ਕਿਸਾਨਾਂ ਦੇ ਹੱਕ ਵਿੱਚ ਅਮਰੀਕਾ ਦੇ ਸਿਨਸਿਨੇਟੀ ਵਿੱਚ ਨਿਕਲਿਆਂ ਰੋਸ ਮਾਰਚ
ਸਿਨਸਨੇਟੀ, 14 ਦਸੰਬਰ (ਧਰਮਪਾਲ ਉਪਾਸ਼ਕ) ਅਮਰੀਕਾ ਦੇ ਸਿਨਸਿਨੇਟੀ ਵਿਖੇ ਭਾਰਤ ਦੇ ਵੱਖ-ਵੱਖ ਰਾਜਾਂ ਦੇ ਕਿਸਾਨਾਂ ਵਲੋਂ ਦਿੱਲੀ ਵਿਖੇ ਚਲ ਰਹੇ ਕੇਂਦਰੀ ਸਰਕਾਰ ਦੇ ਕਿਸਾਨ ਮਾਰੂ ਜਬਰ ਵਿਰੁੱਧ ਭਾਰਤੀ ਲੋਕਾਂ ਅਤੇ ਖਾਸ ਕਰਕੇ ਪੰਜਾਬ ਦੇ ਅਮਰੀਕਾ ਵਿੱਚ ਰਹਿ ਰਹੇ ਲੋਕਾਂ ਨੇ ਵਿਸ਼ਾਲ ਰੈਲੀ ਕੱਢ ਕੇ ਕਿਸਾਨਾਂ ਦੇ ਹੱਕ ਵਿੱਚ ਜੋਰਦਾਰ ਪ੍ਰਦਰਸ਼ਨ ਕੀਤਾ| ਇਸ ਰੈਲੀ ਵਿੱਚ 400 ਤੋਂ ਵੱਧ ਵਾਹਨਾਂ ਅਤੇ ਹੋਰ ਸਾਧਨਾਂ ਰਾਹੀਂ ਦੋ ਹਜਾਰ ਤੋਂ ਵੱਧ ਲੋਕਾਂ ਨੇ ਸ਼ਮੂਲੀਅਤ ਕੀਤੀ|
ਇਹ ਰੈਲੀ ਸਿਨਸਨੇਟੀ ਦੇ ਗੁਰਦੁਆਰਾ ਸਾਹਿਬ ਤੋਂ ਸ਼ੁਰੂ ਹੋ ਕੇ ਸ਼ਹਿਰ ਦੇ ਵੱਖ-ਵੱਖ ਖੇਤਰਾਂ ਤੋਂ ਹੁੰਦੀ ਹੋਈ ਵੈਸਟ ਚੈਸਟਰ ਦੇ ਯੂਨੀਅਨ ਸਕੇਅਰ ਵਿਖੇ ਸ਼ਾਮ 5 ਵਜੇ ਸਮਾਪਤ ਹੋਈ| ਰੈਲੀ ਵਿੱਚ ਸਿਨਸਨੇਟੀ ਨਾਲ ਲੱਗਦੇ ਡੇਟਨ, ਕੋਲੰਬਸ, ਲੂਈ ਵਿਲ, ਮਿਸ਼ੀਗਨ, ਇੰਡੀਆਨਾ ਅਤੇ ਹੋਰ ਸ਼ਹਿਰਾਂ ਤੋਂ ਆਏ ਲੋਕਾਂ ਨੇ ਕਿਸਾਨਾਂ ਦੇ ਹੱਕ ਵਿੱਚ ਜੋਰ ਦਾਰ ਵਿਖਾਵਾ ਕਰਦਿਆ ਕਿਸਾਨ ਵਿਰੋਧੀ ਆਰਡੀਨੈਂਸ ਤੁੰਰਤ ਵਾਪਿਸ ਲੈਣ ਦੀ ਅਪੀਲ ਕੀਤੀ|
ਇਸ ਮੌਕੇ ਰੈਲੀ ਨੂੰ ਸੰਬੋਧਨ ਕਰਦਿਆਂ ਤਰਲੋਚਨ ਸਿੰਘ, ਡਾ. ਸਤਿੰਦਰ ਸਿੰਘ ਭੋਗਲ, ਅਨਮੋਲ ਸਿੰਘ ਮਾਵੀ, ਹਰੀਸ਼ ਵਰਮਾ (ਫਿਲਮ ਕਲਾਕਾਰ), ਬੌਬ ਖਹਿਰਾ, ਭੂਪਿੰਦਰ ਕੇ. ਮਾਵੀ, ਗੁਰਦੀਪ ਸਿੱਧੂ, ਪ੍ਰਮਿੰਦਰ ਬਾਸੀ, ਜਤਿੰਦਰ ਕੌਰ, ਲਵਪ੍ਰੀਤ ਸਿੰਘ ਪਾਸਲਾ, ਐਰਕ ਸਿੰਘ, ਅਸੀਸ ਕੌਰ, ਪ੍ਰਿੰਸੀਪਲ ਰਣਦੀਪ ਧਾਰਨੀ, ਬਲਵਿੰਦਰ ਕੌਰ ਫੰਟੂ ਅਤੇ ਹਮਿਲੰਟਨ ਕਾਉਂਟੀ ਕਲਰਕ ਆਫ ਕੋਰਟ ਮਿਸਟਰ ਅਫਤਾਬ ਪੁਰੇਵਾਲ ਨੇ ਭਾਰਤ ਦੀ ਕੇਂਦਰ ਸਰਕਾਰ ਤੇ ਦੋਸ਼ ਲਗਾਇਆ ਕਿ ਉਸ ਵਲੋਂ ਅਨੇਕਾਂ ਟੀ.ਵੀ. ਚੈਨਲਾਂ ਤੇ ਦਬਾਅ ਪਾ ਕੇ ਕਿਸਾਨ ਸੰਘਰਸ਼ ਵਿਰੁੱਧ ਗਲਤ ਪ੍ਰਚਾਰ ਕੀਤਾ ਜਾ ਰਿਹਾ ਹੈ| ਉਹਨਾਂ ਕਿਹਾ ਕਿ ਕਿਸਾਨ ਆਪਣੇ ਬਲਬੂਤੇ ਤੇ ਸੰਘਰਸ਼ ਕਰ ਰਹੇ ਹਨ| ਜਿਨ੍ਹਾਂ ਨੂੰ ਦੁਨੀਆਂ ਭਰ ਦੇ ਲੋਕਾਂ ਅਤੇ ਕਿਸਾਨਾਂ ਦੀ ਪੂਰੀ ਹਿਮਾਇਤ ਪ੍ਰਾਪਤ ਹੈ| ਉਹਨਾਂ ਕਿਹਾ ਕਿ ਪੰਜਾਬ ਅਤੇ ਦੇਸ਼ ਦੇ ਸਮੂਹ ਲੋਕਾਂ ਵਲੋਂ ਮਿਲ ਰਹੇ ਹੁੰਗਾਰੇ ਨੂੰ ਕੇਂਦਰ ਚੰਗੀ ਤਰ੍ਹਾਂ ਜਾਣ ਰਹੀ ਹੈ| ਉਹਨਾਂ ਕਿਹਾ ਕਿ ਇਸ ਸਮੇਂ ਕੇਂਦਰ ਸਰਕਾਰ ਨਾਲ ਸੰਬਧਿਤ ਭਾਜਪਾ ਦੇ ਐਮ.ਪੀ. ਅਤੇ ਹੋਰ ਬੁਲਾਰੇ ਫਿਰਕੂਪੂਣੇ ਨੂੰ ਹਵਾ ਦੇਣ ਲਈ ਹਰ ਤਰ੍ਹਾਂ ਦੇ ਗਲਤ ਰੁਝਾਨਾਂ ਵਿੱਚ ਲੱਗੇ ਹੋਏ ਹਨ|
ਬੁਲਾਰਿਆਂ ਨੇ ਮੁੱਖ ਤੌਰ ਤੇ ਕਿਹਾ ਕਿ ਕੇਂਦਰ ਨੇ ਕਿਸਾਨਾਂ ਦੇ ਸ਼ਾਂਤਮਈ ਅੰਦੋਲਨ ਵਿੱਚ ਗਲਤ ਦਖਲ ਦੇਣ ਦੀ ਕੋਸ਼ਿਸ਼ ਕੀਤੀ ਤਾਂ ਇਸਦੇ ਗੰਭੀਰ ਸਿੱਟੇ ਨਿਕਲ ਸਕਦੇ ਹਨ| ਉਹਨਾਂ ਕਿਹਾ ਕਿ ਦੇਸ਼ ਦਾ ਹਰ ਵਿਅਕਤੀ ਸਿੱਧੇ ਜਾਂ ਅਸਿੱਧੇ ਤੌਰ ਤੇ ਖੇਤੀਬਾੜੀ ਨਾਲ ਜੁੜਿਆ ਹੋਇਆ ਹੈ| ਇਸ ਰੈਲੀ ਦੇ ਸੰਚਾਲਨ ਦੀ ਜਿੰਮੇਵਾਰੀ ਕੁਮਾਰ ਪਵਨ ਦੀਪ ਵਲੋਂ ਨਿਭਾਈ ਗਈ|