ਕਿਸਾਨਾਂ ਨੂੰ ਰੋਸ ਪ੍ਰਦਰਸ਼ਨ ਕਰਨ ਤੋਂ ਰੋਕਣਾ ਗੈਰ ਲੋਕਤੰਤਰੀ ਵਰਤਾਰਾ : ਜਿਲ੍ਹਾ ਬਾਰ ਐਸੋਸੀਏਸ਼ਨ


ਐਸ ਏ ਐਸ ਨਗਰ, 2 ਦਸੰਬਰ (ਸ.ਬ.) ਜਿਲ੍ਹਾ ਬਾਰ ਐਸੋਸੀਏਸ਼ਨ ਮੁਹਾਲੀ ਦੀ ਇਕ ਮੀਟਿੰਗ ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਦੀ ਪ੍ਰਧਾਨਗੀ ਹੇਠ ਹੋਈ, ਜਿਸ ਵਿੱਚ ਦੇਸ਼ ਵਿੱਚ ਚੱਲ ਰਹੇ ਕਿਸਾਨ ਅੰਦੋਲਨ ਤੇ ਵਿਚਾਰ ਚਰਚਾ ਕੀਤੀ ਗਈ| 
ਇਸ ਮੌਕੇ ਬੋਲਦਿਆਂ ਬਾਰ  ਐਸੋਸੀਏਸ਼ਨ ਦੇ  ਪ੍ਰਧਾਨ ਮਨਪ੍ਰੀਤ ਸਿੰਘ ਚਾਹਲ ਅਤੇ ਸੈਕਟਰੀ ਕੰਵਰ ਜੋਰਾਵਰ ਸਿੰਘ ਨੇ ਕਿਹਾ ਕਿ ਦੇਸ਼ ਦਾ ਕਿਸਾਨ ਆਪਣੇ ਜਾਇਜ ਹੱਕਾਂ ਦੀ ਜਾਇਜ ਲੜਾਈ ਲੜ ਰਿਹਾ ਹੈ ਅਤੇ ਕਿਸਾਨਾਂ ਨੂੰ ਅੰਦੋਲਨ ਕਰਨ ਤੋਂ ਰੋਕਣਾ ਅਤੇ ਤਸ਼ੱਦਦ ਕਰਨਾਂ ਬੇਹੱਦ ਨਿੰਦਣਯੋਗ ਅਤੇ ਗੈਰ ਲੌਕਤੰਤਰੀ ਵਰਤਾਰਾ ਹੈ| ਉਹਨਾਂ ਕਿਹਾ ਕਿ ਭਾਰਤ ਦੇਸ਼ ਦੇ ਵਾਸੀ ਹੋਣ ਦੇ ਬਾਵਜੂਦ ਜੇਕਰ ਦੇਸ਼ ਦੇ ਨਾਗਰਿਕਾਂ ਨੂੰ ਦੂਜੇ ਰਾਜ ਵਿੱਚ ਦਾਖਲ ਹੋਣ ਲਈ ਇੰਝ ਸੰਘਰਸ਼ ਕਰਨਾ ਪਵੇ ਅਤੇ ਸਰਕਾਰ ਦੇ ਇਸ਼ਾਰੇ ਤੇ ਪੁਲੀਸ ਜੇਕਰ ਇੰਝ ਰਸਤੇ ਵਿੱਚ ਰੁਕਾਵਟਾਂ ਡਾਹੇ ਤਾਂ ਇਹ ਜਿਥੇ ਲੋਕਾਂ ਦੇ ਮਿਲੇ ਫਤਵੇ ਦਾ ਨਿਰਾਦਰ ਵੀ ਹੈ ਅਤੇ ਸੰਘੀ ਢਾਂਚੇ ਦੇ ਤਹਿਸ ਨਹਿਸ ਹੋਣ ਦੀ ਨਿਸ਼ਾਨੀ ਵੀ ਹੈ|
