ਕਿਸਾਨਾਂ ਦੇ ਮਸਲੇ ਹੱਲ ਕਰੇ ਸਰਕਾਰ: ਕਿਸਾਨ ਯੂਨੀਅਨ

ਐਸ ਏ ਐਸ ਨਗਰ, 16 ਨਵੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ ਏਕਤਾ (ਸਿੱਧੂਪੁਰ) ਦੀ ਮੀਟਿੰਗ ਜਿਲ੍ਹਾ ਪ੍ਰਧਾਨ ਰਵਿੰਦਰ ਸਿੰਘ ਦੇਹ ਕਲਾ ਪ੍ਰਧਾਨਗੀ ਹੇਠ ਹੋਈ ਜਿਸ ਵਿੱਚ ਪੰਜਾਬ ਮੀਤ ਪ੍ਰਧਾਨ ਮੇਹਰ ਸਿੰਘ ਥੇੜੀ ਤੇ ਖਜਾਨਚੀ ਮਾਨ ਸਿੰਘ ਰਾਜਪੁਰਾ ਵਿਸ਼ੇਸ਼ ਤੌਰ ਤੇ ਸ਼ਾਮਿਲ ਹੋਏ| ਇਸ ਮੌਕੇ ਬੋਲਦਿਆਂ ਕਿਸਾਨ ਆਗੂਆਂ ਨੇ ਕਿਹਾ ਕਿ ਪੰਜਾਬ ਦੀ ਕਿਸਾਨੀ ਬੁਰੀ ਤਰ੍ਹਾਂ ਡਾਵਾਂਡੋਲ ਹੋ ਚੁਕੀ ਹੈ ਕਿਉਕਿ ਇਸ ਝੋਨੇ ਦਾ ਝਾੜ 4 ਤੋਂ 6 ਪ੍ਰਤੀ ਏਕੜ ਕਵਿੰਟਲ ਘੱਟ ਨਿਕਲਿਆ ਹੈ| ਇਸਦਾ ਕਾਰਨ ਇਹ ਹੈ ਕਿ ਸਰਕਾਰ ਨੇ ਝੋਨਾ ਲੇਟ ਲਾਉਣ ਦੀਆਂ ਹਦਾਇਤਾਂ ਦਿੱਤੀਆਂ ਅਤੇ ਬੇਮੋਸਮੀ ਬਰਸਾਤ ਨੇ ਕਿਸਾਨਾਂ ਦੀ ਫਸਲ ਦਾ ਨੁਕਸਾਨ ਕੀਤਾ|
ਬੁਲਾਰਿਆਂ ਨੇ ਕਿਹਾ ਕਿ ਕੇਂਦਰ ਸਰਕਾਰ ਨੇ ਝੋਨੇ ਦਾ ਰੇਟ 200 ਰੁਪਏ ਵਧਾਇਆ ਸੀ ਪ੍ਰਰੰਤੂ ਪੰਜਾਬ ਦੇ ਕਿਸਾਨਾਂ ਨੂੰ 180 ਰੁਪਏ ਮਿਲਿਆ ਇਸ ਕਰਕੇ ਕਿਸਾਨਾਂ ਨੂੰ 400 ਕਰੋੜ ਰੁਪਏ ਲਗਭਗ ਘਾਟਾ ਪਿਆ| ਕਿਸਾਨਾਂ ਦਾ ਪਰਾਲੀ ਨੂੰ ਖੇਤ ਵਿੱਚ ਦਬਣ ਕਾਰਨ ਪ੍ਰਤੀ ਏਕੜ 4 ਤੋਂ 5 ਹਜ਼ਾਰ ਰੁਪਏ ਵਾਧੂ ਖਰਚਾ ਪੈ ਰਿਹਾ ਹੈ ਝੋਨਾ ਲੇਟ ਪੱਕਣ ਕਰਕੇ ਨਮੀ ਵੱਧ ਹੋਣ ਦੇ ਨਾਮ ਉਪਰ ਸਾਰੇ ਕਿਸਾਨਾਂ ਦਾ ਝੋਨਾ ਸੈਲਰਾ ਵੱਲੋਂ ਕੱਟ ਲਗਾ ਕੇ ਖਰੀਦਿਆ ਗਿਆ ਜਿਸ ਨੂੰ ਸੈਕੜੇ ਕਰੋੜ ਰੁਪਏ ਦਾ ਸਾਲਾਨਾ ਘਾਟਾ ਪਿਆ|
ਉਹਨਾਂ ਕਿਹਾ ਕਿ ਖੰਡ ਮਿੱਲਾਂ ਵੱਲ ਕਿਸਾਨਾਂ ਦਾ ਪਿਛਲੇ ਸਾਲ ਦਾ ਬਕਾਇਆ 420 ਕਰੋੜ ਦੇ ਲੱਗਭਗ ਰਹਿੰਦਾ ਹੈ ਜਿਹੜਾ ਸਰਕਾਰ ਨੇ ਹੁਣ ਤੱਕ ਨਹੀਂ ਦਿੱਤਾ| ਉਹਨਾਂ ਕਿਹਾ ਗਰੀਨ ਟ੍ਰਿਬੀਉਨਲ ਦੀ ਹਦਾਇਤਾਂ ਅਨੁਸਾਰ ਪੰਜਾਬ ਸਰਕਾਰ ਨੇ ਜੋ ਕਿਸਾਨਾਂ ਨੂੰ ਥੋੜੀ ਬਹੁਤੀ ਮਾਮੂਲੀ ਸਬਸੀਡੀ ਦਿੱਤੀ ਹੈ ਉਹ ਸੰਦ 60 ਹਾਸ ਪਾਵਰ ਤੋਂ ਹੇਠਾ ਖਿਚਦੇ ਹੀ ਨਹੀਂ| ਉਹਨਾਂ ਦਾ ਲਾਭ ਵੀ ਵਡੇ ਕਿਸਾਨ ਹੀ ਲੈ ਗਏ ਹਨ| ਪੰਜਾਬ ਵਿੱਚ ਬਹੁਤ ਛੋਟੇ ਕਿਸਾਨ ਹਨ ਜਿਹਨਾਂ ਕੋਲ ਇਹ ਸੰਦ ਚਲਾਉਣ ਵਾਲੀ ਵੱਡੀ ਮਸ਼ੀਨਰੀ ਹੈ ਹੀ ਨਹੀਂ| ਮੀਟਿੰਗ ਵਿੱਚ ਜਸਵੰਤ ਸਿੰਘ ਨਡਿਆਲੀ, ਬਲਜਿੰਦਰ ਸਿੰਘ ਭਜੋਲੀ, ਦਿਦਾਰ ਸਿੰਘ ਰੋੜਾ, ਗੁਰਜੰਟ ਸਿੰਘ, ਤਰਲੋਚਨ ਸਿੰਘ ਨਡਿਆਲਾ, ਬਲਜੀਤ ਸਿੰਘ ਰਡਿਆਲਾ, ਹਰਵਿੰਦਰ ਸਿੰਘ, ਗੁਰਦੇਵ ਸਿੰਘ ਜਡੋਲੀ ਬਲਾਕ ਪ੍ਰਧਾਨ ਰਾਜਪੁਰਾ, ਬਹਾਦਰ ਸਿੰਘ ਨਿਆਮੀਆ ਸ਼ਾਮਿਲ ਸਨ|

Leave a Reply

Your email address will not be published. Required fields are marked *