ਕਿਸਾਨਾਂ ਨੇ ਲਾਲ ਕਿਲੇ ਤੇ ਫਹਿਰਾਇਆ ਕੇਸਰੀ ਝੰਡਾ ਦਿੱਲੀ ਵਿੱਚ ਟਰੈਕਟਰ ਪਰੇਡ ਦੌਰਾਨ ਕਿਸਾਨ ਦੀ ਮੌਤ, ਕਿਸਾਨਾਂ ਤੇ ਲਾਠੀਚਾਰਜ, ਹੰਝੂ ਗੈਸ ਦੇ ਗੋਲੇ ਦਾਗੇ

ਨਵੀਂ ਦਿੱਲੀ, 26 ਜਨਵਰੀ (ਸ.ਬ.) ਗਣਤੰਤਰ ਦਿਵਸ ਮੌਕੇ ਸਿੰਘੂ ਬਾਰਡਰ ਤੋਂ ਬੈਰੀਕੇਡ ਹਟਾ ਕੇ ਦਿੱਲੀ ਵਿੱਚ ਦਾਖਿਲ ਹੋਏ ਕਿਸਾਨਾਂ ਨੇ ਅੱਜ ਲਾਲ ਕਿਲੇ ਤੇ ਪਹੁੰਚ ਕੇ ਉੱਥੇ ਕੇਸਰੀ ਝੰਡਾ ਫਹਿਰਾ ਦਿੱਤਾ। ਇਸ ਦੌਰਾਨ ਦਿੱਲੀ ਵਿੱਚ ਕਈ ਥਾਵਾਂ ਤੇ ਕਿਸਾਨਾਂ ਅਤੇ ਪੁਲੀਸ ਵਿੱਚ ਟਕਰਾਅ ਹੋਣ ਦੀ ਖਬਰ ਹੈ ਜਿਸ ਦੌਰਾਨ ਦਿੱਲੀ ਪੁਲੀਸ ਵਲੋਂ ਕਿਸਾਨਾਂ ਤੇ ਲਾਠੀਚਾਰਜ ਕੀਤਾ ਗਿਆ ਹੈ ਅਤੇ ਹੰਝੂ ਗੈਸ ਦੇ ਗੋਲੇ ਵੀ ਦਾਗੇ ਗਏ ਹਨ।

ਅੱਜ ਦੀ ਟ੍ਰੈਕਟਰ ਪਰੇਡ ਦੌਰਾਨ ਇੱਕ ਕਿਸਾਨ ਦੀ ਮੌਤ ਹੋ ਗਈ। ਪ੍ਰਦਰਸ਼ਨਕਾਰੀ ਕਿਸਾਨ ਦੀ ਮੌਤ ਸੜਕ ਹਾਦਸੇ ਵਿੱਚ ਹੋਈ ਹੈ ਕਿਉਂਕਿ ਜਿਥੇ ਉਸ ਦੀ ਮੌਤ ਹੋਈ ਹੈ, ਉਥੇ ਹੀ ਨੇੜੇ ਇਕ ਟਰੈਕਟਰ ਵੀ ਪਲਟਿਆ ਹੋਇਆ ਮਿਲਿਆ ਹੈ। ਦੂਜੇ ਪਾਸੇ ਪ੍ਰਦਰਸ਼ਨ ਕਰ ਰਹੇ ਕਿਸਾਨਾਂ ਦਾ ਕਹਿਣਾ ਹੈ ਕਿ ਮ੍ਰਿਤਕ ਦੀ ਮੌਤ ਪੁਲੀਸ ਦੀ ਗੋਲੀ ਲੱਗਣ ਨਾਲ ਹੋਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਜਿਸ ਕਿਸਾਨ ਦੀ ਮੌਤ ਹੋਈ ਹੈ ਉਹ ਉਤਰਾਖੰਡ ਦੇ ਬਾਜ਼ਪੁਰ ਦਾ ਰਹਿਣ ਵਾਲਾ ਸੀ।

ਪ੍ਰਾਪਤ ਜਾਣਕਾਰੀ ਅਨੁਸਾਰ ਗਾਜ਼ੀਪੁਰ ਬਾਰਡਰ ਤੋਂ ਨਿਕਲਿਆ ਕਿਸਾਨਾਂ ਦਾ ਇਕ ਕਾਫ਼ਲਾ ਆਈ. ਟੀ. ਓ. ਪਹੁੰਚਿਆ ਅਤੇ ਲਾਲ ਕਿਲ੍ਹੇ ਵੱਲ ਵੱਧਣ ਲੱਗ ਗਿਆ। ਪੁਲੀਸ ਵਲੋਂ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਗਈ ਅਤੇ ਕਿਸਾਨਾਂ ਤੇ ਹੰਝੂ ਗੈਸ ਦੇ ਗੋਲ਼ੇ ਦਾਗ਼ੇ ਗਏ।

ਦਿੱਲੀ ਵਿੱਚ ਵੱਖ ਵੱਖ ਥਾਵਾਂ ਤੇ ਕਿਸਾਨਾਂ ਅਤੇ ਪੁਲੀਸ ਵਿਚਕਾਰ ਟਕਰਾਅ ਹੋਣ ਦੀਆਂ ਖਬਰਾਂ ਵੀ ਆ ਰਹੀਆਂ ਹਨ। ਇਸ ਦੌਰਾਨ ਪੁਲੀਸ ਦੀ ਰੋਕ ਦੇ ਬਾਵਜੂਦ ਕਿਸਾਨ ਲਾਲ ਕਿਲ੍ਹੇ ਤੇ ਪਹੁੰਚ ਗਏ ਅਤੇ ਲਾਲ ਕਿਲ੍ਹੇ ਤੇ ਕੇਸਰੀ ਝੰਡਾ ਲਹਿਰਾ ਦਿੱਤਾ ਗਿਆ। ਹਾਲਾਂਕਿ ਬਾਅਦ ਵਿੱਚ ਪੁਲੀਸ ਵਲੋਂ ਇਹ ਕੇਸਰੀ ਝੰਡਾ ਉਤਾਰ ਦਿੱਤਾ ਗਿਆ। ਇਹ ਝੰਡਾ ਉਸੇ ਥਾਂ ਤੇ ਲਹਿਰਾਇਆ ਗਿਆ ਜਿੱਥੇ 15 ਅਗਸਤ ਮੌਕੇ ਪ੍ਰਧਾਨ ਮੰਤਰੀ ਵਲੋਂ ਤਿਰੰਗਾ ਲਹਿਰਾਇਆ ਜਾਂਦਾ ਹੈ।

ਦਿੱਲੀ ਵਿੱਚ ਰਿੰਗ ਰੋਡ ਵੱਲ ਨੂੰ ਵੱਧ ਰਹੇ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਕਾਫਲੇ ਨੂੰ ਪੁਲੀਸ ਵਲੋਂ ਰੋਕੇ ਜਾਣ ਦੀ ਕੋਸ਼ਿਸ਼ ਦੌਰਾਨ ਪੁਲੀਸ ਤੇ ਕਿਸਾਨਾਂ ਵਿਚਕਾਰ ਟਕਰਾਅ ਹੋਣ ਦੀ ਵੀ ਖਬਰ ਹੈ। ਪੁਲੀਸ ਵਲੋਂ ਕਿਸਾਨਾਂ ਨੂੰ ਖਦੇੜਨ ਲਈ ਲਾਠੀਚਾਰਜ ਕੀਤਾ ਗਿਆ ਅਤੇ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਕੀਤੀ ਗਈ। ਇਸ ਦੌਰਾਨ ਕੁਝ ਕਿਸਾਨਾਂ ਦੇ ਜ਼ਖਮੀ ਹੋਣ ਦੀਆਂ ਵੀ ਖ਼ਬਰਾਂ ਹਨ।

ਪੁਲੀਸ ਅਤੇ ਕਿਸਾਨਾਂ ਵਿਚਾਲੇ ਨੋਇਡਾ ਬਾਰਡਰ ਤੇ ਵੀ ਟਕਰਾਅ ਹੋਇਆ ਜਦੋਂ ਹਜ਼ਾਰਾਂ ਦੀ ਗਿਣਤੀ ਵਿੱਚ ਕਿਸਾਨ ਨਿਜਾਮੁਦੀਨ ਅਤੇ ਅਕਸ਼ਰਧਾਮ ਵੱਲ ਮੁੜ ਗਏ। ਭਾਰੀ ਗਿਣਤੀ ਵਿੱਚ ਕਿਸਾਨ ਨੋਇਡਾ ਬਾਰਡਰ ਤੇ ਬੈਰੀਕੇਡਿੰਗ ਤੋੜਦੇ ਹੋਏ ਅੱਗੇ ਵੱਧ ਰਹੇ ਸਨ ਜਦੋਂ ਪੁਲੀਸ ਨਾਲ ਟਕਰਾਅ ਦੀ ਸਥਿਤੀ ਬਣ ਗਈ। ਕਿਸਾਨਾਂ ਦਾ ਕਹਿਣਾ ਹੈ ਕਿ ਪੁਲੀਸ ਦੀ ਲਾਪਰਵਾਹੀ ਕਾਰਨ ਇਹ ਟਕਰਾਅ ਹੋਇਆ। ਟਕਰਾਅ ਤੋਂ ਬਾਅਦ ਕਿਸਾਨਾਂ ਨੂੰ ਉਨ੍ਹਾਂ ਦੇ ਰੂਟ ਤੇ ਜਾਣ ਲਈ ਕਹਿ ਦਿੱਤਾ ਗਿਆ।

