ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵੱਲ ਰੋਸ ਮਾਰਚ ਕਰ ਰਹੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਨੇੜੇ ਲਾਇਆ ਧਰਨਾ, ਚੱਕਾ ਜਾਮ

ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਮੰਗ ਨੂੰ ਲੈ ਕੇ ਚੰਡੀਗੜ੍ਹ ਵੱਲ ਰੋਸ ਮਾਰਚ ਕਰ ਰਹੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਨੇੜੇ ਲਾਇਆ ਧਰਨਾ, ਚੱਕਾ ਜਾਮ
ਕੈਬਿਨਟ ਮੰਤਰੀ ਬਲਬੀਰ ਸਿੰਘ ਸਿੱਧੂ ਵਲੋਂ ਮੁੱਖ ਮੰਤਰੀ ਨਾਲ ਮੀਟਿੰਗ ਦੇ ਭਰੋਸੇ ਉਪਰੰਤ ਧਰਨਾ ਖਤਮ
ਐਸ ਏ ਐਸ ਨਗਰ, 25 ਸਤੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨਏਕਤਾ (ਸਿੱਧੂਪੁਰ ) ਦੇ ਪ੍ਰਧਾਨ ਸ੍ਰ. ਜਗਜੀਤ ਸਿੰਘ ਡੱਲੇਵਾਲਾ ਦੀ ਅਗਵਾਈ ਵਿੱਚ ਇਕਤਰ ਹੋਏ ਵਂੱਡੀ ਗਿਣਤੀ ਕਿਸਾਨਾਂ ਨੇ ਅੱਜ ਗੁਰਦੁਆਰਾ ਸ੍ਰੀ ਅੰਬ ਸਾਹਿਬ ਫੇਜ਼ 8 ਤੋਂ ਚੰਡੀਗੜ੍ਹ ਲਈ ਮਾਰਚ ਕੀਤਾ ਪਰ ਪੁਲੀਸ ਵਲੋਂ ਬੈਰੀਕੇਡ ਲਾ ਕੇ ਇਹਨਾਂ ਕਿਸਾਨਾਂ ਨੂੰ ਵਾਈ ਪੀ ਐਸ ਚੌਂਕ ਨੇੜੇ ਰੋਕੇ ਜਾਣ ਕਾਰਨ ਇਹਨਾਂ ਕਿਸਾਨਾਂ ਨੇ ਚੰਡੀਗੜ੍ਹ ਬਾਰਡਰ ਤੇ (ਵਾਈ ਪੀ ਐਸ ਚੌਂਕ ਨੇੜੇ) ਧਰਨਾ ਲਗਾ ਦਿੱਤਾ ਅਤੇ ਪੰਜਾਬ ਸਰਕਾਰ ਦੇ ਖਿਲਾਫ ਨਾਹਰੇਬਾਜੀ ਕਰਦਿਆਂ ਪਰਾਲੀ ਸਾੜ ਕੇ ਰੋਸ ਪ੍ਰਦਰਸ਼ਨ ਕੀਤਾ|
ਕਿਸਾਨਾਂ ਦੇ ਧਰਨੇ ਕਾਰਨ ਵਾਈ ਪੀ ਐਸ ਚੌਂਕ ਵਿੱਚ ਚੱਕਾ ਜਾਮ ਹੋ ਗਿਆ ਅਤੇ ਟ੍ਰੈਫਿਕ ਪਲੀਸ ਵਲੋਂ ਟ੍ਰੈਫਿਕ ਨੂੰ ਬਦਲਵੇਂ ਰੂਟ ਤੋਂ ਕੱਢਿਆ ਗਿਆ| ਦੁਪਹਿਰ 1 ਵਜੇ ਦੇ ਆਸ ਪਾਸ ਆਰੰਭ ਹੋਇਆ ਕਿਸਾਨਾਂ ਦਾ ਇਹ ਧਰਨਾ ਬਾਅਦ ਦੁਪਹਿਰ ਚਾਰ ਵਜੇ ਤਕ ਜਾਰੀ ਰਿਹਾ| ਬਾਅਦ ਵਿੱਚ ਪੰਜਾਬ ਦੇ ਕੈਬਿਨਟ ਮੰਤਰੀ ਸ੍ਰ. ਬਲਬੀਰ ਸਿੰਘ ਸਿੱਧੂ ਨੇ ਧਰਨੇ ਵਾਲੀ ਥਾਂ ਤੇ ਜਾ ਕੇ ਕਿਸਾਨ ਆਗੂਆਂ ਨਾਲ ਗੱਲ ਕੀਤੀ ਅਤੇ ਉਹਨਾਂ ਦੀਆਂ ਮੰਗਾਂ ਦੇ ਹਲ ਲਈ ਮੁੱਖ ਮੰਤਰੀ ਨਾਲ ਮੀਟਿੰਗ ਕਰਵਾਉਣ ਦਾ ਭਰੋਸਾ ਦਿੱਤਾ ਜਿਸਤੋਂ ਬਾਅਦ ਕਿਸਾਨਾਂ ਵਲੋਂ ਧਰਨਾ ਖਤਮ ਕਰ ਦਿੱਤਾ ਗਿਆ|
