ਕਿਸਾਨਾਂ ਦਾ ਧਰਨਾ ਜਾਰੀ, ਸੋਮਵਾਰ ਤਕ ਮੰਗਾਂ ਨਾ ਮੰਨੇ ਜਾਣ ਤੇ ਚੰਡੀਗੜ੍ਹ ਨੂੰ ਜਰੂਰੀ ਵਸਤਾਂ ਦੀ ਸਪਲਾਈ ਠੱਪ ਕਰਨ ਦੀ ਚਿਤਾਵਨੀ

ਐਸ ਏ ਐਸ ਨਗਰ, 23 ਮਾਰਚ (ਸ.ਬ.) ਭਾਰਤੀ ਕਿਸਾਨ ਯੂਨੀਅਨ ਰਾਜੇਵਾਲ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਰਾਜੇਵਾਲ ਦੀ ਅਗਵਾਈ ਵਿੱਚ ਕਿਸਾਨਾਂ ਵਲੋਂ ਬੀਤੇ ਕੱਲ ਤੋਂ ਦਿੱਤਾ ਜਾ ਰਿਹਾ ਧਰਨਾ ਜਾਰੀ ਹੈ ਅਤੇ ਕਿਸਾਨਾਂ ਨੇ ਵਾਈ ਪੀ ਐਸ ਚੌਂਕ ਨੇੜੇ (ਚੰਡੀਗੜ੍ਹ ਵਾਲੇ ਪਾਸੇ) ਪੱਕੇ ਡੇਰੇ ਲਗਾ ਲਏ ਹਨ| ਕਿਸਾਨਾਂ ਦਾ ਕਹਿਣਾ ਹੈ ਕਿ ਜਦੋਂ ਤਕ ਉਹਨਾਂ ਦੀਆਂ ਮੰਗਾਂ ਨਹੀਂ ਮੰਨੀਆਂ ਜਾਂਦੀਆਂ ਅਤੇ ਕਿਸਾਨਾਂ ਦੇ ਮਸਲੇ ਹੱਲ ਕਰਨ ਲਈ ਲੋੜੀਂਦੀ ਕਾਰਵਾਈ ਨਹੀਂ ਹੁੰਦੀ ਕਿਸਾਨਾਂ ਦਾ ਧਰਨਾ ਜਾਰੀ ਰਹੇਗਾ|
ਕਿਸਾਨ ਯੂਨੀਅਨ ਦੇ ਪ੍ਰਧਾਨ ਸ੍ਰ. ਬਲਬੀਰ ਸਿੰਘ ਰਾਜੇਵਾਲ ਨੇ ਧਰਨੇ ਦੌਰਾਨ ਗੱਲ ਕਰਦਿਆਂ ਕਿਹਾ ਕਿ ਪੰਜਾਬ ਦੀ ਮੌਜੂਦਾ ਸਰਕਾਰ ਪਿਛਲੀਆਂ ਸਰਕਾਰਾਂ ਤੋਂ ਵੀ ਮਾੜੀ ਸਾਬਿਤ ਹੋਈ ਹੈ ਅਤੇ ਇਸਨੇ ਕਿਸਾਨਾਂ ਦਾ ਕਿਤੇ ਵੱਧ ਨੁਕਸਾਨ ਕੀਤਾ ਹੈ| ਉਹਨਾਂ ਕਿਹਾ ਕਿ ਇਸ ਦੌਰਾਨ ਜਿੱਥੇ ਕਿਸਾਨਾਂ ਦਾ ਕਰਜਾ ਬਹੁਤ ਵੱਧ ਗਿਆ ਹੈ ਉੱਥੇ ਕਿਸਾਨਾਂ ਦੀ ਆਮਦਨ ਦੇ ਬਾਕੀ ਸਾਰੇ ਰਸਤੇ ਵੀ ਬੰਦ ਕਰ ਦਿੱਤੇ ਗਏ ਹਨ| ਉਹਨਾਂ ਕਿਹਾ ਕਿ ਬੀਤੇ ਕੱਲ ਮੁੱਖ ਮੰਤਰੀ ਦੇ ਉ ਐਸ ਡੀ ਨੇ ਉਹਨਾਂ ਨਾਲ ਗੱਲਬਾਤ ਦੌਰਾਨ ਭਰੋਸਾ ਦਿੱਤਾ ਸੀ ਕਿ ਸੋਮਵਾਰ ਤਕ ਕਿਸਾਨ ਆਗੂਆਂ ਦੀ ਮੀਟਿੰਗ ਮੁੱਖ ਮੰਤਰੀ ਨਾਲ ਕਰਵਾਈ ਜਾਵੇਗੀ ਅਤੇ ਕਿਸਾਨਾਂ ਦੀਆਂ ਮੰਗਾਂ ਮੰਨ ਲਈਆਂ ਜਾਣਗੀਆਂ ਜਿਸ ਕਰਕੇ ਉਹ ਸੋਮਵਾਰ ਤਕ ਸਰਕਾਰ ਵਲੋਂ ਕੀਤੀ ਜਾਣ ਵਾਲੀ ਕਾਰਵਾਈ ਦੀ ਉਡੀਕ ਕਰਣਗੇ ਅਤੇ ਜੇਕਰ ਸੋਮਵਾਰ ਤਕ ਉਹਨਾਂ ਦੇ ਮਸਲਿਆਂ ਦੇ ਹਲ ਲਈ ਸਰਕਾਰ ਵਲੋਂ ਹਾਂ ਪੱਖੀ ਹੁੰਗਾਰਾ ਭਰਦਿਆਂ ਕੋਈ ਠੋਸ ਕਾਰਵਾਈ ਨਾ ਕੀਤੀ ਗਈ ਤਾਂ ਸੰਘਰਸ਼ ਨੂੰ ਹੋਰ ਤਿੱਖਾ ਕੀਤਾ ਜਾਵੇਗਾ ਜਿਸਦੇ ਤਹਿਤ ਚੰਡੀਗੜ੍ਹ ਨੂੰ ਪੰਜਾਬ ਤੋਂ ਹੋਣ ਵਾਲੀ ਕਿਸਾਨੀ ਵਸਤਾਂ ਦੀ ਮੁਕੰਮਲ ਸਪਲਾਈ ਰੋਕ ਦਿੱਤੀ ਜਾਵੇਗੀ| ਉਹਨਾਂ ਚਿਤਾਵਨੀ ਦਿੱਤੀ ਕਿ ਚੰਡੀਗੜ੍ਹ ਨੂੰ ਪੰਜਾਬ ਤੋਂ ਹੋਣ ਵਾਲੀ ਦੁੱਧ, ਸਬਜੀਆਂ, ਅਨਾਜ ਅਤੇ ਫਲਾਂ ਦੀ ਸਪਲਾਈ ਪੂਰੀ ਤਰ੍ਹਾਂ ਰੋਕ ਦਿੱਤੀ ਜਾਵੇਗੀ|
ਇਸ ਦੌਰਾਨ ਕਿਸਾਨਾਂ ਵਲੋਂ ਵਾਈ ਪੀ ਐਸ ਚੌਂਕ ਦੇ ਨਾਲ ਲੱਗਦੇ ਪਾਰਕ ਵਿੱਚ ਆਪਣੇ ਡੇਰੇ ਲਗਾ ਲਏ ਗਏ ਹਨ ਅਤੇ ਉੱਥੇ ਹੀ ਲੰਗਰ ਪਕਾਇਆ ਜਾ ਰਿਹਾ ਹੈ| ਕਿਸਾਨਾਂ ਨੂੰ ਚੰਡੀਗੜ੍ਹ ਵੱਲ ਜਾਣ ਵਾਲੀ ਸੜਕ ਤੇ ਲੰਗਰ ਛਕਾਇਆ ਜਾ ਰਿਹਾ ਸੀ ਅਤੇ ਕਿਸਾਨ ਪੂਰੇ ਹੌਂਸਲੇ ਵਿੱਚ ਨਜਰ ਆ ਰਹੇ ਸਨ|
ਇਸ ਦੌਰਾਨ ਪ੍ਰਸ਼ਾਸ਼ਨ ਅਤੇ ਪੁਲੀਸ ਦੇ ਅਧਿਕਾਰੀਆਂ ਵਲੋਂ ਕਿਸਾਨਾਂ ਨੂੰ ਧਰਨਾ ਖਤਮ ਕਰਨ ਲਈ ਮਣਾਉਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਸਨ ਪਰੰਤੂ ਕਿਸਾਨ ਧਰਨਾ ਜਾਰੀ ਰੱਖਣ ਲਈ ਬਜਿੱਦ ਦਿਖ ਰਹੇ ਸਨ|

Leave a Reply

Your email address will not be published. Required fields are marked *