ਕਿਸਾਨਾਂ ਦੇ ਹੱਕ ਵਿੱਚ ਅਨਾਰਦਾਨਾ ਚੌਂਕ ਤੋਂ ਸ਼ੇਰਾ ਵਾਲਾ ਗੇਟ ਤੱਕ ਰੋਸ ਰੈਲੀ ਕੱਢੀ
ਪਟਿਆਲਾ, 3 ਫਰਵਰੀ (ਜਸਵਿੰਦਰ ਸੈਂਡੀ) ਪਟਿਆਲਾ ਸ਼ਹਿਰ ਵਿੱਚ ਵਪਾਰ ਮੰਡਲ ਅਤੇ ਸ਼ਹਿਰ ਨਿਵਾਸੀਆਂ ਵੱਲੋਂ ਕਿਸਾਨਾਂ ਦੇ ਹੱਕ ਵਿੱਚ ਸਥਾਨਕ ਅਨਾਰਦਾਨਾ ਚੌਂਕ ਤੋਂ ਸ਼ੇਰਾ ਵਾਲਾ ਗੇਟ ਤੱਕ ਇੱਕ ਰੋਸ ਰੈਲੀ ਕੱਢੀ ਗਈ। ਜਿਸ ਦੀ ਅਗਵਾਈ ਵਪਾਰ ਸੈਲ ਦੇ ਪ੍ਰਧਾਨ ਸ੍ਰੀ ਰਾਕੇਸ਼ ਗੁਪਤਾ ਵਲੋਂ ਕੀਤੀ ਗਈ।
ਇਸ ਮੌਕੇ ਉਨ੍ਹਾਂ ਕਿਹਾ ਕਿ ਮੋਦੀ ਸਰਕਾਰ ਦੀਆਂ ਨੀਤੀਆਂ ਲੋਕ ਮਾਰੂ ਹਨ ਅਤੇ ਇਸ ਸਰਕਾਰ ਵਲੋਂ ਪਹਿਲਾਂ ਵਪਾਰੀਆਂ ਅਤੇ ਹੁਣ ਕਿਸਾਨਾਂ ਦੇ ਹਿੱਤਾਂ ਦੇ ਖਿਲਾਫ ਫੈਸਲੇ ਲਏ ਹਨ। ਉਹਨਾਂ ਕਿਹਾ ਕਿ ਭਾਵੇਂ ਜੀਐਸਟੀ ਹੋਵੇ ਜਾਂ ਫਿਰ ਨੋਟਬੰਦੀ ਦਾ ਮਸਲਾ ਇਹ ਫੈਸਲੇ ਵਪਾਰੀਆਂ ਦੇ ਵੱਡੇ ਨੁਕਸਾਨ ਦਾ ਕਾਰਨ ਬਣੇ ਹਨ।
ਉਹਨਾਂ ਕਿਹਾ ਕਿ ਮੋਦੀ ਸਰਕਾਰ ਤਾਨਾਸ਼ਾਹੀ ਰਵੱਈਆ ਅਪਣਾ ਕੇ ਲੋਕਾਂ ਤੇ ਜਬਰੀ ਕਾਨੂੰਨ ਥੋਪ ਰਹੀ ਹੈ ਜਿਸਦਾ ਕਿਸਾਨ ਲੰਮੇ ਸਮੇਂ ਤੋਂ ਵਿਰੋਧ ਕਰਦੇ ਆ ਰਹੇ ਹਨ।
ਉਹਨਾਂ ਕਿਹਾ ਕਿ ਕੁੱਝ ਲੋਕ ਸੋਚਦੇ ਹਨ ਕਿ ਸ਼ਾਇਦ ਸਿਰਫ ਪਿੰਡ ਵਾਸੀ ਹੀ ਇਸ ਰੋਸ ਪ੍ਰਦਰਸ਼ਨ ਵਿਚ ਸ਼ਾਮਿਲ ਹਨ ਪਰੰਤੂ ਅੱਜ ਇਹ ਰੋਸ ਪ੍ਰਦਰਸ਼ਨ ਕਰਕੇ ਪਟਿਆਲਾ ਨਿਵਾਸੀਆਂ ਨੇ ਸਾਬਿਤ ਕੀਤਾ ਹੈ ਕਿ ਇਹ ਇੱਕ ਜਨਤਕ ਲਹਿਰ ਹੈ। ਉਨ੍ਹਾਂ ਕਿਹਾ ਕਿ ਇਹ ਕੋਈ ਪਿੰਡ ਜਾਂ ਸ਼ਹਿਰ ਦੀ ਗੱਲ ਨਹੀਂ ਸਗੋਂ ਕਿਸਾਨੀ ਦੀ ਗੱਲ ਹੈ ਅਤੇ ਹਰ ਵਰਗ ਕਿਸਾਨੀ ਦਾ ਸਮਰਥਨ ਕਰ ਰਿਹਾ ਹੈ।