ਕਿਸਾਨਾਂ ਨੂੰ ਪਰਾਲੀ ਸਮੇਤ ਹੋਰ ਫਸਲਾਂ ਦੀ ਰਹਿੰਦ ਖੁਹੰਦ ਨੂੰ ਜ਼ਮੀਨ ਵਿਚ ਹੀ ਰਲਾਉਣ ਲਈ ਸਬਸਿਡੀ ਤੇ ਆਧੁਨਿਕ ਮਸ਼ੀਨਾਂ ਦਿੱਤੀਆਂ ਜਾਣਗੀਆਂ : ਜਸਬੀਰ ਸਿੰਘ

ਐਸ.ਏ.ਐਸ ਨਗਰ, 9 ਅਗਸਤ (ਸ.ਬ.) ਸਾਹਿਬਜ਼ਾਦਾ ਅਜੀਤ ਸਿੰਘ ਨਗਰ ਜਿਲ੍ਹੇ ਵਿੱਚ ”ਇੰਨ ਸਿਟੂ ਮੈਨੇਜਮੈਂਟ ਆਫ ਕਰਾਪ ਰੈਜੀਡਿਊ ਸਕੀਮ” ਲਾਗੂ ਕੀਤੀ ਜਾਵੇਗੀ ਜਿਸ ਤਹਿਤ ਜਿਲ੍ਹੇ ਦੇ ਕਿਸਾਨਾਂ ਨੂੰ 8 ਕਿਸਮ ਦੀਆਂ 220 ਮਸ਼ੀਨਾਂ ਸਬਸਿਡੀ ਤੇ ਦਿੱਤੀਆਂ ਜਾਣਗੀਆਂ| ਇਸ ਗੱਲ ਦੀ ਜਾਣਕਾਰੀ ਸਹਾਇਕ ਕਮਿਸ਼ਨਰ (ਸ਼ਿਕਾਇਤਾਂ) ਸ. ਜਸਬੀਰ ਸਿੰਘ ਨੇ ਜਿਲ੍ਹਾ ਪ੍ਰਬੰਧਕੀ ਕੰਪਲੈਕਸ ਵਿਖੇ ਖੇਤੀਬਾੜੀ ਵਿਭਾਗ ਦੇ ਅਧਿਕਾਰੀਆਂ ਨਾਲ ”ਇੰਨ ਸਿਟੂ ਮੈਨੈਜਮੈਂਟ ਆਫ ਕਰਾਪ ਰੈਜੀਡਿਊ ਸਕੀਮ” ਨੂੰ ਲਾਗੂ ਕਰਨ ਸਬੰਧੀ ਸੱਦੀ ਗਈ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ|
ਉਹਨਾਂ ਦੱਸਿਆ ਕਿ ਕਿਸਾਨਾਂ ਨੂੰ ਮਸ਼ੀਨਾਂ ਦੇਣ ਲਈ 1 ਕਰੋੜ 54 ਲੱਖ 99 ਹਜ਼ਾਰ ਰੁਪਏ ਦਾ ਉਪਬੰਧ ਕੀਤਾ ਗਿਆ ਹੈ ਇਨ੍ਹਾਂ ਮਸ਼ੀਨਾਂ ਤੇ 50 ਫੀਸਦੀ ਤੋਂ 80 ਫੀਸਦੀ ਤੱਕ ਸਬਸਿਡੀ ਤੇ ਦਿੱਤੀ ਜਾਵੇਗੀ| ਇਨ੍ਹਾਂ ਆਧੁਨਿਕ ਮਸ਼ੀਨਾਂ ਰਾਹੀਂ ਝੋਨੇ ਦੀ ਪਰਾਲੀ ਸਮੇਤ ਹੋਰ ਫਸਲਾਂ ਦੀ ਰਹਿੰਦ ਖੁਹੰਦ ਨੂੰ ਅੱਗ ਲਗਾਉਣ ਦੀ ਬਜਾਏ ਜ਼ਮੀਨ ਵਿੱਚ ਹੀ ਰਲਾਇਆ ਜਾ ਸਕੇਗਾ ਜਿਸ ਨਾਲ ਵਾਤਾਵਰਣ ਪ੍ਰਦੂਸ਼ਿਤ ਹੋਣ ਤੋਂ ਬਚੇਗਾ| ਉਨ੍ਹਾਂ ਦੱਸਿਆ ਕਿ ਇਨ੍ਹਾਂ ਮਸ਼ੀਨਾਂ ਤੋਂ ਇਲਾਵਾ ਕਿਸਾਨਾਂ ਨੂੰ ਕਿਰਾਏ ਤੇ ਲੈਣ ਲਈ ਫਾਰਮ ਮਸ਼ੀਨਰੀ ਬੈਂਕ ਦੀ ਸਥਾਪਨਾ ਲਈ ਭੌਤਿਕ ਅਤੇ ਵਿੱਤੀ ਟੀਚਿਆਂ ਨੂੰ ਵਾਚਿਆ ਜਾਵੇਗਾ ਅਤੇ ਉਪ ਰਜਿਸਟਰਾਰ ਸਹਿਕਾਰੀ ਸਭਾਵਾਂ ਦੀ ਮੱਦਦ ਨਾਲ ਫਾਰਮ ਮਸ਼ੀਨਰੀ ਬੈਂਕ ਰਜਿਸਟਰਡ ਕੀਤੇ ਜਾਣਗੇ| ਉਨ੍ਹਾਂ ਦੱਸਿਆ ਕਿ ਇਨ੍ਹਾਂ ਗਰੁੱਪਾਂ ਲਈ 165 ਮਸ਼ੀਨਾਂ ਦੀ ਖਰੀਦ ਸਬੰਧੀ 1 ਕਰੋੜ 66 ਲੱਖ 96 ਹਜ਼ਾਰ ਰੁਪਏ ਦਾ ਉਪਬੰਧ ਕੀਤਾ ਗਿਆ ਹੈ| ਉਨ੍ਹਾਂ ਕਿਹਾ ਕਿ ਫਾਰਮ ਮਸ਼ੀਨਰੀ ਬੈਂਕ (ਗਰੁੱਪ) ਨੂੰ ਪਹਿਲ ਦੇ ਆਧਾਰ ਤੇ ਮਸ਼ੀਨਾਂ ਦੇਣੀਆਂ ਯਕੀਨੀ ਬਣਾਈਆਂ ਜਾਣ| ਮੀਟਿੰਗ ਦੌਰਾਨ ਡਿਪਟੀ ਡਾਇਰੈਕਟਰ ਕ੍ਰਿਸ਼ੀ ਵਿਗਿਆਨ ਕੇਂਦਰ ਮਾਜਰੀ ਨੇ ਦੱਸਿਆ ਕਿ ਇਸ ਸਕੀਮ ਅਧੀਨ ਉਨ੍ਹਾਂ ਦੇ ਦਫਤਰ ਨੂੰ 29 ਲੱਖ ਰੁਪਏ ਮਸ਼ੀਨਾਂ ਦੀ ਖਰੀਦ ਕਰਨ ਲਈ ਪ੍ਰਾਪਤ ਹੋਏ ਹਨ| ਜਿਸ ਨਾਲ ਹੈਪੀ ਸੀਡਰ ਅਤੇ ਹੋਰ ਮਸ਼ੀਨਰੀ ਖਰੀਦ ਕਰਕੇ ਪਿੰਡਾਂ ਵਿਖੇ ਮਸ਼ੀਨਾਂ ਦੀ ਪ੍ਰਦਰਸ਼ਨੀਆਂ ਲਗਾ ਕੇ ਕਿਸਾਨਾਂ ਨੂੰ ਮਸ਼ੀਨਾਂ ਦੀ ਵਰਤੋਂ ਸਬੰਧੀ ਜਾਣੂੰ ਕਰਵਾਇਆ ਜਾਵੇਗਾ|

Leave a Reply

Your email address will not be published. Required fields are marked *