ਉਹਨਾਂ ਕਿਹਾ ਕਿ  ਕਿਸੇ ਵੀ ਲੋਕਤੰਤਰੀ ਦੇਸ਼ ਵਿੱਚ ਸਰਕਾਰ ਦੀਆਂ ਨੀਤੀਆਂ ਖਿਲਾਫ ਰੋਸ ਪ੍ਰਦਰਸ਼ਨ ਜਿਥੇ ਉਸ ਦੇਸ਼ ਦੇ ਲੋਕਾਂ ਦਾ ਬੁਨਿਆਦੀ ਹੱਕ ਹੁੰਦਾ ਹੈ ਉਥੇ ਵਿਰੋਧੀ ਵਿਚਾਰਾਂ ਨੂੰ ਸੁਣਨਾ ਅਤੇ ਉਨ੍ਹਾਂ ਉਤੇ ਵਿਚਾਰ ਚਰਚਾ ਕਰਨਾ ਵੀ ਇਕ ਸਿਹਤਮੰਦ ਸਮਾਜ ਦੀ ਨਿਸ਼ਾਨੀ ਹੁੰਦਾ ਵੀ ਹੈ ਪਰ ਪਿਛਲੇ ਕੁਝ ਸਮੇਂ ਤਂੋ ਜਿਸ ਤਰਾਂ ਸਮਾਜ ਦੇ ਸੰਘਰਸ਼ਾਂ ਨੂੰ ਦਬਾਇਆ ਜਾ ਰਿਹਾ ਹੈ ਅਤੇ ਉਨ੍ਹਾਂ ਨੂੰ ਬਦਨਾਮ ਕੀਤਾ ਜਾ ਰਿਹਾ ਹੈ, ਉਹ ਭਵਿੱਖ ਦੇ ਲੋਕਤੰਤਰ ਲਈ ਸ਼ੁਭ ਸੰਕੇਤ ਨਹੀਂ ਹੈ| 
ਇਸ ਮੌਕੇ ਹੋਰਨਾਂ ਬੁਲਾਰਿਆਂ ਨੇ ਕਿਹਾ ਕਿ ਸਰਕਾਰ ਵੱਲੋਂ ਇਹ ਕਾਨੂੰਨ ਵੱਡੇ ਕਾਰਪੋਰੇਟ ਘਰਾਣਿਆਂ ਨੂੰ ਖੁਸ਼ ਕਰਨ ਲਈ ਬਣਾਏ ਗਏ ਹਨ ਅਤੇ ਇਨ੍ਹਾਂ ਦੇ ਲਾਗੂ ਹੋਣ ਨਾਲ ਸਮਾਜ ਦਾ ਉਹ ਹਰੇਕ ਵਰਗ ਵੀ ਪ੍ਰਭਾਵਿਤ               ਹੋਵੇਗਾ, ਜੋ ਸਿੱਧੇ ਰੂਪ ਵਿੱਚ                        ਖੇਤੀਬਾੜੀ ਨਾਲ ਸਬੰਧਿਤ ਨਹੀਂ ਹੈ ਅਤੇ ਇਨ੍ਹਾਂ ਕਾਨੂੰਨਾਂ ਨਾਲ ਦੇਸ਼ ਵਿੱਚ ਪੂੰਜੀਵਾਦ ਦਾ ਹੋਰ ਵੀ ਬੋਲਬਾਲਾ             ਹੋਵੇਗਾ ਅਤੇ ਆਮ ਜਨਤਾ ਲਈ ਆਪਣੇ ਪਰਿਵਾਰ ਲਈ ਸਸਤੀ ਖੁਰਾਕ ਦਾ ਇੰਤਜਾਮ ਕਰਨਾ ਵੀ ਸਿੱਖਿਆ ਅਤੇ ਸਿਹਤ ਖੇਤਰ ਜਿਨਾਂ ਹੀ ਮਹਿੰਗਾ ਹੋ ਜਾਵੇਗਾ| ਬੁਲਾਰਿਆਂ ਨੇ ਕਿਹਾ ਕਿ ਇਨ੍ਹਾਂ ਕਾਨੂੰਨਾਂ ਦੀ ਆੜ ਵਿਚ ਘੱਟੋ ਘੱਟ ਸਮਰਥਨ ਮੁੱਲ ਸਰਕਾਰੀ ਖਰੀਦ ਨਾ ਹੋਣ ਕਰਕੇ ਬੇਮਾਅਨਾਂ ਹੋ ਕੇ ਰਹਿ ਜਾਵੇਗਾ ਅਤੇ ਕਿਸਾਨ ਅਪਣੀਂ ਜਿਣਸ ਨੂੰ ਵੱਡੇ ਪੂੰਜੀਪਤੀਆਂ ਦੇ ਰਹਿਮ ਤੇ ਵੇਚਣ ਲਈ ਮਜਬੂਰ ਹੋਵੇਗਾ ਅਤੇ ਆਮ ਜਨਤਾ ਪੂੰਜੀਪਤੀਆਂ ਦੁਆਰਾ ਤੈਅ ਮੁੱਲ ਤੇ ਅਨਾਜ ਖਰੀਦਣ ਲਈ ਮਜਬੂਰ ਹੋਵੇਗੀ| ਭੰਡਾਰਨ ਦੀ ਹੱਦ ਦਾ ਖਾਤਮਾ ਦੇਸ਼ ਵਿਚ ਵੱਡੇ ਪੱਧਰ ਤੇ ਕਾਲਾਬਜਾਰੀ ਅਤੇ ਵੱਡੀ ਮਹਿੰਗਾਈ ਲੈ ਕੇ ਆਵੇਗਾ ਕਿਉਕਿ ਵੱਧ ਭੰਡਾਰਨ ਦਾ ਲਾਭ ਸਿਰਫ ਵੱਡੇ ਪੂਜੀਪਤੀ ਹੀ ਲੈ ਸਕਦੇ ਹਨ| 
ਇਸ ਮੌਕੇ ਬਾਰ ਐਸੋਸੀਏੇਸ਼ਨ ਵੱਲੋਂ ਕਿਸਾਨ ਅੰਦੋਲਨ ਨੂੰ ਪੂਰਨ ਸਹਿਯੋਗ ਦੇਣ ਦਾ ਐਲਾਨ ਕੀਤਾ ਗਿਆ ਅਤੇ ਸਰਕਾਰ ਨੂੰ ਅਪੀਲ ਕੀਤੀ ਗਈ ਕਿ ਸਰਕਾਰ ਕਿਸਾਨਾਂ ਨਾਲ ਖੁਲੇ ਦਿਲ ਨਾਲ ਗੱਲਬਾਤ ਕਰੇ ਅਤੇ ਖੇਤੀ ਕਾਨੂੰਨਾਂ ਨੂੰ ਵਾਪਸ ਲਵੇ| ਇਸ ਮੌਕੇ ਹੋਰਨਾਂ ਤੋਂ ਇਲਾਵਾ ਕੁਲਦੀਪ ਸਿੰਘ ਰਾਠੌੜ, ਗਗਨਦੀਪ ਸਿੰਘ, ਨੀਰੂ                 ਥਰੇਜਾ, ਸੁਸ਼ੀਲ ਅੱਤਰੀ, ਗੁਰਦੀਪ ਸਿੰਘ, ਬਲਜਿੰਦਰ ਸਿੰਘ ਸੈਣੀਂ, ਨਰਪਿੰਦਰ ਸਿੰਘ ਰੰਗੀ, ਸੰਜੀਵ ਮੈਣੀਂ, ਸਨੇਹਪ੍ਰੀਤ ਸਿੰਘ, ਗੁਰਬੀਰ ਸਿੰਘ ਅੰਟਾਲ, ਹਰਕਿਸ਼ਨ ਸਿੰਘ, ਮੋਹਿਤ ਵਰਮਾ, ਅਕਸ਼ ਚੇਤਲ, ਹਰਪ੍ਰੀਤ ਸਿੰਘ ਬਡਾਲੀ, ਗੁਰਪ੍ਰੀਤ ਸਿੰਘ ਖਟੜਾ, ਗੁਰਮੀਤ ਸਿੰਘ ਕੋਰੇ ਅਤੇ ਹਰਦੀਪ ਸਿੰਘ ਦੀਵਾਨਾ ਸਮੇਤ ਵੱਡੀ ਗਿਣਤੀ ਵਕੀਲ ਹਾਜਰ ਸਨ| 

Leave a Reply

Your email address will not be published. Required fields are marked *