਕਈ ਤਾਂ ਗੀਤ ਗਾ ਕੇ ਅਤੇ ਸੰਗੀਤ ਵਜਾ ਕੇ ਪੈਸੇ ਮੰਗਦੇ ਹਨ ਜਦੋਂਕਿ ਕਈ ਬੱਚੇ ਆਪਣੇ ਆਪ ਨੂੰ ਅਨਾਥ ਕਹਿ ਕੇ ਪੈਸੇ ਮੰਗਦੇ ਹਨ| ਅਜਿਹੇ ਅਨੇਕਾਂ ਹੀ ਬੱਚੇ, ਰੇਲ ਗੱਡੀਆਂ ਅਤੇ ਬੱਸਾਂ ਵਿਚ ਲੋਕਾਂ ਦੀਆਂ ਜੇਬਾਂ ਵਿੱਚੋਂ ਪਰਸ ਹੀ ਕੱਢ ਕੇ ਲੈ ਜਾਂਦੇ ਹਨ| ਇਸ ਕੰਮ ਲਈ ਇਹਨਾਂ ਬੱਚਿਆਂ ਨੂੰ ਵਿਸ਼ੇਸ਼ ਟ੍ਰੇਨਿੰਗ ਦਿੱਤੀ ਗਈ ਹੁੰਦੀ ਹੈ| ਜੇ ਇਹ ਬੱਚੇ ਫੜੇ ਜਾਣ ਤਾਂ ਉੱਚੀ ਉੱਚੀ ਰੋ ਕੇ ਅਸਮਾਣ ਸਿਰ ਤੇ ਚੁੱਕ ਲੈਂਦੇ ਹਨ ਅਤੇ ਮੌਕਾ ਦੇਖਦੇ ਹੀ ਭੱਜ ਜਾਂਦੇ ਹਨ|
ਇਹ ਬੱਚੇ ਵਿਆਹ ਸ਼ਾਦੀ ਵਾਲੇ ਘਰਾਂ ਵਿਚ ਵੀ ਪਹੁੰਚ ਜਾਂਦੇ ਹਨ ਅਤੇ ਮੁਫਤ ਦਾ ਖਾਣ ਪੀਣ ਦੇ ਨਾਲ ਹੀ ਕਈ ਵਾਰ ਗਹਿਣਿਆਂ ਵਾਲਾ ਬੈਗ ਅਤੇ ਸ਼ਗਨ ਦੇ ਪੈਸੇ ਇਕੱਠੇ ਕਰਨ ਵਾਲਾ ਬੈਗ ਹੀ ਲੈ ਕੇ ਰਫੂ ਚੱਕਰ ਹੋ ਜਾਂਦੇ ਹਨ| ਛੋਟੀ ਉਮਰ ਦੇ ਇਹਨਾਂ ਬੱਚਿਆਂ ਉਪਰ ਕੋਈ ਸ਼ੱਕ ਵੀ ਨਹੀਂ ਕਰਦਾ| ਮੈਰਿਜ ਪੈਲਿਸਾਂ ਵਿਚ ਵਿਆਹਾਂ ਮੌਕੇ ਜਦੋਂ ਸਾਰੇ ਬੇਧਿਆਨੇ ਹੋ ਜਾਂਦੇ ਹਨ ਅਤੇ ਉਹਨਾਂ ਦਾ ਧਿਆਨ ਖਾਣ ਪੀਣ ਜਾਂ ਨੱਚਣ ਵੱਲ ਹੁੰਦਾ ਹੈ ਤਾਂ ਇਹ ਬੱਚੇ ਮਲਕ ਜਿਹੇ ਹੀ ਗਹਿਣਿਆਂ ਅਤੇ ਪੈਸਿਆਂ ਵਾਲੇ ਬੈਗ ਲੈ ਕੇ ਗਾਇਬ ਹੋ ਜਾਂਦੇ ਹਨ|
ਅਜਿਹੇ ਵੱਡੀ ਗਿਣਤੀ ਬੱਚੇ ਗਲਤ ਰਾਹ ਪਏ ਹੁੰਦੇ ਹਨ| ਇਹ ਬੋਲਣ ਵੇਲੇ ਵੀ ਬਹੁਤ ਮਾੜਾ ਬੋਲਦੇ ਹਨ ਅਤੇ ਅੱਗਾ ਪਿੱਛਾ ਨਹੀਂ ਵੇਖਦੇ| ਇਹਨਾਂ ਕਾਰਨ ਕਈ ਵਾਰ ਲੜਾਈ ਝਗੜੇ ਵੀ ਹੋ ਜਾਂਦੇ ਹਨ ਪਰ ਇਹ ਬੱਚੇ ਆਪਣਾ ਕੰਮ ਕਰਕੇ ਖਿਸਕ ਜਾਂਦੇ ਹਨ| ਲੋਕ ਆਮ ਚਰਚਾ ਕਰਦੇ ਹਨ ਕਿ ਇਹ ਬੱਚੇ ਭੀਖ ਮੰਗਣ ਦੇ ਨਾਲ ਹੀ ਚੋਰੀਆਂ ਕਰਨ ਦਾ ਵੀ ਕੰਮ ਕਰਦੇ ਹਨ ਅਤੇ ਵੱਡੇ ਹੋਣ ਤੱਕ ਇਹ ਪੱਕੇ ਚੋਰ ਬਣ ਜਾਂਦੇ ਹਨ| ਇਹਨਾਂ ਨੂੰ ਜੇਬਾਂ ਕੱਟਣ ਦਾ ਖਾਸ ਹੁਨਰ ਸਿਖਾਇਆ ਜਾਂਦਾ ਹੈ ਅਤੇ ਕਿਸੇ ਨੂੰ ਪਤਾ ਹੀ ਨਹੀਂ ਚਲਦਾ ਕਿ ਇਹ ਬੱਚੇ ਤੁਰੇ ਜਾਂਦੇ ਬੰਦੇ ਦੀ ਕਦੋਂ ਜੇਬ ਕਟ ਲੈਂਦੇ ਹਨ| ਇਹਨਾਂ ਵਿੱਚੋਂ ਕਈ ਅਜਿਹੇ ਹਨ ਜਿਹੜੇ ਰੇਲ ਗੱਡੀਆਂ ਅਤੇ ਬੱਸਾਂ ਵਿਚ ਸਫਰ ਕਰਨ ਵਾਲੇ ਲੋਕਾਂ ਦਾ ਕੀਮਤੀ ਸਮਾਨ ਲੈ ਕੇ ਫਰਾਰ ਹੋ ਜਾਂਦੇ ਹਨ| ਲੋਕ ਤਾਂ ਇਹ ਵੀ ਕਹਿੰਦੇ ਹਨ ਕਿ ਇਹਨਾਂ ਭੀਖ ਮੰਗਣ ਵਾਲੇ ਲੋਕਾਂ ਦਾ ਪੂਰਾ ਗੈਂਗ ਹੁੰਦਾ ਹੈ ਅਤੇ ਇਹ ਬੱਚੇ ਭੀਖ ਮੰਗ ਕੇ ਸਾਰਾ ਦਿਨ ਜਿਹੜੇ ਪੈਸੇ ਇਕੱਠੇ ਕਰਦੇ ਹਨ ਉਹ ਦਿਨ ਢਲਦਿਆਂ ਹੀ ਆਪਣੇ ਅੱਡੇ ਤੇ ਪਹੁੰਚ ਕੇ ਆਪਣੇ ਮੁਖੀ ਦੇ ਹਵਾਲੇ ਕਰ ਦਿੰਦੇ ਹਨ| ਇਸ ਸੰਬੰਧੀ ਸ਼ਹਿਰਾਂ ਦੇ ਨਾਲ ਬਣੀਆਂ ਝੁੱਗੀ ਕਾਲੋਨੀਆਂ ਵਿੱਚ ਅਜਿਹੇ ਬੱਚਿਆਂ ਤੋਂ ਭੀਖ  ਮੰਗਵਾਉਣ ਅਤੇ ਉਹਨਾਂ ਤੋਂ ਚੋਰੀ ਚਕਾਰੀ ਕਰਨ ਵਾਲਿਆਂ ਦੇ ਬਾਕਾਇਦਾ ਗਿਰੋਹ ਬਣੇ ਹੁੰਦੇ ਹਨ ਜਿਹਨਾ ਵਲੋਂ ਇਸ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ|
ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਛੋਟੇ ਛੋਟੇ ਬੱਚਿਆਂ ਵਲੋਂ ਕੀਤੀ ਜਾਂਦੀ ਇਸ ਕਾਰਵਾਈ ਤੇ ਰੋਕ ਲਗਾਉਣ ਲਈ ਲੋੜੀਂਦੀ ਕਾਰਵਾਈ ਨੂੰ ਯਕੀਨੀ ਬਣਾਏ| ਇਸ ਸੰਬੰਧੀ ਭੀਖ ਮੰਗਣ ਵਾਲੇ ਇਹਨਾਂ ਬੱਚਿਆਂ ਨੂੰ ਇਸ ਕੰਮ ਤੋਂ ਹਟਾ ਕੇ ਉਹਨਾਂ ਨੂੰ ਕੁਝ ਮਹੀਨੇ ਸੁਧਾਰ ਘਰਾਂ ਵਿਚ ਰੱਖਿਆ ਜਾਣਾ ਚਾਹੀਦਾ ਹੈ ਅਤੇ ਉਹਨਾਂ ਦੀ ਸਿਖਿਆ ਅਤੇ ਖਾਣ ਪੀਣ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਤਾਂ ਜੋ ਇਹਨਾਂ ਬੱਚਿਆਂ ਨੂੰ ਗਲਤ ਰਾਹ ਤੇ ਜਾਣ ਤੋਂ ਰੋਕਿਆ ਜਾ ਸਕੇ ਅਤੇ ਉਹ ਵੀ ਚੰਗੇ ਇਨਸਾਨ ਬਣ ਸਕਣ|

Leave a Reply

Your email address will not be published. Required fields are marked *