ਯੂਨੀਅਨ ਦੇ ਪ੍ਰਧਾਨ ਸ੍ਰ. ਜਗਜੀਤ ਸਿੰਘ ਡੱਲੇਵਾਲਾ ਨੇ ਇਸ ਮੌਕੇ ਕਿਹਾ ਕਿ ਸਰਕਾਰ ਨੇ ਬਿਨਾਂ ਸੋਚੇ ਸਮਝੇ ਕਿਸਾਨਾਂ ਨੂੰ ਪਰਾਲੀ ਖੇਤਾਂ ਵਿੱਚ ਹੀ ਗਾਲਣ ਦੇ ਹੁਕਮ ਦੇ ਦਿੱਤੇ ਹਨ, ਜਦੋਂ ਕਿ ਸੂਬੇ ਦੇ ਕਿਸਾਨ ਪਹਿਲਾਂ ਹੀ ਆਰਥਿਕ ਸੰਕਟ ਵਿੱਚ ਘਿਰੇ ਹੋਏ ਹਨ| ਅਜਿਹੇ ਹਾਲਾਤਾਂ ਵਿੱਚ ਕਿਸਾਨਾਂ ਦੇ ਉਪਰ ਹੋਰ ਵਾਧੂ ਬੋਝ ਪਾਉਣਾ ਠੀਕ ਨਹੀਂ ਹੈ| ਉਹਨਾਂ ਕਿਹਾ ਕਿ ਕੰਬਾਈਨਾਂ ਉਪਰ ਐਸ ਐਮ ਐਸ ਸਿਸਟਮ ਦੀ ਸ਼ਰਤ ਹੋਣ ਕਾਰਨ ਕਿਸਾਨਾਂ ਉੱਪਰ 9 ਹਜਾਰ ਰੁਪਏ ਪ੍ਰਤੀ ਕਿੱਲਾ ਬੋਝ ਪਵੇਗਾ| ਉਹਨਾਂ ਕਿਹਾ ਕਿ ਪੰਜਾਬ ਦੀ ਕਾਂਗਰਸ ਸਰਕਾਰ ਚੋਣਾਂ ਮੌਕੇ ਕਿਸਾਨਾਂ ਨਾਲ ਕੀਤੇ ਸਾਰੇ ਵਾਅਦਿਆਂ ਤੋਂ ਮੁੱਕਰ ਗਈ ਹੈ ਅਤੇ ਸਾਰੇ ਹੀ ਕਿਸਾਨਾਂ ਦਾ ਸਾਰਾ ਹੀ ਕਰਜਾ ਮੁਆਫ ਨਹੀਂ ਕੀਤਾ ਜਾ ਰਿਹਾ|
ਯੂਨੀਅਨ ਦੇ ਸੀਨੀਅਰ ਮੀਤ ਪ੍ਰਧਾਨ ਸ੍ਰ. ਕਾਕਾ ਸਿੰਘ ਕੋਟੜਾ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਲਈ 200 ਰੁਪਏ ਕੁਇੰਟਲ ਦਾ ਵਾਧਾ ਕੀਤਾ ਹੈ, ਜਦੋਂ ਕਿ ਪੰਜਾਬ ਦੀ ਫਸਲ ਖਰੀਦ ਏਜੰਸੀ ਦਾ ਕਹਿਣਾ ਹੈ ਕਿ ਸੁਪਰਫਾਈਨ ਝੋਨਾ 1770 ਰੁਪਏ ਕੁਇੰਟਲ ਖਰੀਦਿਆ ਜਾਵੇਗਾ ਜਦੋਂ ਕਿ ਪਿਛਲੇ ਸਾਲ ਇਹ ਝੋਨਾ 1590 ਰੁਪਏ ਦਾ ਖਰੀਦਿਆ ਸੀ| ਇਸ ਤਰ੍ਹਾਂ ਕਰਨ ਨਾਲ ਕਿਸਾਨਾਂ ਦਾ 20 ਰੁਪਏ ਪ੍ਰਤੀ ਕੁਇੰਟਲ ਨੁਕਸਾਨ ਹੋਵੇਗਾ| ਯੂਨੀਅਨ ਦੇ ਮੀਤ ਪ੍ਰਧਾਨ ਸ੍ਰ. ਮੇਹਰ ਸਿੰਘ ਥੇਹੜੀ ਨੇ ਕਿਹਾ ਕਿ ਸੂਬੇ ਦੀਆਂ ਵੱਖ ਵੱਖ ਖੰਡ ਮਿਲਾਂ ਵੱਲ ਕਿਸਾਨਾਂ ਦੀ ਬਕਾਇਆ ਖੜੀ ਰਾਸ਼ੀ ਕਰੀਬ 6 ਸੌ ਕਰੋੜ ਰੁਪਏ ਸਮੇਤ ਵਿਆਜ ਕਿਸਾਨਾਂ ਨੂੰ ਤੁਰੰਤ ਦਿੱਤੀ ਜਾਵੇ|
