ਕਿਸਾਨਾਂ ਨੇ ਆਪਣੇ ਸੰਘਰਸ਼ ਦੀ ਜਮੀਨ ਤੇ ਸਿਆਸੀ ਪਾਰਟੀਆਂ ਨੂੰ ਨਹੀਂ ਕਰਨ ਦਿੱਤੀ ਵੋਟਾਂ ਦੀ ਖੇਤੀ


ਐਸ ਏ ਐਸ ਨਗਰ, 9 ਦਸੰਬਰ (ਸ.ਬ.) ਕੇਂਦਰ ਸਰਕਾਰ ਵਲੋਂ ਬਣਾਏ ਤਿੰਨ ਖੇਤੀ  ਕਾਨੂੰਨਾਂ ਦੇ ਵਿਰੋਧ ਵਿੱਚ  ਕਿਸਾਨਾਂ ਮਜਦੂਰਾਂ ਦੀ ਏਕਤਾ ਅਤੇ ਸਮਾਜ ਦੇ ਕਰੀਬ ਸਾਰੇ ਵਰਗਾਂ ਦੇ ਸਹਿਯੋਗ  ਨਾਲ ਚਲ ਰਿਹਾ ਸੰਘਰਸ਼ ਪੂਰੇ ਜੋਬਨ ਤੇ ਹੈ| ਇਸ ਦੌਰਾਨ               ਭਾਵੇਂ ਰਾਜ ਦੀ ਸੱਤਾਧਾਰੀ ਕਾਂਗਰਸ ਸਮੇਤ ਸਾਰੀਆਂ ਵਿਰੋਧੀ ਪਾਰਟੀਆਂ ਵਲੋਂ ਕਿਸਾਨ ਸੰਘਰਸ਼ ਦੀ ਖੁਲੀ ਹਮਾਇਤ ਕੀਤੀ ਜਾ ਰਹੀ ਹੈ, ਪਰ ਕਿਸਾਨਾਂ ਨੇ ਆਪਣੇ ਇਸ ਸੰਘਰਸ਼ ਵਿੱਚ ਸਿਆਸੀ ਪਾਰਟੀਆਂ ਦੀ ਘੁਸਪੈਠ ਨਹੀਂ ਹੋਣ ਦਿਤੀ ਹੈ ਅਤੇ ਇਹ ਸੰਘਰਸ਼ ਨਿਰੋਲ ਗੈਰ ਰਾਜਨੀਤਿਕ ਤੌਰ ਤੇ ਹੀ ਚਲ ਰਿਹਾ ਹੈ|
ਕਾਂਗਰਸ, ਅਕਾਲੀ ਦਲ ਅਤੇ ਹੋਰ ਪਾਰਟੀਆਂ ਵਲੋਂ ਕਿਸਾਨ ਅੰਦੋਲਨ ਦੇ ਸ਼ੁਰੂ ਵਿੱਚ ਹੀ ਇਸ ਅੰਦੋਲਨ ਨੂੰ ਹਾਈਜੈਕ ਕਰਨ ਦੇ ਯਤਨ ਕੀਤੇ ਗਏ ਸਨ, ਪਰ ਇਹ ਯਤਨ ਪੂਰੀ ਤਰ੍ਹਾਂ ਨਾਕਾਮ ਰਹੇ ਅਤੇ ਕਿਸਾਨਾਂ ਨੇ ਆਪਣੈ ਇਸ ਸੰਘਰਸ਼ ਵਿੱਚ ਰਾਜਨੀਤੀ ਨੂੰ ਹਾਵੀ ਨਹੀਂ ਹੋਣ ਦਿੱਤਾ| ਕਿਸਾਨ ਸੰਘਰਸ਼ ਦੀਆਂ ਸਟੇਜਾਂ ਤੇ ਕਿਸਾਨਾਂ ਵਲੋਂ ਕਿਸੇ ਵੀ ਸਿਆਸੀ ਆਗੂ ਨੂੰ ਉਸਦੀ ਸਿਆਸੀ ਪਾਰਟੀ ਦੇ ਆਧਾਰ ਤੇ ਬੋਲਣ ਦਾ ਮੌਕਾ ਨਹੀਂ ਦਿੱਤਾ ਗਿਆ ਅਤੇ ਕਾਂਗਰਸ ਸਮੇਤ ਕਿਸੇ ਵੀ ਰਾਜਸੀ ਪਾਰਟੀ ਨੂੰ ਕਿਸਾਨ ਸੰਘਰਸ਼ ਦੇ ਖੇਤਾਂ ਵਿੱਚ ਵੋਟਾਂ ਦੀ ਖੇਤੀ ਨਹੀਂ ਕਰਨ ਦਿਤੀ ਗਈ ਹੈ| 
