ਕਿਸਾਨਾਂ ਦੀ ਪਰਾਲੀ ਦੇ ਮਸਲੇ ਦਾ ਕੋਈ ਢੁੱਕਵਾਂ ਹੱਲ ਕਰਨ ਦੀ ਮੰਗ

ਐਸ.ਏ.ਐਸ ਨਗਰ, 29 ਸਤੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਵਲੋਂ ਪੰਜਾਬ ਸਰਕਾਰ ਨੂੰ ਪੱਤਰ ਲਿਖ ਕੇ ਕਿਸਾਨਾਂ ਦੀ ਪਰਾਲੀ ਦੇ ਮਸਲੇ ਦਾ ਕੋਈ ਢੁੱਕਵਾਂ ਹੱਲ ਕਰਨ ਦੀ ਮੰਗ ਕੀਤੀ ਗਈ ਹੈ| ਆਪਣੇ ਪੱਤਰ ਵਿੱਚ ਯੂਨੀਅਨ ਦੇ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਨੇ ਕਿਹਾ ਕਿ ਕਿਸਾਨਾਂ ਵਾਸਤੇ ਪਿਛਲੇ ਸੀਜਨਾਂ ਵਾਂਗ ਪਰਾਲੀ ਦੀ ਸੰਭਾਲ ਕਰਨ ਦਾ ਮਸਲਾ ਜਿਉਂ ਦਾ ਤਿਉਂ ਹੀ ਖੜ੍ਹਾ ਹੈ| ਉਹਨਾਂ ਲਿਖਿਆ ਹੈ ਕਿ ਖੇਤੀਬਾੜੀ ਮਹਿਕਮੇ ਵੱਲੋਂ ਗੱਡੀਆਂ ਅਤੇ ਅਖਬਾਰਾਂ ਰਾਹੀਂ ਡਰਾਇਆ ਧਮਕਾਇਆ ਜਾ ਰਿਹਾ ਹੈ ਕਿ ਪਰਾਲੀ ਨੂੰ ਅੱਗ ਨਾ ਲਗਾਈ ਜਾਵੇ ਜਦੋਂਕਿ ਪਰਾਲੀ ਸਾਂਭਣ ਵਾਸਤੇ ਕਿਸਾਨਾਂ ਦਾ ਪੰਜ ਹਜ਼ਾਰ ਰੁਪਏ ਪ੍ਰਤੀ ਏਕੜ ਤੋਂ ਵੱਧ ਖਰਚ ਹੋ ਜਾਂਦਾ ਹੈ|
ਉਹਨਾਂ ਲਿਖਿਆ ਹੈ ਕਿ ਸਰਕਾਰ ਨੇ ਪਿਛਲੇ ਸੀਜਨ ਵਿੱਚ ਵਾਇਦਾ ਕੀਤਾ ਸੀ ਕਿ ਜਿਹੜੇ ਕਿਸਾਨ ਪਰਾਲੀ ਨੂੰ ਅੱਗ ਨਹੀਂ ਲਗਾਉਣਗੇ ਉਹਨਾਂ ਨੂੰ 2500 ਰੁਪਏ ਪ੍ਰਤੀ ਏਕੜ ਮਦਦ ਦਿੱਤੀ ਜਾਵੇਗੀ ਪਰੰਤੂ ਕਿਸੇ ਵੀ ਕਿਸਾਨ ਨੂੰ ਅਜਿਹੀ ਕੋਈ ਸਹਾਇਤਾ ਨਹੀਂ ਦਿੱਤੀ ਗਈ| ਇਸਤੋਂ ਇਲਾਵਾ ਜਿਹਨਾਂ ਕਿਸਾਨਾਂ ਨੇ ਪਰਾਲੀ ਧਰਤੀ ਵਿੱਚ ਦੱਬ ਕੇ ਕਣਕ ਦੀ ਬਿਜਾਈ ਕੀਤੀ, ਉਹਨਾਂ ਦੀ ਕਣਕ ਦੀ ਫਸਲ ਵੀ ਖਰਾਬ ਹੋ ਗਈ ਸੀ| ਉਹਨਾਂ ਕਿਹਾ ਕਿ ਝੋਨੇ ਦਾ ਐਮ.ਐਸ.ਪੀ ਸਰਕਾਰ ਵੱਲੋਂ ਐਲਾਨ ਕਰਨ ਤੋਂ ਬਾਅਦ ਡੀਜ਼ਲ ਦਾ ਰੇਟ 15 ਰੁਪਏ ਲੀਟਰ ਵੱਧ ਚੁਕਿਆ ਹੈ ਅਤੇ ਛੋਟਾ ਕਿਸਾਨ ਉਹ ਵਾਧੂ ਹੋਇਆ ਖਰਚਾ ਅਤੇ ਹੁਣ ਪਰਾਲੀ ਸਾਂਭਣ ਦਾ ਹੋਰ ਖਰਚਾ ਕਿਸ ਤਰ੍ਹਾਂ ਬਰਦਾਸ਼ਤ ਕਰ ਸਕਦਾ ਹੈ ਇਸ ਲਈ ਸਰਕਾਰ ਵਲੋਂ ਇਸ ਮਸਲੇ ਦਾ ਹਲ ਕੱਢਿਆ ਜਾਵੇ|
ਇਸ ਮੌਕੇ ਮਾਨ ਸਿੰਘ ਰਾਜਪੁਰਾ, ਬਹਾਦਰ ਸਿੰਘ ਨਿਆਮੀਆਂ, ਬਲਜੀਤ ਸਿੰਘ ਰਡਿਆਲਾ, ਜਸਵੰਤ ਸਿੰਘ ਨਡਿਆਲੀ, ਗੁਰਦੇਵ ਸਿੰਘ ਜਦੇਲੀ, ਤਰਲੋਚਨ ਸਿੰਘ ਨੰਡਿਆਲੀ ਹਾਜਿਰ ਸਨ|

Leave a Reply

Your email address will not be published. Required fields are marked *