ਕਿਸਾਨਾਂ ਨਾਲ ਕੀਤੇ ਵਾਅਦੇ ਪੂਰੇ ਕਰੇ ਕਾਂਗਰਸ ਸਰਕਾਰ: ਕਿਸਾਨ ਆਗੂ

ਚੰਡੀਗੜ੍ਹ, 19 ਸਤੰਬਰ (ਸ.ਬ.) ਭਾਰਤੀ ਕਿਸਾਨ ਯੂਨੀਅਨ (ਕਾਦੀਆਂ) ਦੀ ਇੱਕ ਮੀਟਿੰਗ ਕਿਸਾਨ ਭਵਨ, ਸੈਕਟਰ-35 ਏ ਚੰਡੀਗੜ੍ਹ ਵਿਖੇ ਹੋਈ| ਜਿਸ ਵਿੱਚ ਯੂਨੀਅਨ ਦੇ ਸੂਬਾ ਅਹੁਦੇਦਾਰ ਅਤੇ ਜਿਲ੍ਹਾ ਪ੍ਰਧਾਨ ਹਜ਼ਾਰ ਹੋਏ|
ਇਸ ਮੌਕੇ ਸੰਬੋਧਨ ਕਰਦਿਆਂ ਯੂਨੀਅਨ ਦੇ ਪ੍ਰਧਾਨ ਹਰਮੀਤ ਸਿੰਘ ਕਾਦੀਆਂ ਨੇ ਕਿਹਾ ਕਿ ਸਾਲ 2017 ਵਿੱਚ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਕਾਂਗਰਸ ਪਾਰਟੀ ਵੱਲੋਂ ਕਿਸਾਨਾਂ ਨਾਲ ਵਾਅਦਾ ਕੀਤਾ ਗਿਆ ਸੀ ਕਿ ਉਹਨਾਂ ਦੀ ਪਾਰਟੀ ਵੱਲੋਂ ਸਰਕਾਰ ਬਣਨਾ ਤੇ ਕਿਸਾਨਾਂ ਦੇ ਸਾਰੇ ਕਰਜੇ (ਆੜ੍ਹਤੀਆਂ ਸਮੇਤ) ਮਾਫ ਕੀਤੇ ਜਾਣਗੇ ਪਰੰਤੂ ਹੁਣ ਸਰਕਾਰ ਆਪਣੇ ਵਾਇਦੇ ਤੋਂ ਭੱਜ ਰਹੀ ਹੈ| ਉਹਨਾਂ ਕਿਹਾ ਕਿ ਕਿਸਾਨਾਂ ਨੂੰ ਕਰਜਾ ਮੁਕਤ ਕਰਵਾਇਆ ਜਾਵੇ ਤਾਂ ਜੋ ਕਿਸਾਨਾਂ ਦੀਆਂ ਹੁੰਦੀਆ ਖੁਦਕੁਸ਼ੀਆਂ ਨੂੰ ਰੋਕਿਆ ਜਾ ਸਕੇ| ਉਹਨਾਂ ਕਿਹਾ ਕਿ ਚੋਣ ਮਨੋਰਥ ਪੱਤਰ ਨੂੰ ਇਕ ਕਾਨੂੰਨੀ ਦਸਤਾਵੇਜ ਵੱਜੋ ਮਾਨਤਾ ਦਿੱਤੀ ਜਾਵੇ ਤਾਂ ਕਿ ਕੋਈ ਵੀ ਰਾਜਨੀਤਿਕ ਪਾਰਟੀ ਲੋਕਾਂ ਦਾ ਨਜ਼ਾਇਜ ਫਾਇਦਾ ਨਾ ਉਠਾ ਸਕੇ|
ਇਸ ਮੌਕੇ ਸੰਬੋਧਨ ਕਰਦਿਆਂ ਪਾਕਿਸਾਨ ਆਗੂਆਂ ਨੇ ਕਿਹਾ ਕਿ ਝੋਨੇ ਦੀ ਪਰਾਲੀ ਨੂੰ ਕਿਸਾਨਾਂ ਵੱਲੋਂ ਅੱਗ ਲਗਾਉਣਤੋਂ ਰੋਕਣ ਲਈ 5000 ਰੁਪਏ ਪ੍ਰਤੀ ਏਕੜ ਦੇ ਹਿਸਾਬ ਨਾਲ ਧਨ ਰਾਸ਼ੀ ਦਿੱਤੀ ਜਾਵੇ, ਕਰਜਿਆਂ ਕਾਰਨ ਕਿਸਾਨਾਂ ਦੀਆਂ ਗ੍ਰਿਫਤਾਰੀਆਂ ਰੋਕੀਆਂ ਜਾਣ ਅਤੇ ਸਰਕਾਰ ਵੱਲੋਂ ਕੀਤੇ ਵਾਅਦੇ ਮੁਤਾਬਿਕ ਕਰਜੇ ਕਿਸਾਨਾਂ ਦੀਆਂ ਜਮੀਨਾਂ ਨੂੰ ਕੁਰਕ ਹੋਣ ਤੋਂ ਰੋਕਿਆ ਜਾਵੇ| ਬੁਲਾਰਿਆਂ ਨੇ ਮੰਗ ਕੀਤੀ ਕਿ ਕਿਸਾਨਾਂ ਦਾ ਖੰਡ ਮਿੱਲਾਂ ਵੱਲ ਬਕਾਇਆ ਤੁਰੰਤ ਜਾਰੀ ਕੀਤਾ ਜਾਵੇ ਅਤੇ ਅੱਗੇ ਤੋਂ 14 ਦਿਨਾਂ ਦੇ ਵਿੱਚ ਭੁਗਤਾਨ ਯਕੀਨੀ ਬਣਾਇਆ ਜਾਵੇ| ਉਹਨਾਂ ਕਿਹਾ ਕਿ ਆਵਾਰਾ ਪਸ਼ੂਆਂ ਦੀ ਸਾਂਭ ਸੰਭਾਲ ਸਰਕਾਰ ਆਪਣੇ ਪੱਧਰ ਤੇ ਕਰੇ ਕਿਉਂਕਿ ਗਊ ਸੈਸ ਜਨਤਾ ਤੋਂ ਵਸੂਲਿਆਂ ਜਾ ਰਿਹਾ ਹੈ ਇਸ ਦਾ ਸਹੀ ਇਸਤੇਮਾਲ ਨਹੀਂ ਹੋ ਰਿਹਾ| ਪੰਜਾਬ ਵਿੱਚ ਆਵਾਰਾ ਕੁੱਤਿਆਂ ਦੀ ਵੱਧਦੀ ਆਬਾਦੀ ਪ੍ਰੇਸ਼ਾਨੀ ਦਾ ਕਾਰਨ ਬਣ ਰਹੀ ਹੈ| ਬੱਚਿਆਂ, ਔਰਤਾਂ ਅਤੇ ਬਜ਼ੁਰਗਾਂ ਦਾ ਗਲੀ ਮੁਹੱਲੇ ਵਿੱਚੋਂ ਨਿਕਲਣਾ ਔਖਾ ਹੋਇਆ ਹੈ| ਇਸਦਾ ਢੁੱਕਵਾ ਪ੍ਰਬੰਧ ਕੀਤਾ ਜਾਵੇ|
ਬੁਲਾਰਿਆਂ ਨੇ ਕਿਹਾ ਕਿ ਛਤੀਸਗੜ੍ਹ ਸੂਬੇ ਦੇ ਤਰਜ ਤੇ ਪੰਜਾਬ ਦੇ ਕਿਸਾਨਾਂ ਨੂੰ ਝੋਨੇ ਤੇ 300 ਰੁਪਏ ਪ੍ਰਤੀ ਕੁਵਿੰਟਲ ਵਾਧਾ ਦਿੱਤਾ ਜਾਵੇ, ਡੀਜ਼ਲ, ਖਾਂਦਾ ਅਤੇ ਲੇਬਰ ਕਾਰਨ ਬੋਨਸ ਦਿੱਤਾ ਜਾਵੇ| ਕਿਸਾਨਾਂ ਨੂੰ ਆਰਥਿਕ ਦਸ਼ਾ ਸੁਧਾਰਨ ਲਈ ਅਤੇ ਫਸਲੀ ਵਿਭਿੰਨਤਾ ਲਿਆਉਣ ਲਈ ਦੇਸ਼ ਦੇ ਹੋਰ ਸੂਬਿਆ ਵਾਂਗ ਪੰਜਾਬ ਦੇ ਕਿਸਾਨਾਂ ਨੂੰ ਪੋਸਤ (ਖਸਖਸ), ਅਫੀਮ ਦੀ ਖੇਤੀ ਕਰਨ ਦੀ ਇਜ਼ਾਜਤ ਦਿੱਤੀ ਜਾਵੇ ਇਸ ਨਾਲ ਪੰਜਾਬ ਦੀ ਜਵਾਨੀ ਕਿਸਾਨੀ ਅਤੇ ਪਾਣੀ ਦੀ ਸਾਂਭ ਸੰਭਾਲ ਹੋਵੇਗੀ| ਇਸ ਮੌਕੇ ਜਗਦੇਵ ਸਿੰਘ ਕਾਨਿਆਵਾਲੀ, ਤਲਵਿੰਦਰ ਸਿੰਘ ਗੱਗੋਂ ਮੀਤ ਪ੍ਰਧਾਨ, ਕੁਲਦੀਪ ਸਿੰਘ ਚੱਕਭਾਈਕਾ, ਸੀਨੀਅਰ ਮੀਤ ਪ੍ਰਧਾਨ ਨੇ ਵੀ ਸੰਬੋਧਨ ਕੀਤਾ|
ਇਸ ਮੌਕੇ ਪੰਜਾਬ ਕਮੇਟੀ ਮੈਂਬਰ ਕੁਲਦੀਪ ਸਿੰਘ, ਮਾਸਟਰ ਬੂਟਾ ਸਿੰਘ ਚਿਮਨੇਵਾਲਾ, ਸੁਖਵਿੰਦਰ ਸਿੰਘ ਖੋਸਾ ਤੋਂ ਇਲਾਵਾ ਜਿਲਾ ਬਠਿੰਡਾ ਦੇ ਪ੍ਰਧਾਨ ਮੱਘਰ ਸਿੰਘ, ਜਿਲਾ ਫਾਜ਼ਿਲਕਾ ਦੇ ਪ੍ਰਧਾਨ ਬੁੱਧ ਰਾਮ ਬਿਸ਼ਨੋਈ, ਜਿਲ੍ਹਾ ਮੁਕਤਸਰ ਦੇ ਪ੍ਰਧਾਨ ਗੁਰਦਰਸ਼ਨ ਸਿੰਘ ਰੁਪਾਣਾ, ਜਿਲ੍ਹਾ ਫਰੀਦਕੋਟ ਦੇ ਪ੍ਰਧਾਨ ਜਸਪਿੰਦਰ ਸਿੰਘ ਜਿਲ੍ਹਾ ਫਤਿਹਗੜ੍ਹ ਦੇ ਪ੍ਰਧਾਨ ਸਰਬਜੀਤ ਸਿੰਘ ਉਮਰਾਲਾ, ਜਿਲਾ ਜਲੰਧਰ ਦੇ ਪ੍ਰਧਾਨ ਅਮਰੀਕ ਸਿੰਘ, ਜਿਲ੍ਹਾ ਕਪੂਰਥਲਾ ਦੇ ਪ੍ਰਧਾਨ ਜਸਵੀਰ ਸਿੰਘ ਲਿੱਟਾਂ, ਜਿਲ੍ਹਾ ਮੋਗਾ ਦੇ ਪ੍ਰਧਾਨ ਨਿਰਮਲ ਸਿੰਘ ਮਾਣੂਕੇ, ਜਿਲ੍ਹਾ ਰੋਪੜ ਦੇ ਪ੍ਰਧਾਨ ਗੁਰਨਾਮ ਸਿੰਘ ਜੱਸੜਾ, ਜਿਲ੍ਹਾ ਸੰਗਰੂਰ ਦੇ ਪ੍ਰਧਾਨ ਭੁਪਿੰਦਰ ਸਿੰਘ ਬਨਬੌਰਾ, ਜਿਲ੍ਹਾ ਫਿਰੋਜ਼ਪੁਰ ਦੇ ਪ੍ਰਧਾਨ, ਜਿਲ੍ਹਾ ਮਾਨਸਾ ਦੇ ਪ੍ਰਧਾਨ ਜਰਨੈਲ ਸਿੰਘ ਸੱਤੀਕੇ, ਜਿਲ੍ਹਾ ਤਰਨਤਾਰਨ ਤੋਂ ਸਾਬਪਾਲ ਸਿੰਘ, ਜਿਲ੍ਹਾ ਲੁਧਿਆਣਾ ਤੋਂ ਅਮਰ ਸਿੰਘ ਰਾਏਕੋਟ ਜਿਲ੍ਹਾ ਮੁਹਾਲੀ ਤੋਂ ਰਾਜਿੰਦਰ ਸਿੰਘ ਢੋਲਾ ਵੀ ਮੌਜੂਦ ਸਨ|

Leave a Reply

Your email address will not be published. Required fields are marked *