ਹਾਲਾਤ ਇਹ ਹਨ ਕਿ ਸੰਘਰਸ਼ਕਾਰੀ ਕਿਸਾਨਾਂ ਵਲੋਂ ਤਕੜੇ ਹੋ ਕੇ ਇਸ ਗੱਲ ਤੇ ਪਹਿਰਾ ਦਿੱਤਾ ਗਿਆ ਹੈ ਕਿ ਕਿਸਾਨ ਯੂਨੀਅਨਾਂ ਤੋਂ ਬਿਨਾਂ ਹੋਰ ਕਿਸੇ ਵੀ ਰਾਜਸੀ ਪਾਰਟੀ ਦਾ ਝੰਡਾ ਕਿਸਾਨ ਸੰਘਰਸ਼ ਵਿੱਚ ਨਾ ਚੁਕਣ ਦਿੱਤਾ ਜਾਵੇ ਅਤੇ ਕਿਸਾਨ ਸੰਘਰਸ਼ ਨੂੰ ਪੂਰੀ ਤਰਾਂ ਰਾਜਨੀਤੀ ਤੋਂ ਬਚਾਅ ਕੇ ਰਖਿਆ ਹੋਇਆ ਹੈ| ਇਸ ਦੌਰਾਨ ਕਿਸਾਨ ਸੰਘਰਸ਼ ਨੂੰ ਖਤਮ ਕਰਨ ਲਈ ਅਨੇਕਾਂ ਯਤਨ ਕਰ ਚੁਕੀ ਕੇਂਦਰ ਸਰਕਾਰ ਨੇ ਕਿਸਾਨ ਆਗੂਆਂ  ਅਤੇ ਕਿਸਾਨ ਜਥੇਬੰਦੀਆਂ ਵਿਚਾਲੇ ਫੁੱਟ ਪਾਉਣ ਦਾ ਫਾਰਮੂਲਾ ਵੀ ਵਰਤਿਆ ਹੈ, ਪਰ ਇਸ ਫਾਰਮੂਲੇ ਵਿੱਚ ਵੀ ਕਿਸਾਨ ਜਥੇਬੰਦੀਆਂ ਦੀ      ਏਕਤਾ ਕਾਰਨ ਕੇਂਦਰ ਸਰਕਾਰ ਸਫਲ ਨਹੀਂ ਹੋ ਸਕੀ| 
ਕਾਂਗਰਸ ਸਮੇਤ ਕਰੀਬ ਸਾਰੀਆਂ ਰਾਜਸੀ ਪਾਰਟੀਆਂ ਦੀ ਅੱਖ ਅਗਾਮੀ ਪੰਜਾਬ ਵਿਧਾਨ ਸਭਾ ਚੋਣਾਂ ਤੇ ਹੈ ਜੋ ਕਿ ਸਾਲ 2022 ਦੇ ਆਰੰਭ ਵਿੱਚ ਹੋਣ ਦੀ ਸੰਭਾਵਨਾ ਹੈ| ਇਸ ਕਾਰਨ ਕਾਂਗਰਸ ਸਮੇਤ ਸਾਰੀਆਂ ਪਾਰਟੀਆਂ ਕਿਸਾਨ ਸੰਘਰਸ਼ ਦੀ ਜਮੀਨ ਤੇ ਆਪਣੀਆਂ ਵੋਟਾਂ ਦੀ ਖੇਤੀ ਕਰਨ  ਲਈ ਤਰਲੋਮੱਛੀ ਹੋ ਰਹੀਆਂ ਹਨ, ਪਰ ਕਿਸਾਨ ਜਥੇਬੰਦੀਆਂ ਵਲੋਂ ਰਾਜਸੀ ਪਾਰਟੀਆਂ ਤੋਂ ਇਕ ਤਰਾਂ ਦੂਰੀ ਰਖਣ ਕਾਰਨ ਰਾਜਸੀ ਪਾਰਟੀਆਂ  ਆਪਣੇ ਮਕਸਦ ਵਿੱਚ ਕਾਮਯਾਬ ਹੁੰਦੀਆਂ ਨਹੀਂ ਦਿਖ ਰਹੀਆਂ ਹਨ|

Leave a Reply

Your email address will not be published. Required fields are marked *