ਕਿਵੇਂ ਸੁਧਰੇਗੀ ਆਸ਼ਰਮਾਂ ਵਿਚ ਰਹਿੰਦੀਆਂ ਲੜਕੀਆਂ ਦੀ ਹਾਲਾਤ

ਦਿੱਲੀ ਦੇ ਇੱਕ ਕਥਿਤ ਅਧਿਆਤਮਿਕ ਆਸ਼ਰਮ ਵਿੱਚ ਲੜਕੀਆਂ ਅਤੇ ਔਰਤਾਂ ਜਿਸ ਹਾਲਤ ਵਿੱਚ ਪਾਈਆਂ ਗਈਆਂ ਹਨ ਉਸ ਨਾਲ ਨਾ ਸਿਰਫ ਇਹਨਾਂ ਆਸ਼ਰਮਾਂ ਦੇ ਸੰਚਾਲਕਾਂ ਤੇ ਬਲਕਿ ਸਾਡੇ ਪ੍ਰਸ਼ਾਸ਼ਨਿਕ ਤੰਤਰ ਅਤੇ ਸਮਾਜ ਤੇ ਵੀ ਕਈ ਸਵਾਲ ਖੜੇ ਹੋ ਗਏ ਹਨ| ਜਿਸ ਤਰ੍ਹਾਂ ਉਨ੍ਹਾਂ ਨੂੰ ਸੱਤ ਤਾਲਿਆਂ ਦੇ ਪਿੱਛੇ ਅਣਮਨੁੱਖੀ ਹਲਾਤਾਂ ਵਿੱਚ ਰੱਖਿਆ ਜਾਂਦਾ ਸੀ, ਸਮਝਣਾ ਮੁਸ਼ਕਿਲ ਹੈ ਕਿ ਕੋਈ ਵੀ ਮਾਤਾ-ਪਿਤਾ ਆਪਣੀ ਬੱਚੀ ਨੂੰ ਇੱਥੇ ਰਹਿਣ ਕਿਵੇਂ ਭੇਜ ਸਕਦੇ ਹਨ| ਅੰਦਾਜਾ ਲਗਾਇਆ ਜਾ ਸਕਦਾ ਹੈ ਕਿ ਜਾਂ ਤਾਂ ਹਾਲਾਤ ਤੋਂ ਮਜਬੂਰ ਲੋਕ ਇਹ ਸੋਚ ਕੇ ਆਪਣੀ ਬੇਟੀਆਂ ਆਸ਼ਰਮ ਨੂੰ ਦੇ ਦਿੰਦੇ ਹੋਣਗੇ ਕਿ ਸਥਿਤੀਆਂ ਚਾਹੇ ਕਿੰਨੀਆਂ ਵੀ ਬੁਰੀਆਂ ਹੋਣ, ਆਸ਼ਰਮ ਵਿੱਚ ਉਨ੍ਹਾਂ ਦੀ ਜਿੰਦਗੀ ਘਰ ਤੋਂ ਤਾਂ ਬਿਹਤਰ ਹੀ ਰਹੇਗੀ| ਜਾਂ ਫਿਰ ਬੇਟੀਆਂ ਨੂੰ ਬੋਝ ਮੰਨਣ ਵਾਲੇ ਮਾਂ-ਬਾਪ ਇਸੇ ਤਰ੍ਹਾਂ ਉਨ੍ਹਾਂ ਤੋਂ ‘ਛੁਟਕਾਰਾ’ ਪਾ ਲੈਂਦੇ ਹੋਣਗੇ | ਸਭ ਤੋਂ ਵੱਡੀ ਗੱਲ ਇਹ ਕਿ ਇਸਦੇ ਅਸਲੀ ਕਾਰਨਾਂ ਦਾ ਪਤਾ ਲਗਾਉਣਾ ਸਰਕਾਰ ਅਤੇ ਅਦਾਲਤ ਲਈ ਵੀ ਕਾਫੀ ਮੁਸ਼ਕਿਲ ਹੋਵੇਗਾ, ਕਿਉਂਕਿ ਆਸ਼ਰਮ ਵਿੱਚ ਵੀ ਇਹਨਾਂ ਲੜਕੀਆਂ ਦਾ ਕੋਈ ਰਿਕਾਰਡ ਨਹੀਂ ਰੱਖਿਆ ਜਾਂਦਾ ਸੀ ਕਿ ਉਨ੍ਹਾਂ ਦੇ ਨਾਮ ਕੀ ਹਨ , ਮਾਂ- ਬਾਪ ਕੌਣ ਹਨ, ਇਹ ਕਿੱਥੋਂ ਆਈਆਂ ਹਨ ਜਾਂ ਲਿਆਈਆਂ ਗਈਆਂ ਹਨ ਅਤੇ ਕਦੋਂ ਇਨ੍ਹਾਂ ਨੂੰ ਲਿਆਇਆ ਗਿਆ ਸੀ| ਹਾਲ ਹੀ ਵਿੱਚ ਬਾਬਾ ਰਾਮ ਰਹੀਮ ਦੇ ਆਸ਼ਰਮ ਵਿੱਚ ਚੱਲ ਰਹੀਆਂ ਕਰਤੂਤਾਂ ਸਾਹਮਣੇ ਆਉਣ ਤੋਂ ਬਾਅਦ ਲੋਕ ਇੰਨੇ ਹੀ ਹੈਰਾਨ ਸਨ| ਪਰੰਤੂ ਉਸ ਬਾਬੇ ਦੇ ਚਰਚਾ ਵਿੱਚ ਆਉਣ ਦੀ ਹੋਰ ਵੀ ਵਜ੍ਹਾਂ ਸਨ| ਰਾਜਧਾਨੀ ਦੇ ਇਸ ਬਾਬਾ ਦਾ ਤਾਂ ਕਿਸੇ ਨੇ ਨਾਮ ਵੀ ਨਹੀਂ ਸੁਣਿਆ ਸੀ| ਦਿੱਲੀ ਮਹਿਲਾ ਕਮਿਸ਼ਨ ਦੀ ਪ੍ਰਧਾਨ ਸਵਾਤੀ ਮਾਲੀਵਾਲ ਅਤੇ ਦਿੱਲੀ ਹਾਈਕੋਰਟ ਨੇ ਜੇਕਰ ਵਿਸ਼ੇਸ਼ ਦਿਲਚਸਪੀ ਲੈ ਕੇ ਇਸ ਮਾਮਲੇ ਵਿੱਚ ਜਾਂਚ ਯਕੀਨੀ ਨਾ ਕੀਤੀ ਹੁੰਦੀ ਤਾਂ ਸ਼ਾਇਦ ਸਾਨੂੰ ਪਤਾ ਵੀ ਨਹੀਂ ਚੱਲਦਾ ਕਿ ਭਾਰਤ ਸਰਕਾਰ ਦੀ ਨੱਕ ਦੇ ਹੇਠਾਂ ਅਜਿਹੇ ਅੱਠ ਆਸ਼ਰਮ ਚੱਲ ਰਹੇ ਹਨ, ਜਿੱਥੇ ਮਨੁੱਖੀ ਅਧਿਕਾਰਾਂ ਦੀਆਂ ਇਸ ਕਦਰ ਧੱਜੀਆਂ ਉੜਾਈਆਂ ਜਾ ਰਹੀਆਂ ਹਨ| ਇਹ ਵੀ ਸੋਚਣ ਦੀ ਗੱਲ ਹੈ ਕਿ ਜਦੋਂ ਦੇਸ਼ ਦੀ ਰਾਜਧਾਨੀ ਦਾ ਇਹ ਆਲਮ ਹੈ ਤਾਂ ਦੇਸ਼ ਭਰ ਵਿੱਚ ਧਰਮ ਦੇ ਨਾਮ ਤੇ ਪਤਾ ਨਹੀਂ ਕਿੱਥੇ-ਕਿੱਥੇ ਲੜਕੀਆਂ ਦੀ ਕਿਵੇਂ ਦੀ- ਕਿਵੇਂ ਦੀ ਦੁਰਦਸ਼ਾ ਹੋ ਰਹੀ ਹੋਵੇਗੀ| ਕੀ ਸਰਕਾਰ ਦੇਸ਼ ਭਰ ਦੇ ਜਿਲ੍ਹੇ ਪ੍ਰਸ਼ਾਸਨਾਂ ਨੂੰ ਨਿਰਦੇਸ਼ ਦੇ ਕੇ ਅਜਿਹੇ ਤਮਾਮ ਆਸ਼ਰਮਾਂ ਤੋਂ ਇਹ ਜਾਣਕਾਰੀ ਲੈਣ ਦਾ ਕਸ਼ਟ ਕਰੇਗੀ ਕਿ ਉੱਥੇ ਕੌਣ – ਕੌਣ ਲੋਕ, ਕਿਸ ਹਾਲਾਤ ਵਿੱਚ, ਕਦੋਂ ਤੋਂ ਰਹਿ ਰਹੇ ਹਨ| ਅੱਜ ਜਦੋਂ ਦੇਸ਼ ਵਿੱਚ ਛੋਟਾ ਤੋਂ ਛੋਟਾ ਕੰਮ ਵੀ ਆਧਾਰ ਕਾਰਡ ਦੇ ਬਿਨਾਂ ਸੰਪੰਨ ਨਹੀਂ ਹੁੰਦਾ ਉਦੋਂ ਸਾਰੇ ਧਾਰਮਿਕ-ਆਤਮਿਕ ਕੇਂਦਰਾਂ ਦੇ ਸਥਾਈ ਨਿਵਾਸੀਆਂ ਦਾ ਆਧਾਰ ਕਾਰਡ ਨੰਬਰ ਨਜਦੀਕੀ ਥਾਣੇ ਵਿੱਚ ਦਰਜ ਹੋਣ ਦੀ ਵਿਵਸਥਾ ਕਿਉਂ ਨਹੀਂ ਬਣਾ ਸਕਦੀ|
ਵਰਿੰਦਰ ਸਿੰਘ

Leave a Reply

Your email address will not be published. Required fields are marked *