ਕਿਸਾਨਾਂ ਦੀ ਹਾਲਤ ਵਿੱਚ ਸੁਧਾਰ ਲਿਆਉਣ ਲਈ ਖੇਤੀ ਨੂੰ ਲਾਹੇਵੰਦ ਧੰਧਾ ਬਣਾਇਆ ਜਾਣਾ ਜਰੂਰੀ

ਅੱਜ ਕੱਲ ਕਿਸਾਨਾਂ ਦੀ ਭਲਾਈ ਦੀਆਂ ਗੱਲਾਂ ਤੇ ਰਾਜਨੀਤੀ ਦਾ ਫੈਸ਼ਨ ਜਿਹਾ ਹੀ ਬਣ ਗਿਆ ਹੈ ਅਤੇ ਦੇਸ਼ ਦੀਆਂ ਤਮਾਮ ਸਿਆਸੀ ਪਾਰਟੀਆਂ ਕਿਸਾਨਾਂ ਦੀ ਬਦਹਾਲੀ ਨੂੰ ਮੁੱਦਾ ਬਣਾ ਕੇ ਆਪਣੀਆਂ ਸਿਆਸੀ ਰੋਟੀਆਂ ਸੇਕਣ ਵਿੱਚ ਲੱਗੀਆਂ ਹੋਈਆਂ ਹਨ| ਹਾਲਾਂਕਿ ਇਹ ਵੀ ਕਿਹਾ ਜਾ ਸਕਦਾ ਹੈ ਕਿ ਰਾਜਨੀਤਿਕ ਪਾਰਟੀਆਂ ਨੂੰ ਕਿਸਾਨਾਂ ਦੀ ਬਦਹਾਲੀ ਉਦੋਂ ਹੀ ਨਜਰ ਆਉਂਦੀ ਹੈ ਜਦੋਂ ਉਹ ਸੱਤਾ ਤੋਂ ਦੂਰ ਹੁੰਦੀਆਂ ਹਨ ਅਤੇ ਸੱਤਾ ਵਿੱਚ ਆਉਣ ਤੋਂ ਬਾਅਦ ਉਹਨਾਂ ਦੀ ਕਾਰਗੁਜਾਰੀ ਅਸਲ ਵਿੱਚ ਕਿਸਾਨ ਵਿਰੋਧੀ ਹੀ ਸਾਬਿਤ ਹੁੰਦੀ ਆਈ ਹੈ|
ਖੁਦ ਨੂੰ ਸਭ ਤੋਂ ਵੱਡਾ ਕਿਸਾਨ ਹਿਤੈਸ਼ੀ ਹੋਣ ਦਾ ਦਾਅਵਾ ਕਰਨ ਵਾਲੀਆਂ ਸਾਡੀਆਂ ਇਹਨਾਂ ਤਮਾਮ ਰਾਜਨੀਤਿਕ ਪਾਰਟੀਆਂ ਦੀ ਕਾਰਗੁਜਾਰੀ ਦੀ ਹਾਲਤ ਇਹ ਹੈ ਕਿ ਕਿਸਾਨਾਂ ਦੀ ਹਾਲਤ ਲਗਾਤਾਰ ਨਿਘਰਦੀ ਜਾ ਰਹੀ ਹੈ ਅਤੇ ਕਿਸਾਨ ਆਰਥਿਕ ਬਦਹਾਲੀ ਕਾਰਨ ਖੁਦਕੁਸ਼ੀਆਂ ਲਈ ਮਜਬੂਰ ਹੋ ਰਿਹਾ ਹੈ| ਪਿਛਲੇ ਸਾਲਾਂ ਦੌਰਾਨ ਕਦੇ ਸੋਕੇ ਅਤੇ ਕਦੇ ਬੇਮੌਸਮੀ ਬਰਸਾਤ ਕਾਰਨ ਹੋਣ ਵਾਲੇ ਫਸਲਾਂ ਦੇ ਭਾਰੀ ਨੁਕਸਾਨ ਅਤੇ ਲਾਗਤ ਮੁੱਲ ਦੇ ਅਨੁਸਾਰ ਫਸਲਾਂ ਦੀ ਲੋੜੀਂਦੀ ਕੀਮਤ ਹਾਸਿਲ ਨਾ ਹੋਣ ਕਾਰਨ ਖੇਤੀ ਦਾ ਧੰਧਾ ਪੂਰੀ ਤਰ੍ਹਾਂ ਘਾਟੇ ਦਾ ਸੌਦਾ ਬਣ ਕੇ ਰਹਿ ਗਿਆ ਹੈ| ਅਜਿਹਾ ਹੋਣ ਕਾਰਨ ਕਿਸਾਨ ਲਗਾਤਾਰ ਕਰਜੇ ਦੇ ਭਾਰ ਹੇਠ ਦੱਬਦਾ ਜਾ ਰਿਹਾ ਹੈ ਅਤੇ ਇਹੀ ਕਾਰਨ ਹੈ ਕਿ ਦੇਸ਼ ਦੇ ਵੱਖ ਵੱਖ ਸੂਬਿਆਂ ਵਿੱਚ ਕਿਸਾਨਾਂ ਵਲੋਂ ਨੁਕਸਾਨ ਨਾ ਸਹਾਰ ਸਕਣ ਕਾਰਨ ਖੁਦਕੁਸ਼ੀਆਂ ਕਰਨ ਦੇ ਮਾਮਲੇ ਲਗਾਤਾਰ ਵੱਧ ਰਹੇ ਹਨ|
ਕਿੰਨੀ ਵੱਡੀ ਤ੍ਰਾਸਦੀ ਹੈ ਕਿ  ਪੂਰੇ ਦੇਸ਼ ਦਾ ਢਿੱਡ ਭਰਨ ਵਾਲਾ ਸਾਡਾ ਕਿਸਾਨ ਖੁਦ ਬਹੁਤ ਹੀ ਬਦਹਾਲੀ ਵਿੱਚ ਜੀਵਨ ਬਤੀਤ ਕਰਦਾ ਹੈ| ਸਾਡੀਆਂ ਸਰਕਾਰਾਂ ਭਾਵੇਂ ਖੁਦ ਨੂੰ ਕਿਸਾਨਾਂ ਦੀਆਂ ਹਮਦਰਦ ਸਾਬਿਤ ਕਰਨ ਲਈ ਲੱਖ ਦਾਅਵੇ ਕਰਨ ਪਰੰਤੂ ਅਸਲੀਅਤ ਇਹੀ ਹੈ ਕਿ ਸਮੇਂ ਦੀਆਂ ਸਰਕਾਰਾਂ ਦੀਆਂ ਗਲਤ ਨੀਤੀਆਂ ਕਾਰਨ ਦੇਸ਼ ਨੂੰ ਆਜਾਦੀ ਹਾਸਿਲ ਹੋਣ ਤੋਂ ਬਾਅਦ ਤੋਂ ਹੀ ਕਿਸਾਨਾਂ ਦੀ ਹਾਲਤ ਲਗਾਤਾਰ ਮਾੜੀ ਅਤੇ ਹੋਰ ਮਾੜੀ ਹੀ ਹੁੰਦੀ ਗਈ ਹੈ| ਇਸਦਾ ਸਬੂਤ ਖੁਦ ਸਰਕਾਰੀ ਅੰਕੜਿਆਂ ਵਿੱਚ ਹੀ ਮਿਲਦਾ ਹੈ ਜਿਹਨਾਂ ਅਨੁਸਾਰ ਖੇਤੀ ਦੇ ਲਾਹੇਵੰਦ ਧੰਧਾ ਨਾ ਹੋਣ ਕਾਰਨ ਦੇਸ਼ ਵਿੱਚ ਹਰ ਸਾਲ 10 ਲੱਖ ਤੋਂ ਵੱਧ ਕਿਸਾਨ ਖੇਤੀ ਦਾ ਕੰਮ ਛੱਡ ਕੇ ਹੋਰਨਾਂ ਕੰਮ ਧੰਧਿਆਂ ਨੂੰ ਅਪਣਾ ਲੈਂਦੇ ਹਨ|
ਇੱਕ ਪਾਸੇ ਜਿੱਥੇ ਕਿਸਾਨਾਂ ਨੂੰ ਉਹਨਾਂ ਦਾ ਖੂਨ ਪਸੀਨਾ ਇੱਕ ਕਰਕੇ ਤਿਆਰ ਕੀਤੀ ਗਈ ਫਸਲ ਦਾ ਪੂਰਾ ਮੁੱਲ ਤਕ ਹਾਸਿਲ ਨਹੀਂ ਹੁੰਦਾ ਉੱਥੇ ਉਹਨਾਂ ਨੂੰ ਕਦੇ ਹੜ, ਕਦੇ ਸੋਕੇ ਅਤੇ ਕਦੇ ਬੇਮੌਸਮੀ ਬਰਸਾਤ ਕਾਰਣ ਆਪਣੀ ਪੁੱਤਾਂ ਵਾਂਗ ਪਾਲੀ ਫਸਲ ਦੀ ਬਰਬਾਦੀ ਝੱਲਣੀ ਪੈਂਦੀ ਹੈ| ਜੇਕਰ ਸਭ ਕੁੱਝ ਠੀਕ ਠਾਕ ਹੋਣ ਤੋਂ ਬਾਅਦ ਚੰਗੀ ਫਸਲ ਹੋ ਜਾਵੇ ਤਾਂ ਵੀ ਕਿਸਾਨ ਨੂੰ ਫਸਲ ਦੀ ਜਿਹੜੀ ਕੀਮਤ ਮਿਲਦੀ ਹੈ ਉਹ ਇੰਨੀ ਘੱਟ ਹੁੰਦੀ ਹੈ ਕਿ ਉਸ ਨਾਲ ਕਿਸਾਨ ਦੇ ਲਾਗਤ ਖਰਚੇ ਤਕ ਪੂਰੇ ਨਹੀਂ ਹੁੰਦੇ| ਦੂਜੇ ਪਾਸੇ ਕਿਸਾਨਾਂ ਤੋਂ ਸਸਤੇ ਮੁੱਲ ਤੇ ਫਸਲਾਂ ਦੀ ਖਰੀਦ ਕਰਕੇ ਬਾਅਦ ਵਿੱਚ ਬਾਜਾਰ ਵਿੱਚ  ਵੇਚਣ ਵਾਲੇ ਦਲਾਲਾਂ, ਵਪਾਰੀਆਂ ਅਤੇ ਬਾਜਾਰ ਦੀਆਂ ਹੋਰ ਤਾਕਤਾਂ ਵਲੋਂ ਭਾਰੀ ਮੁਨਾਫਾ ਕਮਾਇਆ ਜਾਂਦਾ ਹੈ|
ਇਹਨਾਂ ਵਪਾਰੀਆਂ (ਆੜਤੀਆਂ) ਵਲੋਂ ਤਾਂ ਕਿਸਾਨਾਂ ਨੂੰ ਪਹਿਲਾਂ ਹੀ ਆਪਣੇ ਕਰਜੇ ਦੇ ਜਾਲ ਵਿੱਚ ਜਕੜ ਕੇ ਰੱਖਿਆ ਜਾਂਦਾ ਹੈ ਅਤੇ ਸਾਡੀਆਂ ਹੁਣ ਤਕ ਦੀਆਂ ਸਾਰੀਆਂ ਹੀ ਸਰਕਾਰਾਂ ਦੀਆਂ ਨੀਤੀਆਂ ਵੀ ਕਿਸਾਨ ਪੱਖੀ ਨਾ ਹੋ ਕੇ ਬਾਜਾਰ ਪੱਖੀ ਹੀ ਸਾਬਿਤ ਹੁੰਦੀਆਂ ਆਈਆਂ ਹਨ| ਇਸੇ ਦਾ ਨਤੀਜਾ ਹੈ ਕਿ ਦੇਸ਼ ਵਿੱਚ ਪਿਛਲੇ ਕੁੱਝ ਸਾਲਾਂ ਦੌਰਾਨ ਖਾਣ ਪੀਣ ਦੀਆਂ ਵਸਤੂਆਂ ਦੀ ਮਹਿੰਗਾਈ ਵਿੱਚ ਲਗਾਤਾਰ ਵਾਧਾ ਹੋਇਆ ਹੈ ਪਰੰਤੂ ਕਿਸਾਨਾਂ ਨੂੰ ਉਹਨਾਂ ਦੀ ਫਸਲ ਦਾ ਪੂਰਾ ਮੁੱਲ ਤਕ ਨਹੀਂ ਮਿਲਦਾ| ਕਿਸਾਨਾਂ ਦੇ ਖੇਤੀ ਦੇ ਕੰਮ ਤੋਂ ਕਿਨਾਰਾ ਕਰਨ ਕਾਰਨ ਦੇਸ਼ ਵਿੱਚ ਅਨਾਜ, ਦਾਲਾਂ ਅਤੇ ਸਬਜੀਆਂ ਦੀ ਪੈਦਾਵਾਰ ਵਿੱਚ ਆਬਾਦੀ ਦੀ ਲੋੜ ਅਨੁਸਾਰ ਸਪਲਾਈ ਅਤੇ ਲੋੜ ਵਿਚਕਾਰ ਪਾੜਾ ਵੱਧਦਾ ਜਾ ਰਿਹਾ ਹੈ ਅਤੇ ਸਾਨੂੰ ਆਪਣੀਆਂ ਖੁਰਾਕੀ ਲੋੜਾਂ ਲਈ ਵਿਸ਼ਵ ਦੇ ਹੋਰਨਾਂ ਮੁਲਕਾਂ ਤੇ ਨਿਰਭਰ ਹੋਣਾ ਪੈ ਰਿਹਾ ਹੈ|
ਕਿਸਾਨਾਂ ਲਈ ਖੇਤੀ ਦਾ ਧੰਧਾ ਲਾਹੇਵੰਦ ਹੋਵੇ ਅਤੇ ਉਹ ਵੱਧ ਤੋਂ ਵੱਧ ਉਤਪਾਦਨ ਵੱਲ ਧਿਆਨ ਦੇਣ ਇਸ ਲਈ ਜਰੂਰੀ ਹੈ ਕਿ ਸਰਕਾਰ ਵੱਲੋਂ ਕਿਸਾਨਾਂ ਨੂੰ ਨਾ ਸਿਰਫ ਉਹਨਾਂ ਦੀ ਫਸਲ ਦੀ ਵੱਧ ਤੋਂ ਵੱਧ ਕੀਮਤ ਅਦਾ ਕੀਤੀ ਜਾਵੇ ਬਲਕਿ ਇਸਦੇ ਨਾਲ ਨਾਲ ਕਿਸਾਨਾਂ ਦੀ ਮਾੜੀ ਆਰਥਿਕ ਹਾਲਤ ਸੁਧਾਰਨ ਅਤੇ ਕੁਦਰਤੀ ਆਫਤਾਂ ਕਾਰਣ ਉਹਨਾਂ ਦੀ ਫਸਲ ਨੂੰ ਹੋਣ ਵਾਲੇ ਨੁਕਸਾਨ ਤੋਂ ਬਚਾਉ ਲਈ ਪ੍ਰਬੰਧ ਕੀਤੇ ਜਾਣ| ਇਸ ਸੰਬੰਧੀ ਕਈ ਸਾਲ ਪਹਿਲਾਂ ਆਈ ਸਵਾਮੀਨਾਥਨ ਕਮੇਟੀ ਦੀਆਂ ਸਿਫਾਰਸ਼ਾਂ ਨੂੰ ਲਾਗੂ ਕਰਨ ਤੋਂ ਸਰਕਾਰਾਂ ਵਲੋਂ ਹੁਣ ਤਕ ਟਾਲਾ ਵੱਟਿਆ ਜਾਦਾ ਰਿਹਾ ਹੈ ਅਤੇ ਇਹਨਾਂ ਨੂੰ ਤੁਰੰਤ ਲਾਗੂ ਕੀਤਾ ਜਾਣਾ ਚਾਹੀਦਾ ਹੈ| ਪ੍ਰਧਾਨ ਮੰਤਰੀ ਮੋਦੀ ਵਲੋਂ ਆਉਣ ਵਾਲੇ ਸਾਲਾਂ ਵਿੱਚ ਕਿਸਾਨਾਂ ਦੀ ਆਮਦਨ ਦੁੱਗਣੀ ਕਰਨ ਸੰਬੰਧੀ ਬਿਆਨਬਾਜੀ ਤਾਂ ਕੀਤੀ ਜਾਂਦੀ ਹੈ ਪਰੰਤੂ ਜਮੀਨੀ ਹਾਲਾਤ ਵਿੱਚ ਸੁਧਾਰ ਲਈ ਬਿਆਨਬਾਜੀ ਦੇ ਪੱਧਰ ਤੋਂ ਉੱਪਰ ਉਠ ਕੇ ਕੰਮ ਕੀਤਾ ਜਾਣਾ ਬਹੁਤ ਜਰੂਰੀ ਹੈ ਜਿਸਦੀ ਹੁਣ ਤਕ ਤਾਂ ਅਣਹੋਂਦ ਹੀ ਰਹੀ ਹੈ|

Leave a Reply

Your email address will not be published. Required fields are marked *