ਕਿਵੇਂ ਹੱਲ ਹੋਵੇ ਪਰਾਲੀ ਨੂੰ ਅੱਗ ਲਾਉਣ ਦੀ ਸਮੱਸਿਆ?

ਪੰਜਾਬ ਵਿੱਚ ਇਸ ਸਮੇਂ ਝੋਨੇ ਦੀ ਫਸਲ ਦੀ ਵਾਢੀ ਦਾ ਕੰਮ ਜੋਰਾਂ ਤੇ ਹੈ ਅਤੇ ਮੰਡੀਆਂ ਵਿੱਚ ਝੋਨਾ ਆਉਣ ਤੋਂ ਬਾਅਦ ਇਸਦੀ ਖਰੀਦ ਦਾ ਕੰਮ ਵੀ ਲਗਾਤਾਰ ਜੋਰ ਫੜ ਰਿਹਾ ਹੈ| ਅਗਲੇ ਕੁੱਝ ਦਿਨਾਂ ਦੌਰਾਨ ਪੰਜਾਬ ਦੇ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਝੋਨੇ ਦੀ ਕਟਾਈ ਦੇ ਕੰਮ ਮੁਕੰਮਲ ਹੋ ਜਾਣਾ ਹੈ ਅਤੇ ਫਿਰ ਉਹਨਾਂ ਨੇ ਝੋਨਾ ਵੇਚ ਕੇ ਕਮਾਏ ਪੈਸੇ ਸਾਂਭ ਕੇ ਪੂਰੀ ਤਰ੍ਹਾਂ ਵਿਹਲੇ ਹੋ ਜਾਣਾ ਹੈ| ਆਪਣੇ ਇਸ ਵਿਹਲੇ ਸਮੇਂ ਦੌਰਾਨ ਕਿਸਾਨਾਂ ਨੇ ਝੋਨੇ ਦੀ ਫਸਲ ਦੀ ਕਟਾਈ ਤੋਂ ਬਾਅਦ ਖੇਤਾਂ ਵਿੱਚ ਬਚੀ ਹੋਈ ਰਹਿੰਦ ਖੁਹੰਦ (ਪਰਾਲੀ) ਨੂੰ ਅੱਗ ਲਗਾ ਦੇਣੀ ਹੈ|
ਪਿਛਲੇ ਕਈ ਸਾਲਾਂ ਤੋਂ ਕਿਸਾਨਾਂ ਵਲੋਂ ਆਪਣੀਆਂ ਦੋਵੇਂ ਫਸਲਾਂ (ਕਣਕ ਅਤੇ ਝੋਨੇ) ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਜਿਸ ਕਾਰਨ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰਾ ਉਤਰੀ ਭਾਰਤ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਕਾਰਨ ਪੈਦਾ ਹੁੰਦੇ ਜਹਿਰੀਲੇ ਧੂਏਂ ਦੀ ਲਪੇਟ ਵਿੱਚ ਆ ਜਾਂਦਾ ਹੈ| ਇਸ ਜਹਿਰੀਲੇ ਧੂੰਏ ਦਾ ਇਸ ਪੂਰੇ ਖੇਤਰ ਦੇ ਇਨਸਾਨਾਂ ਉਪਰ ਬਹੁਤ ਮਾੜਾ ਅਸਰ ਹੁੰਦਾ ਹੈ ਅਤੇ ਵੱਡੀ ਗਿਣਤੀ ਲੋਕ ਇਸ ਜਹਿਰੀਲੇ ਧੂਏਂ ਕਾਰਨ ਕਈ ਤਰ੍ਹਾਂ ਦੀਆਂ ਬਿਮਾਰੀਆਂ ਦਾ ਸ਼ਿਕਾਰ ਹੁੰਦੇ ਹਨ| ਵਾਤਾਵਰਨ ਵਿੱਚ ਘੁਲਿਆ ਇਹ ਜਹਿਰੀਲਾ ਧੂਆਂ ਕਈ ਮਹੀਨਿਆਂ ਤਕ ਆਪਣਾ ਅਸਰ ਦਿਖਾਉਂਦਾ ਰਹਿੰਦਾ ਹੈ ਅਤੇ ਪਰਾਲੀ ਦੀ ਅੱਗ ਕਾਰਨ ਪੂਰੇ ਉਤਰੀ ਭਾਰਤ ਵਿੱਚ ਧੂੰਏਂ ਦੇ ਸੰਘਣੇ ਬੱਦਲ ਛਾਏ ਰਹਿੰਦੇ ਹਨ| ਕਿਸਾਨਾਂ ਵਲੋਂ ਖੇਤਾਂ ਵਿੱਚ ਪਰਾਲੀ ਨੂੰ ਅੱਗ ਲਗਾਉਣ ਦੀ ਇਸ ਕਾਰਵਾਈ ਨਾਲ ਖੇਤਾਂ ਵਿੱਚ ਰਹਿੰਦੇ ਜੀਵ ਜੰਤੂ ਵੀ ਜਿਉਂਦੇ ਹੀ ਸੜ ਜਾਂਦੇ ਹਨ|
ਕਿਸਾਨਾਂ ਵਲੋਂ ਫਸਲਾਂ ਦੀ ਇਸ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਇੱਕ ਵੱਡੀ ਸਮੱਸਿਆ ਦੇ ਰੂਪ ਵਿੱਚ ਉਭਰ ਕੇ ਸਾਮ੍ਹਣੇ ਆਈ ਹੈ| ਸਰਕਾਰ ਵਲੋਂ ਵੀ ਇਸ ਸਮੱਸਿਆ ਦੇ ਹਲ ਲਈ ਕਦਮ ਚੁੱਕੇ ਜਾ ਰਹੇ ਹਨ| ਇਸਦੇ ਤਹਿਤ ਸਰਕਾਰ ਵਲੋਂ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਵਾਹ ਦੇਣ ਲਈ ਲੋੜੀਂਦੀ ਮਸ਼ੀਨਰੀ ਸਬਸਿਡੀ ਉੱਪਰ ਮੁਹਈਆ ਕਰਵਾਈ ਜਾ ਰਹੀ ਹੈ| ਸਰਕਾਰ ਵਲੋਂ ਪਰਾਲੀ ਨੂ ੰਅੱਗ ਲਾਉਣ ਦੀ ਸਮੱਸਿਆ ਦੇ ਹਲ ਲਈ ਹੋਰ ਵੀ ਯਤਨ ਕੀਤੇ ਜਾ ਰਹੇ ਹਨ| ਇਸ ਸਬੰਧੀ ਸਰਕਾਰ ਵਲੋਂ ਕੈਂਪ ਲਗਾ ਕੇ ਕਿਸਾਨਾਂ ਨੂੰ ਜਾਗਰੂਕ ਵੀ ਕੀਤਾ ਜਾਂਦਾ ਹੈ| ਇਸਦੇ ਨਾਲ ਹੀ ਸਰਕਾਰ ਵਲੋਂ ਅਜਿਹੇ ਕਿਸਾਨਾਂ (ਜਿਹੜੇ ਕਿਸਾਨ ਪਰਾਲੀ ਨੂੰ ਅੱਗ ਲਾਉਂਦੇ ਹਨ) ਨੂੰ ਪੰਚਾਇਤੀ ਅਤੇ ਹੋਰ ਚੋਣਾਂ ਲੜਨ ਤੋਂ ਅਯੋਗ ਠਹਿਰਾਉਣ ਲਈ ਲੋੜੀਂਦੀ ਕਾਰਵਾਈ ਕਰਨ ਦੇ ਸੰਕੇਤ ਵੀ ਦਿੱਤੇ ਗਏ ਹਨ|
ਖੇਤੀ ਮਾਹਿਰਾਂ ਦਾ ਕਹਿਣਾ ਹੈ ਕਿ ਜੇ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿੱਚ ਹੀ ਵਾਹ ਦਿੱਤਾ ਜਾਵੇ ਤਾਂ ਇਹ ਪਰਾਲੀ ਅਗਲੀ ਫਸਲ ਲਈ ਖਾਦ ਦਾ ਕੰਮ ਦੇ ਦਿੰਦੀ ਹੈ, ਪਰ ਪੰਜਾਬ ਦੇ ਕਿਸਾਨ ਇਹ ਗੱਲ ਮੰਨਣ ਨੂੰ ਤਿਆਰ ਹੀ ਨਹੀਂ| ਪਰਾਲੀ ਨੂੰ ਖੇਤਾਂ ਵਿੱਚ ਵਾਹੁਣ ਲਈ ਵਰਤੀਆਂ ਜਾਣ ਵਾਲੀਆਂ ਮਸ਼ੀਨਾਂ ਤੇ ਸਬਸਿਡੀ ਮਿਲਣ ਦੇ ਬਾਵਜੂਦ ਕਿਸਾਨ ਇਹ ਮਸ਼ੀਨਰੀ ਖਰੀਦਣ ਲਈ ਤਿਆਰ ਨਹੀਂ ਦਿਖਦੇ| ਅਸਲ ਵਿੱਚ ਕਿਸਾਨ ਪਰਾਲੀ ਦੀ ਇਸ ਸਮੱਸਿਆ ਦਾ ਮੁਫਤੋ ਮੁਫਤੀ ਹੱਲ ਚਾਹੁੰਦੇ ਹਨ, ਜੋ ਕਿ ਕਿਸੇ ਵੀ ਤਰ੍ਹਾਂ ਸੰਭਵ ਹੀ ਨਹੀਂ ਹੈ ਅਤੇ ਇਹੀ ਕਾਰਨ ਹੈ ਕਿ ਪਿਛਲੇ ਕਈ ਸਾਲਾਂ ਤੋਂ ਪਰਾਲੀ ਨੂੰ ਅੱਗ ਲਾਉਣ ਦੀ ਇਹ ਸਮੱਸਿਆ ਲਗਾਤਾਰ ਵੱਧਦੀ ਰਹੀ ਹੈ| ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੇ ਲਗਾਤਾਰ ਵੱਧਦੇ ਰੁਝਾਨ ਦਾ ਹੀ ਨਤੀਜਾ ਹੈ ਕਿ ਇਸ ਕਾਰਨ ਬਿਮਾਰ ਹੋਣ ਵਾਲੇ ਲੋਕਾਂ ਦੀ ਗਿਣਤੀ ਵੀ ਲਗਾਤਾਰ ਵੱਧ ਰਹੀ ਹੈ|
ਇਸ ਸੰਬੰਧੀ ਆਮ ਲੋਕਾਂ ਦਾ ਕਹਿਣਾ ਹੈ ਕਿ ਇਸ ਸਮੱਸਿਆ ਦੇ ਹਲ ਲਈ ਸਰਕਾਰ ਨੂੰ ਸਖਤੀ ਕਰਨੀ ਚਾਹੀਦੀ ਹੈ| ਪਰੰਤੂ ਕੋਈ ਵੀ ਸਰਕਾਰ ਕਿਸਾਨਾਂ ਦੇ ਖਿਲਾਫ ਸਖਤ ਕਾਰਵਾਈ ਕਰਨ ਦੀ ਹਿੰਮਤ ਨਹੀਂ ਵਿਖਾ ਪਾਉਂਦੀ| ਅਸਲ ਵਿੱਚ ਗੱਲ ਮੁਕਦੀ ਆ ਕੇ ਵੋਟਾਂ ਉਪਰ ਹੀ ਹੈ ਅਤੇ ਕੋਈ ਵੀ ਸਿਆਸੀ ਪਾਰਟੀ ਕਿਸਾਨਾਂ ਨੂੰ ਨਾਰਾਜ ਕਰਨ ਦਾ ਖਤਰਾ ਮੁੱਲ ਲੈਣ ਵਾਸਤੇ ਤਿਆਰ ਨਹੀਂ ਹੁੰਦੀ| ਸੱਤਾ ਤੇ ਕਾਬਿਜ ਹੋਣ ਵਾਲੀਆਂ ਸਾਰੀਆਂ ਪਾਰਟੀਆਂ ਕਿਸਾਨਾਂ ਦੀਆਂ ਵੋਟਾਂ ਦੀ ਤਾਕਤ ਅੱਗੇ ਝੁਕ ਜਾਂਦੀਆਂ ਹਨ|
ਪੰਜਾਬ ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਸਖਤ ਕਦਮ ਚੁੱਕੇ ਅਤੇ ਪਰਾਲੀ ਨੂੰ ਅੱਗ ਲਾਉਣ ਵਾਲੇ ਕਿਸਾਨਾਂ ਨੂੰ ਦਿੱਤੀਆਂ ਜਾਣ ਵਾਲੀਆਂ ਸਾਰੀਆਂ ਸਰਕਾਰੀ ਸਹੂਲਤਾਂ ਬੰਦ ਕੀਤੀਆਂ ਜਾਣ| ਸਰਕਾਰ ਵਲੋਂ ਕਿਸਾਨਾਂ ਨੂੰ ਮਨੁੱਖੀ ਸਿਹਤ ਨਾਲ ਖਿਲਵਾੜ ਦੀ ਇਸ ਕਾਰਵਾਈ ਤੋਂ ਸਖਤੀ ਨਾਲ ਰੋਕਿਆ ਜਾਣਾ ਚਾਹੀਦਾ ਹੈ ਤਾਂ ਜੋ ਇਸ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ|

Leave a Reply

Your email address will not be published. Required fields are marked *