ਕਿਸਾਨਾਂ ਨੇ ਮਿਲਕ ਪਲਾਂਟ ਦੇ ਬਾਹਰ ਦਿੱਤਾ ਧਰਨਾ

ਕਿਸਾਨਾਂ ਨੇ ਮਿਲਕ ਪਲਾਂਟ ਦੇ ਬਾਹਰ ਦਿੱਤਾ ਧਰਨਾ
ਕਿਸਾਨਾਂ ਦੀ ਹੜਤਾਲ ਕਾਰਨ ਦੁੱਧ ਅਤੇ ਸਬਜੀਆਂ ਦੀ ਸਪਲਾਈ ਪ੍ਰਭਾਵਿਤ ਹੋਣ ਦਾ ਖਤਰਾ, 2 ਦਿਨਾਂ ਵਿੱਚ ਦੁੱਗਣੀ ਹੋਈ ਸਬਜੀਆਂ ਦੀ ਕੀਮਤ
ਐਸ. ਏ. ਐਸ. ਨਗਰ, 2 ਜੂਨ (ਸ.ਬ.) ਕਿਸਾਨਾਂ ਵਲੋਂ 1 ਜੂਨ ਤੋਂ 10 ਤਕ ਸ਼ਹਿਰਾਂ ਨੂੰ ਦੁੱਧ ਅਤੇ ਸਬਜੀਆਂ ਦੀ ਸਪਲਾਈ ਬੰਦ ਕਰਨ ਦੇ ਦੂਜੇ ਦਿਨ ਅੱਜ ਸ਼ਹਿਰ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋਣ ਦੀ ਸੰਭਾਵਨਾ ਬਣ ਗਈ ਹੈ| ਕਿਸਾਨਾਂ ਵਲੋਂ ਮੁੱਖ ਸੜਕਾਂ ਦੇ ਕਿਨਾਰੇ ਨਾਕੇਬੰਦੀ ਕਰਕੇ ਪਿੰਡਾਂ ਤੋਂ ਸ਼ਹਿਰਾਂ ਵੱਲ ਦੁੱਧ ਅਤੇ ਸਬਜੀਆਂ ਲਿਜਾ ਰਹੇ ਲੋਕਾਂ ਅਤੇ ਵਾਹਨਾਂ ਨੂੰ ਰੋਕ ਕੇ ਇਹ ਸਾਰਾ ਸਾਮਾਨ ਸੜਕ ਤੇ ਹੀ ਸੁੱਟੇ ਜਾਣ ਕਾਰਨ ਪਿੰਡਾਂ ਤੋਂ ਸ਼ਹਿਰਾਂ ਨੂੰ ਆ ਰਹੀ ਇਹ ਸਪਲਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ ਹਾਲਾਂਕਿ ਮੁਹਾਲੀ ਸ਼ਹਿਰ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਤੇ ਕੋਈ ਖਾਸ ਅਸਰ ਨਹੀਂ ਪਿਆ ਹੈ ਪੰਰਤੂ ਜਿਲ੍ਹੇ ਦੇ ਸ਼ਹਿਰਾਂ ਡੇਰਾਬੱਸੀ, ਖਰੜ, ਕੁਰਾਲੀ ਆਦਿ ਵਿੱਚ ਜਰੂਰੀ ਵਸਤੂਆਂ ਦੀ ਸਪਲਾਈ ਪ੍ਰਭਾਵਿਤ ਹੋ ਰਹੀ ਹੈ| ਬਨੂੜ ਸ਼ਹਿਰ ਵਿੱਚ ਸਬਜੀਆਂ ਅਤੇ ਦੁੱਧ ਦੀ ਸਪਲਾਈ ਪ੍ਰਭਾਵਿਤ ਹੋਈ ਹੈ|
ਇਸ ਦੌਰਾਨ ਸ਼ਹਿਰ ਵਿੱਚ ਸਬਜੀਆਂ ਅਤੇ ਫਲਾਂ ਦੀ ਕੀਮਤ ਅਚਾਨਕ ਕਾਫੀ ਵੱਧ ਗਈ ਹੈ| ਦੋ ਦਿਨ ਪਹਿਲਾਂ ਦੇ ਮੁਕਾਬਲੇ ਅੱਜ ਆਲੂ, ਪਿਆਜ, ਟਮਾਟਰ ਅਤੇ ਹੋਰਨਾਂ ਸਬਜੀਆਂ ਦੇ ਦਾਮ ਤੋਂ ਤਿੰਨ ਗੁਨਾ ਤੱਕ ਵੱਧ ਗਏ ਹਨ| ਹਾਲਾਂਕਿ ਚੰਡੀਗੜ੍ਹ ਵਿੱਚ ਹਰਿਆਣਾ ਅਤੇ ਹਿਮਾਚਲ ਤੋਂ ਸਬਜੀਆਂ, ਫਲਾਂ ਅਤੇ ਦੁੱਧ ਦੀ ਸਪਲਾਈ ਹੋਣ ਕਾਰਨ ਇਹਨਾਂ ਵਸਤੂਆਂ ਦੀ ਸਪਲਾਈ ਤੇ ਕੋਈ ਖਾਸ ਅਸਰ ਨਹੀਂ ਪਿਆ ਹੈ ਪਰੰਤੂ ਇਹਨਾਂ ਸਾਰੀਆਂ ਵਸਤੂਆਂ ਦੇ ਦਾਮ ਜਰੂਰ ਵੱਧ ਗਏ ਹਨ|
ਇਸ ਦੌਰਾਨ ਭਾਰਤੀ ਕਿਸਾਨ ਯੂਨੀਅਨ ਵਲੋਂ ਅੱਜ ਸਥਾਨਕ ਫੇਜ਼-6 ਵਿੱਚ ਸਥਿਤ ਵੇਰਕਾ ਮਿਲਕ ਪਲਾਂਟ ਦੇ ਬਾਹਰ ਧਰਨਾ ਲਗਾ ਕੇ ਮਿਲਕ ਪਲਾਂਟ ਤੋਂ ਕੀਤੀ ਜਾਣ ਵਾਲੀ ਦੁੱਧ ਅਤੇ ਹੋਰਨਾਂ ਵਸਤੂਆਂ ਦੀ ਸਪਲਾਈ ਰੁਕਵਾ ਦਿੱਤੀ| ਅੱਜ ਸਵੇਰੇ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਮਿਲਕ ਪਲਾਂਟ ਦੇ ਗੇਟ ਤੇ ਧਰਨਾ ਲਗਾ ਦਿੱਤਾ ਅਤੇ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਚਿਤਾਵਨੀ ਦਿੱਤੀ ਕਿ ਉਹ ਸ਼ਹਿਰ ਵਾਸੀਆਂ ਨੂੰ ਦੁੱਧ ਦੀ ਸਪਲਾਈ ਤੇ ਰੋਕ ਲਗਾਉਣ| ਇਸ ਮੌਕੇ ਕਿਸਾਨਾਂ ਨੇ ਕਿਹਾ ਕਿ ਭਾਵੇਂ ਪਿੰਡਾਂ ਤੋਂ ਦੁੱਧ ਦੀ ਸਪਲਾਈ ਬੰਦ ਹੋ ਗਈ ਹੈ ਪਰੰਤੂ ਮਿਲਕ ਪਲਾਂਟ ਵਲੋਂ ਪਾਉਡਰ ਤੋਂ ਦੁੱਧ ਤਿਆਰ ਕਰਕੇ ਅਤੇ ਪੈਕਟਾਂ ਵਿੱਚ ਭਰ ਕੇ ਸਪਲਾਈ ਕੀਤਾ ਜਾ ਰਿਹਾ ਹੈ| ਉਹਨਾਂ ਕਿਸਾਨ ਆਗੂਆਂ ਨੇ ਕਿਹਾ ਕਿ ਕਿਸਾਨ ਸ਼ਹਿਰਾਂ ਨੂੰ ਦੁੱਧ ਦੀ ਸਪਲਾਈ ਨਹੀਂ ਹੋਣ ਦੇਣਗੇ ਅਤੇ ਮਿਲਕ ਪਲਾਂਟ ਦੇ ਅਧਿਕਾਰੀਆਂ ਨੂੰ ਚਾਹੀਦਾ ਹੈ ਕਿ ਉਹ ਕਿਸਾਨਾਂ ਨਾਲ ਟਕਰਾਉ ਤੋਂ ਬਚਣ| ਉਹਨਾਂ ਕਿਹਾ ਕਿ ਪਲਾਂਟ ਵਲੋਂ ਰਾਤ ਨੂੰ ਆਪਣੇ ਸਪਲਾਈ ਵਾਲੇ ਟੈਂਕਰ ਭੇਜੇ ਜਾਂਦੇ ਹਨ ਅਤੇ ਜੇਕਰ ਇਸ ਕਾਰਵਾਈ ਤੇ ਰੋਕ ਨਾ ਲਗਾਈ ਗਈ ਤਾਂ ਕਿਸਾਨ ਇਹਨਾਂ ਟੈਂਕਰਾਂ ਨੂੰ ਰੋਕ ਕੇ ਇਹਨਾਂ ਦੇ ਟਾਇਰ ਪੰਚਰ ਕਰ ਦੇਣਗੇ|
ਇਸ ਮੌਕੇ ਕਿਸਾਨਾਂ ਵੱਲੋਂ ਮੰਗ ਕੀਤੀ ਗਈ ਕਿ ਵਿਸ਼ਵਨਾਥਨ ਕਮੇਟੀ ਦੀ ਰਿਪੋਰਟ ਨੂੰ ਤੁਰੰਤ ਲਾਗੂ ਕੀਤਾ ਜਾਵੇ ਅਤੇ ਕਿਸਾਨਾਂ ਦੇ ਕਰਜੇ ਮਾਫ ਕੀਤੇ ਜਾਣ| Converted from

Leave a Reply

Your email address will not be published. Required fields are marked *