ਕਿਸਾਨਾਂ ਦੇ ਗਮਾਡਾ ਨਾਲ ਸਬੰਧਿਤ ਮਸਲੇ ਹੱਲ ਕੀਤੇ ਜਾਣਗੇ: ਸਿੱਧੂ

ਐਸ ਏ ਐਸ ਨਗਰ, 8  ਅਪ੍ਰੈਲ (ਸ.ਬ.) ਮੁਹਾਲੀ ਸ਼ਹਿਰ ਦੇ ਵਸਨੀਕਾਂ ਅਤੇ ਹਲਕੇ ਦੇ ਪਿੰਡਾਂ ਦੇ ਕਿਸਾਨਾਂ ਕਿਸਾਨਾਂ ਦੀਆਂ ਪਿਛਲੇ ਲੰਮੇ ਸਮੇਂ ਤੋਂ ਲਟਕ ਰਹੀਆਂ ਮੰਗਾਂ ਦੇ ਹੱਲ ਲਈ ਅੱਜ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਇਲਾਕੇ ਦੇ ਕਿਸਾਨਾਂ ਦੇ ਇਕ ਵਫਦ ਨੂੰ ਨਾਲ ਲੈ ਕੇ ਗਮਾਡਾ ਦੇ ਵਾਈਸ ਚੇਅਰਮੈਨ ਅਤੇ ਅਡੀਸ਼ਨਲ ਚੀਫ ਸੈਕਟਰੀ ਸੀਨੀਅਰ ਆਈ.ਏ.ਐਸ ਅਧਿਕਾਰੀ ਵਿੰਨੀ ਮਹਾਜਨ, ਗਮਾਡਾ ਦੇ ਮੁੱਖ ਪ੍ਰਸ਼ਾਸਕ ਰਵੀ ਭਗਤ ਅਤੇ ਅਸਟੇਟ ਅਫਸਰ ਸੁਖਜੀਤਪਾਲ ਸਿੰਘ ਨਾਲ ਮੀਟਿੰਗ ਕੀਤੀ| ਇਸ ਸਬੰਧੀ ਜਾਣਕਾਰੀ ਦਿੰਦਿਆਂ ਵਿਧਾਇਕ ਦੇ ਸਿਆਸੀ ਸਕੱਤਰ         ਹਰਕੇਸ਼ ਚੰਦ ਸ਼ਰਮਾ ਮੱਛਲੀ ਕਲਾਂ ਨੇ ਦੱਸਿਆ ਕਿ ਲਗਭਗ ਇਕ ਘੰਟੇ ਤੋਂ ਜ਼ਿਆਦਾ ਸਮੇਂ ਤੱਕ ਚਲੀ ਇਸ ਮੀਟਿੰਗ ਦੌਰਾਨ ਗਮਾਡਾ ਦੇ ਅਧਿਕਾਰੀਆਂ ਨੇ ਕਿਸਾਨਾਂ ਦੀਆਂ ਸਮੱਸਿਆਵਾਂ ਨੂੰ ਬੜੇ ਹੀ ਧਿਆਨ ਨਾਲ ਸੁਣਿਆ ਅਤੇ ਇਨ੍ਹਾਂ ਨੂੰ ਜਲਦ ਹੱਲ ਕਰਨ ਦਾ ਭਰੋਸਾ ਵੀ ਦਿਵਾਇਆ|
ਮੀਟਿੰਗ ਦੌਰਾਨ ਗਮਾਡਾ ਦੇ ਵਾਈਸ ਚੇਅਰਮੈਨ ਵਿੰਨੀ ਮਹਾਜਨ ਨੇ ਸਬੰਧਤ ਅਫਸਰਾਂ ਨੂੰ ਮੌਕੇ ਤੇ ਹੀ ਕਿਸਾਨਾਂ ਨੂੰ ਮੁਫਤ ਸਹੂਲਤ                ਸਰਟੀਫਿਕੇਟ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਕਿਹਾ ਕਿ ਇਲਾਕੇ ਦੇ ਕਿਸਾਨਾਂ ਨੇ ਪੰਜਾਬ ਅੰਦਰ ਜਿਥੇ ਵੀ ਜ਼ਮੀਨ ਖਰੀਦੀ ਹੋਈ ਹੈ, ਉਥੇ ਪਹਿਲ ਦੇ ਅਧਾਰ ਉਤੇ ਟਿਊਬਵੈਲ ਕੁਨੈਕਸ਼ਨ ਜਾਰੀ ਕੀਤੇ ਜਾਣ| ਮੀਟਿੰਗ ਦੌਰਾਨ ਗਮਾਡਾ ਅਧਿਕਾਰੀਆਂ ਨੇ ਇਸ ਗੱਲ ਉਤੇ ਵੀ ਸਹਿਮਤੀ ਪ੍ਰਗਟਾਈ ਕਿ ਜਿਹੜੇ ਵੀ ਕਿਸਾਨਾਂ ਪਲਾਟ ਆਪਣੇ ਕੋਲ ਰੱਖਣਗੇ, ਉਨ੍ਹਾਂ ਦੀ ਸੀ.ਡੀ ਮੁਫਤ ਹੋਵੇਗੀ| ਮੀਟਿੰਗ ਦੌਰਾਨ ਹਰਜੀਤ ਸਿੰਘ ਭੋਲੂ ਨਾਂਅ ਦੇ ਕਿਸਾਨ ਦੁਆਰਾ ਸਹੂਲਤ ਸਰਟੀਫਿਕੇਟ ਜਾਰੀ ਕਰਨ ਦਾ ਮੁੱਦਾ ਚੁਕਿਆ ਗਿਆ ਅਤੇ ਦੱਸਿਆ ਕਿ ਉਹ ਇਸ ਕੰਮ ਲਈ ਕਾਫੀ ਸਮੇਂ ਤੋਂ ਗਮਾਡਾ ਦਫਤਰ ਦੇ ਚੱਕਰ ਕੱਟ ਰਹੇ ਹਨ, ਪਰ ਉਨ੍ਹਾਂ ਦੀ ਕਿਧਰੇ ਕੋਈ ਸੁਣਵਾਈ ਨਹੀਂ ਸੀ ਹੋਈ| ਇਹ ਗੱਲ ਸੁਣਕੇ ਵਾਈਸ ਚੇਅਰਮੈਨ ਵਿੰਨੀ ਮਹਾਜਨ ਨੇ ਮੌਕੇ ਉਤੇ ਹੀ ਸਬੰਧਤ ਅਫਸਰਾਂ ਨੂੰ ਸਹੂਲਤ ਸਰਟੀਫਿਕੇਟ ਤੁਰੰਤ ਜਾਰੀ ਕਰਨ ਦੇ ਹੁਕਮ ਦਿੱਤੇ ਅਤੇ ਤੁਰੰਤ ਹੀ ਸ੍ਰੀ ਭੋਲੂ ਨੂੰ           ਸਰਟੀਫਿਕੇਟ ਮਿਲਿਆ|
ਇਲਾਕੇ ਦੇ ਕਿਸਾਨਾਂ ਭਗਤ ਸਿੰਘ ਨਾਮਧਾਰੀ, ਹਰਜੀਤ ਸਿੰਘ ਭੋਲੂ,         ਹਰਨੇਕ ਸਿੰਘ ਮੌਲੀ ਬੈਦਵਾਣ, ਗੁਰਨਾਮ ਸਿੰਘ, ਪਲਵਿੰਦਰ ਸਿੰਘ, ਜਗਤਾਰ ਸਿੰਘ ਬਾਕਰਪੁਰ, ਰਣਧੀਰ ਸਿੰਘ ਚਾਓ ਮਾਜਰਾ ਅਤੇ ਮੁਹਾਲੀ ਪ੍ਰਾਪਰਟੀ ਕੰਸਲਟੈਂਟ ਐਸੋਸੀਏਸ਼ਨ ਦੇ ਪ੍ਰਧਾਨ         ਤੇਜਿੰਦਰ ਸਿੰਘ ਪੂਨੀਆ ਨੇ ਹਲਕਾ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਦੀ ਮੌਜੂਦਗੀ ਦੌਰਾਨ ਕਿਸਾਨਾਂ ਦੇ ਮਸਲੇ ਗਮਾਡਾ ਅਧਿਕਾਰੀਆਂ ਸਾਹਮਣੇ ਰੱਖੇ ਅਤੇ ਕਿਸਾਨਾਂ ਨੂੰ ਦਿੱਤੇ ਜਾਣ ਵਾਲੇ ਪਲਾਟਾਂ ਦਾ ਡਰਾਅ ਜਲਦ ਕੱਢਣ, ਦਰਖਤਾਂ, ਟਿਊਬਵੈਲਾਂ, ਪਾਈਪ ਲਾਈਨਾਂ ਅਤੇ ਕੋਠਿਆਂ ਦਾ ਮੁਆਵਜਾ ਛੇਤੀ ਦੇਣ ਅਤੇ ਕਲੱਬਿੰਗ ਦੇ ਕੇਸਾਂ ਦਾ ਨਿਪਟਾਰਾ ਕਰਨ ਦੀ ਮੰਗ ਕੀਤੀ, ਜਿਸ ਉਤੇ ਗਮਾਡਾ ਅਧਿਕਾਰੀਆਂ ਨੇ ਕਿਸਾਨਾਂ ਨੂੰ ਵਿਸ਼ਵਾਸ ਦਿਵਾਇਆ ਕਿ ਕਿਸਾਨਾਂ ਦੀਆਂ ਇਹ ਮੰਗਾਂ ਜਲਦ ਤੋਂ ਜਲਦ ਪੂਰੀਆਂ ਕੀਤੀਆਂ ਜਾਣਗੀਆਂ| ਇਸ ਮੌਕੇ ਗੱਲਬਾਤ ਕਰਦਿਆਂ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੇ ਕਿਹਾ ਕਿ ਉਹ ਇਲਾਕੇ ਦੇ ਕਿਸਾਨਾਂ ਅਤੇ ਸ਼ਹਿਰ ਵਾਸੀਆਂ ਦੇ ਗਮਾਡਾ ਨਾਲ ਸਬੰਧਤ ਸਾਰੇ ਮਸਲਿਆਂ  ਨੂੰ ਪਹਿਲ ਦੇ  ਅਧਾਰ ਉਤੇ ਹੱਲ ਕਰਵਾਉਣ ਲਈ ਵਚਨਬੱਧ ਹਨ|
ਮੀਟਿੰਗ ਦੌਰਾਨ ਸ. ਸਿੱਧੂ ਨੇ ਨੀਡ ਬੇਸਿਡ ਪਾਲਿਸੀ ਦਾ ਮਾਮਲਾ ਉਠਾਉਂਦੇ ਹੋਏ ਗਮਾਡਾ ਅਧਿਕਾਰੀਆਂ ਨੂੰ ਲੋਕਾਂ ਨੂੰ ਨੋਟਿਸ ਜਾਰੀ ਨਾ ਕਰਨ ਦੀ ਅਪੀਲ ਕੀਤੀ| ਇਸ ਤੋਂ ਇਲਾਵਾ ਸੈਕਟਰ 76 ਤੋਂ 80 ਅਤੇ ਅਕਾਲ ਆਸ਼ਰਮ ਕਾਲੋਨੀ ਦਾ ਮਾਮਲਾ ਵੀ ਗਮਾਡਾ ਅਧਿਕਾਰੀਆਂ ਸਾਹਮਣੇ ਰੱਖਿਆ| ਗਮਾਡਾ ਅਧਿਕਾਰੀਆਂ ਨੇ ਵਿਧਾਇਕ ਸ. ਬਲਬੀਰ ਸਿੰਘ ਸਿੱਧੂ ਨੂੰ ਉਕਤ ਮਸਲਿਆਂ ਦਾ ਵੀ ਪੱਕਾ ਹੱਲ ਜਲਦ ਤੋਂ ਜਲਦ ਕਰਨ ਦਾ ਵਿਸ਼ਵਾਸ ਦਿਵਾਇਆ|

Leave a Reply

Your email address will not be published. Required fields are marked *