ਯੂਨੀਅਨ ਦੇ ਜਨਰਲ ਸਕੱਤਰ ਸ੍ਰ. ਬੋਘ ਸਿੰਘ ਮਾਨਸਾ ਨੇ ਕਿਹਾ ਕਿ ਸਰਕਾਰ ਨੂੰ ਕਰਜਾ ਰਾਹਤ ਕਾਨੂੰਨ ਨੂੰ ਤੁਰੰਤ ਹੀ ਲਾਗੂ ਕਰਨਾ ਚਾਹੀਦਾ ਹੈ ਅਤੇ ਕਿਸਾਨਾਂ ਦੀਆਂ ਫਸਲਾਂ ਦੀ ਤੁਲਾਈ ਕੰਪਿਊਟਰ ਨਾਲ ਕੀਤੀ ਜਾਣੀ ਯਕੀਨੀ ਬਣਾਈ ਜਾਣੀ ਚਾਹੀਦੀ ਹੈ| ਫਸਲਾਂ ਦੇ ਰੇਟ ਤੈਅ ਕਰਨ ਵੇਲੇ ਯੂਨੀਵਰਸਿਟੀ ਦੇ ਮਾਹਿਰਾਂ ਅਤੇ ਕਿਸਾਨ ਆਗੂਆਂ ਦੀ ਸਲਾਹ ਜਰੂਰ ਲਈ ਜਾਵੇ| ਯੂਨੀਅਨ ਦੇ ਵਿੱਤ ਸਕੱਤਰ ਸ੍ਰ. ਮਾਨ ਸਿੰਘ ਨੇ ਕਿਹਾ ਕਿ ਕਿਸਾਨਾਂ ਨੂੰ ਖੇਤੀ ਲਈ ਡੀਜਲ ਸਬਸਿਡੀ ਉਪਰ ਦਿੱਤਾ ਜਾਵੇ, ਫਸਲਾਂ ਦਾ ਨੁਕਸਾਨ ਕਰਦੇ ਆਵਾਰਾ ਡੰਗਰਾਂ ਦੀ ਸਮੱਸਿਆ ਹੱਲ ਕੀਤੀ ਜਾਵੇ| ਇਸ ਮੌਕੇ ਬੁਲਾਰਿਆਂ ਨੇ ਮੰਗ ਕੀਤੀ ਕਿ ਪੰਜਾਬ ਵਿੱਚ ਬਰਸਾਤ, ਝੱਖੜ ਕਾਰਨ ਖਰਾਬ ਹੋਈਆਂ ਫਸਲਾਂ ਦਾ ਤੁਰੰਤ ਮੁਆਵਜਾ ਦਿੱਤਾ ਜਾਵੇ, ਸਾਰੇ ਕਿਸਾਨਾਂ ਦਾ ਕਰਜਾ ਮਾਫ ਕੀਤਾ ਜਾਵੇ ਅਤੇ ਹੋਰ ਕਿਸਾਨ ਮਸਲੇ ਹਲ ਕੀਤੇ ਜਾਣ|
ਇਸ ਮੌਕੇ ਯੂਨੀਅਨ ਦੇ ਮੀਤ ਪ੍ਰਧਾਨ ਸ੍ਰ. ਮਲੂਕ ਸਿੰਘ ਹੀਰਕੇ, ਯੂਨੀਅਨ ਦੇ ਸਕੱਤਰ ਸ੍ਰ. ਜਸਬੀਰ ਸਿੰਘ ਸਿੱਧੂਪੁਰ, ਕਿਸਾਨ ਆਗੂ ਸ੍ਰ. ਬਲਦੇਵ ਸਿੰਘ, ਸ੍ਰ. ਗੁਰਬਖਸ ਸਿੰਘ, ਜਿਲਾ ਸੰਗਰੂਰ ਇਕਾਈ ਦੇ ਪ੍ਰਧਾਨ ਸ੍ਰ. ਸੁਰਜੀਤ ਸਿੰਘ, ਸ੍ਰ. ਰੂਪ ਸਿੰਘ ਢਿੱਲਵਾਂ, ਸ੍ਰ. ਗੁਰਮੀਤ ਸਿੰਘ ਰੁੜਕੀ, ਸ੍ਰ. ਰਵਿੰਦਰ ਸਿੰਘ ਦੇਹਕਲਾਂ, ਸ੍ਰ. ਕੁਲਵਿੰਦਰ ਸਿੰਘ ਰੋਪੜ, ਸ੍ਰ. ਇੰਦਰਜੀਤ ਸਿੰਘ, ਸ੍ਰ. ਸੁਖਦੇਵ ਸਿੰਘ, ਸ੍ਰ. ਉਦੈ ਸਿੰਘ, ਸ੍ਰ. ਫਤਹਿ ਸਿੰਘ, ਸ੍ਰ. ਗੁਰਚਰਨ ਸਿੰਘ ਨੇ ਵੀ ਸੰਬੋਧਨ ਕੀਤਾ|

Leave a Reply

Your email address will not be published. Required fields are marked *