ਕਿਸਾਨਾਂ ਦੇ ਕਰਜੇ ਮਾਫ ਕਰਨ ਦਾ ਵਾਇਦਾ ਪੂਰਾ ਕਰਨ ਦੀ ਸਮਰਥ ਹੋਵੇਗੀ ਪੰਜਾਬ ਸਰਕਾਰ?

ਪਿਛਲੇ ਦਿਨੀਂ ਪੰਜਾਬ ਦੀ ਸੱਤਾ ਤੇ ਕਾਬਿਜ ਹੋਣ ਵਾਲੀ ਕਾਂਗਰਸ ਪਾਰਟੀ ਵਲੋਂ ਚੋਣਾਂ ਦੌਰਾਨ ਸੂਬੇ ਦੇ ਕਿਸਾਨਾਂ  ਨਾਲ ਇਹ ਵਾਇਦਾ ਕੀਤਾ ਗਿਆ ਸੀ ਕਿ ਨਵੀਂ ਸਰਕਾਰ ਵਲੋਂ ਕਰਜੇ ਦੇ ਭਾਰ ਹੇ ਦਬੇ ਕਿਸਾਨਾਂ ਨੂੰ ਰਾਹਤ ਦੇਣ ਲਈ ਉਹਨਾਂ ਦੇ ਕਰਜੇ ਮਾਫ ਕੀਤੇ ਜਾਣਗੇ ਅਤੇ ਹੁਣ ਜਦੋਂ ਕਾਂਗਰਸ ਪਾਰਟੀ ਵਲੋਂ ਪੰਜਾਬ ਦੀ ਸੱਤਾ ਦੀ ਕਮਾਨ ਸੰਭਾਲ ਲਈ ਗਈ ਹੈ, ਕਿਸਾਨਾਂ ਦੀ ਕਰਜਾ ਮਾਫੀ ਦੀ ਮੰਗ ਵੀ ਜੋਰ ਸ਼ੋਰ ਨਾਲ ਉਠਣ ਲੱਗ ਪਹੀ ਹੈ| ਪੰਜਾਬ ਦੇ ਨਾਲ ਹੀ ਉੱਤਰ ਪ੍ਰਦੇਸ਼ ਵਿਧਾਨਸਭਾ ਦੀਆਂ ਚੋਣਾਂ ਵਿੱਚ ਜਿੱਤ ਹਾਸਿਲ ਕਰਨ ਵਾਲੀ ਭਾਜਪਾ ਸਰਕਾਰ ਵਲੋਂ ਯੂ. ਪੀ. ਦੇ ਛੌਟੇ ਕਿਸਾਨ ਨੂੰ ਰਾਹਤ ਦਿੰਦਿਆਂ ਉੱਥੇ ਕਿਸਾਨਾਂ ਦਾ ਇੱਕ ਲੱਖ ਰੁਪਏ ਤਕ ਦਾ ਕਰਜਾ ਮਾਫ ਕਰ ਦਿੱਤਾ ਗਿਆ ਹੈ ਅਤੇ ਇਸਦੇ ਨਾਲ ਹੀ ਵਿਰੋਧੀ ਪਾਰਟੀਆਂ ਵਲੋਂ ਪੰਜਾਬ ਸਰਕਾਰ ਤੇ ਕਿਸਾਨਾਂ ਦੇ ਕਰਜੇ ਮਾਫ ਕਰਨ ਦੀ ਕਾਰਵਾਈ ਮੁਕੰਮਲ ਕਰਨ ਲਈ ਦਬਾਓ ਵਧਾ ਦਿੱਤਾ ਗਿਆ ਹੈ|
ਸੂਬੇ ਦੇ ਕਿਸਾਨਾਂ ਦੀ ਕਰਜਿਆਂ ਦੇ ਭਾਰ ਹੇਠ ਦਬੇ ਹੋਣ ਦੀ ਸਮੱਸਿਆ ਦਾ ਅੰਦਾਜਾ ਇਸ ਨਾਲ ਲਗਾਇਆ ਜਾ ਸਕਦਾ ਹੈ ਕਿ ਪਿਛਲੇ ਸਮੇਂ ਦੌਰਾਨ ਪੰਜਾਬ ਵਿੱਚ ਕਿਸਾਨਾਂ ਵਲੋਂ ਕਰਜਾ ਨਾ ਮੋੜ ਸਕਣ ਕਾਰਨ ਖੁਦਕੁਸ਼ੀਆਂ ਕੀਤੇ ਜਾਣ ਦੀਆਂ ਘਟਨਾਵਾਂ ਵਿੱਚ ਲਗਾਤਾਰ ਵਾਧਾ ਦਰਜ ਕੀਤਾ ਜਾਂਦਾ ਰਿਹਾ ਹੈ| ਇੱਕ ਮਹੀਨਾ ਪਹਿਲਾਂ ਤਕ ਹਰ ਰੋਜ ਹੀ ਸੂਬੇ ਦੇ ਕਿਸੇ ਨਾ ਕਿਸੇ ਖੇਤਰ ਤੋਂ ਅਜਿਹੀ ਕੋਈ ਨਾ ਕੋਈ ਮਨਹੂਸ ਖਬਰ ਸਾਮ੍ਹਣੇ ਆਉੱਦੀ ਰਹੀ ਹੈ ਕਿ ਫਲਾਂ ਪਿੰਡ ਵਿੱਚ ਕਰਜੇ ਦੇ ਭਾਰ  ਹੇਠ ਦਬੇ ਕਿਸੇ ਕਿਸਾਨ ਨੇ ਦੁਖੀ ਹੋ ਕੇ ਖੁਦਕੁਸ਼ੀ ਕਰ ਲਈ| ਅਜਿਹੀ ਕੋਈ ਨਾ ਕਈ ਘਟਨਾ ਲਗਭਗ ਹਰ ਰੋਜ ਹੀ ਵਾਪਰਦੀ ਰਹੀ ਹੈ ਪਰੰਤੂ ਪਿਛਲੇ ਦਸ ਸਾਲਾਂ ਦੌਰਾਨ ਪੰਜਾਬ ਦੀ ਸੱਤਾ ਤੇ ਕਾਬਜ ਰਹੀ ਅਕਾਲੀ ਭਾਜਪਾ ਸਰਕਾਰ (ਜਿਸ ਵਲੋਂ ਖੁਦ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਹੋਣ ਦਾ ਦਾਅਵਾ ਕੀਤਾ ਜਾਂਦਾ ਹੈ) ਨੇ ਕਦੇ ਵੀ ਇਸਨੂੰ ਗੰਭੀਰਤਾ ਨਾਲ ਨਹੀਂ ਲਿਆ|
ਪੰਜਾਬ ਦੇ ਕਿਸਾਨਾਂ ਦੀ ਹਾਲਤ ਇਹ ਹੈ ਕਿ ਸਾਡੇ 68 ਫੀਸਦੀ ਕਿਸਾਨ ਇਸ ਵੇਲੇ ਕਰਜੇ ਦੀ ਮਾਰ ਹੇਠ ਹਨ ਅਤੇ ਉਹਨਾਂ ਵਲੋਂ ਆਪਣੇ ਕਰਜਿਆਂ ਦੀ ਭਰਪਾਈ ਕਰਨੀ ਔਖੀ ਹੋ ਰਹੀ ਹੈ| ਸਾਡੇ ਸੂਬੇ ਵਿਚਲੇ ਕਿਸਾਨਾਂ ਦੇ ਕਰਜੇ ਦੀ ਇਹ ਸਮੱਸਿਆ ਹੋਰ ਵੀ ਗੰਭੀਰ ਕਿਸਮ ਦੀ ਹੈ ਕਿਉਂਕਿ ਪੰਜਾਬ ਦਾ ਕਿਸਾਨ ਆਮ ਤੌਰ ਤੇ ਸਰਕਾਰੀ ਬੈਂਕਾਂ ਤੋਂ ਕਰਜਾ ਹਾਸਿਲ ਕਰਨ ਦੀ ਥਾਂ ਨਿੱਜੀ ਸ਼ਾਹੂਕਾਰਾਂ ਅਤੇ ਆੜ੍ਹਤੀਆਂ ਤੋਂ ਕਰਜਾ ਲੈਂਦਾ ਹੈ ਜਿਹਨਾਂ ਵਲੋਂ ਭਾਵੇਂ ਕਿਸਾਨ ਨੂੰ ਲੋੜੀਂਦੇ ਕਰਜੇ ਦੀ ਰਕਮ ਤਾਂ ਤੁਰੰਤ ਮੁਹਈਆ ਕਰਵਾ ਦਿੱਤੀ ਜਾਂਦੀ ਹੈ ਪਰੰਤੂ ਇਹਨਾਂ ਸ਼ਾਹੂਕਾਰਾਂ ਵਲੋਂ ਆਪਣੇ ਤੋਂ ਕਰਜਾ ਲੈਣ ਵਾਲੇ ਗਰੀਬ ਕਿਸਾਨਾਂ ਤੋਂ ਜਿਹੜਾ ਵਿਆਜ ਵਸੂਲ ਕੀਤਾ ਜਾਂਦਾ ਹੈ ਉਹ ਬੈਂਕਾਂ ਦੇ ਮੁਕਾਬਲੇ ਕਈ ਗੁਨਾ ਜਿਆਦਾ ਹੁੰਦਾ ਹੈ| ਇਸਦਾ ਨਤੀਜਾ ਇਹ ਹੁੰਦਾ ਹੈ ਕਿ ਇੱਕ ਵਾਰ ਇਸ ਕਰਜੇ ਦੇ ਮਕੜਜਾਲ ਵਿੱਚ ਉਲਝਣ ਤੋਂ ਬਾਅਦ ਵਿਆਜ ਦੀ ਇਹ ਰਕਮ ਚੁਕਾਉਂਦੇ ਚੁਕਾਉਂਦੇ ਕਿਸਾਨ ਖੁਦ ਤਾਂ ਖਤਮ ਹੋ ਜਾਂਦਾ ਹੈ ਪਰੰਤੂ ਉਸਦੇ ਕਰਜੇ ਦਾ ਇਹ ਫੇਰ ਖਤਮ ਨਹੀਂ ਹੁੰਦਾ|