ਇਸ ਤੋਂ ਪਹਿਲਾਂ ਦਿੱਲੀ ਦੀਆਂ ਵੱਖ-ਵੱਖ ਸਰਹੱਦਾਂ ਸਿੰਘੂ, ਟਿਕਰੀ ਅਤੇ ਗਾਜ਼ੀਪੁਰ ਬਾਰਡਰ ਤੇ ਲਗਾਏ ਗਏ ਬੈਰੀਕੇਡ ਕਿਸਾਨਾਂ ਵਲੋਂ ਤੋੜ ਦਿੱਤੇ ਗਏ। ਪੁਲੀਸ ਨੇ ਕਿਸਾਨਾਂ ਨੂੰ ਰੋਕਣ ਦੀ ਕੋਸ਼ਿਸ਼ ਕੀਤੀ ਅਤੇ ਇਸ ਦਰਮਿਆਨ ਪੁਲੀਸ ਅਤੇ ਕਿਸਾਨਾਂ ਦਰਮਿਆਨ ਟਕਰਾਅ ਵੀ ਹੋਇਆ ਜਿਸ ਦੌਰਾਨ ਪੁਲੀਸ ਨੇ ਕਿਸਾਨਾਂ ਤੇ ਲਾਠੀਚਾਰਜ ਵੀ ਕੀਤਾ ਅਤੇ ਕਿਸਾਨਾਂ ਦੇ ਕਾਫ਼ਲੇ ਨੂੰ ਖਦੇੜਨ ਲਈ ਹੰਝੂ ਗੈਸ ਦੇ ਗੋਲਿਆਂ ਦੀ ਵਰਤੋਂ ਵੀ ਕੀਤੀ ਗਈ। ਇਸ ਦੌਰਾਨ ਦਿੱਲੀ ਦੇ ਬਾਰਡਰਾਂ ਤੇ 26 ਨਵੰਬਰ ਵਾਲਾ ਮਾਹੌਲ ਹੀ ਨਜ਼ਰ ਆਇਆ ਜਦੋਂ ਕਿਸਾਨਾਂ ਨੇ ਹਰਿਆਣਾਂ ਬਾਰਡਰ ਤੇ ਪੁਲੀਸ ਵਲੋਂ ਲਗਾਏ ਬੈਰੀਕੇਡ ਅਤੇ ਜਲ ਤੋਪਾਂ ਨੂੰ ਸਹਿੰਦੇ ਹੋਏ ਦਿੱਲੀ ਕੂਚ ਕੀਤਾ ਸੀ।

ਕਿਸਾਨਾਂ ਦਾ ਦੋਸ਼ ਹੈ ਕਿ ਪੁਲੀਸ ਨੇ ਤੈਅ ਰੂਟ ਤੇ ਵੀ ਬੈਰੀਕੇਡਜ਼ ਲਾਏ ਸਨ, ਇਸ ਕਾਰਨ ਉਨ੍ਹਾਂ ਨੇ ਬੈਰੀਕੇਡਜ਼ ਹਟਾਏ। ਬਾਅਦ ਵਿੱਚ ਪੁਲੀਸ ਨੇ ਹਰ ਜਗ੍ਹਾ ਤੋਂ ਬੈਰੀਕੇਡਜ਼ ਹਟਾ ਦਿੱਤੇ ਅਤੇ ਕਿਸਾਨਾਂ ਨੂੰ ਤੈਅ ਰੂਟ ਤੇ ਟਰੈਕਟਰ ਮਾਰਚ ਕੱਢਣ ਦੀ ਮਨਜ਼ੂਰੀ ਦਿੱਤੀ ਗਈ। ਇਸ ਦੌਰਾਨ ਦਿੱਲੀ ਵਿੱਚ ਸੰਵੇਦਨਸ਼ੀਲ ਥਾਵਾਂ ਤੇ ਪੈਰਾਮਿਲਟ੍ਰੀ ਫੋਰਸ ਤੈਨਾਤ ਕਰ ਦਿੱਤੀ ਗਈ ਹੈ।

Leave a Reply

Your email address will not be published. Required fields are marked *