ਕਾਂਗਰਸ ਪਾਰਟੀ ਵਲੋਂ ਵਿਧਾਨਸਭਾ ਚੋਣਾਂ ਤੋਂ ਪਹਿਲਾਂ ਇਹ ਵਾਇਦਾ ਕੀਤਾ ਗਿਆ ਸੀ ਕਿ ਪੰਜਾਬ ਵਿੱਚ ਕਾਂਗਰਸ ਪਾਰਟੀ ਵਲੋਂ ਸੱਤਾ ਸੰਭਾਲਣ ਤੋਂ ਬਾਅਦ ਸੂਬੇ ਦੇ ਕਿਸਾਨਾਂ ਦਾ ਪੂਰਾ ਕਰਜਾ (ਆੜਤੀਆਂ ਅਤੇ ਬੈਂਕਾ ਦਾ ਮੁਕੰਮਲ ਕਰਜਾ) ਮਾਫ ਕੀਤਾ            ਜਾਵੇਗਾ ਅਤੇ ਹੁਣ ਪੰਜਾਬ ਦੇ ਕਿਸਾਨ ਆਸ ਭਰੀਆਂ ਨਜਰਾਂ ਨਾਲ ਸਰਕਾਰ ਵੱਲ ਵੇਖ ਰਹੇ ਹਨ| ਇਸ ਸੰਬੰਧੀ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਲੋਂ ਕੁੱਝ ਸਮਾਂ ਪਹਿਲਾਂ ਦਿੱਲੀ ਜਾ ਕੇ ਪ੍ਰਧਾਨ ਮੰਤਰੀ ਨਾਲ ਮੁਲਾਕਾਤ ਕਰਕੇ ਪੰਜਾਬ ਦੇ ਕਿਸਾਨਾਂ ਦੇ ਕਰਜੇ ਮਾਫ ਕਰਨ ਦੀ ਮੰਗ ਵੀ ਕੀਤੀ ਜਾ ਚੁੱਕੀ ਹੈ ਪਰੰਤੂ ਪ੍ਰਧਾਨਮੰਤਰੀ ਵਲੋਂ ਉਹਨਾਂ ਦੀ ਮੰਗ ਤੇ ਹਾਂ ਪੱਖੀ ਹੁੰਗਾਰਾ ਦੀ ਥਾਂ ਫਿਲਹਾਲ ਇਸ ਮੰਗ ਨੂੰ ਟਾਲ ਦਿੱਤਾ ਗਿਆ ਹੈ|
ਅਜਿਹੇ ਵਿੱਚ ਸਵਾਲ ਇਹ ਉਠਦਾ ਹੈ ਕਿ ਕੀ ਪੰਜਾਬ ਸਰਕਾਰ ਸੂਬੇ ਦੇ ਕਿਸਾਨਾਂ ਦਾ ਕਰਜਾ ਮਾਫ ਕਰਨ ਦੀ ਸਮਰਥ ਹੋ ਪਾਏਗੀ| ਪੰਜਾਬ ਸਰਕਾਰ ਦੀ ਮੌਜੂਦਾ ਆਰਥਿਕ ਸਥਿਤੀ ਨੂੰ ਵੇਖਦਿਆਂ ਅਜਿਹਾ ਮੁਮਕਿਨ ਨਹੀਂ ਲੱਗਦਾ| ਰਾਜ ਸਰਕਾਰ ਦੇ ਖਜਾਨੇ ਦੀ ਹਾਲਤ ਇਹ ਹੈ ਕਿ ਉਸ ਕੋਲ ਤਾਂ ਇਸ ਵੇਲੇ ਆਪਣੇ ਮੁਲਾਜਮਾਂ ਨੂੰ ਤਨਖਾਹਾਂ ਦੇਣ ਜੋਗੇ ਵੀ ਪੈਸੇ ਨਹੀਂ ਹਨ ਅਤੇ ਕਿਸਾਨਾਂ ਦਾ ਕਰਜਾ ਮਾਫ ਕਰਨਾ ਬਹੁਤ ਦੂਰ ਦੀ ਗੱਲ ਹੈ| ਵੇਖਣਾ ਇਹ ਹੈ ਕਿ ਸਰਕਾਰ ਕਿਸਾਨਾਂ ਦੀ ਕਰਜਾ ਮਾਫੀ ਕਰਨ ਦੇ ਆਪਣੇ ਵਾਇਦੇ ਤੇ ਖਰਾ ਉਤਰਨ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੀ ਹੈ|

Leave a Reply

Your email address will not be published. Required fields are marked *