ਕਿਸਾਨਾਂ ਨੇ ਵਿਖਾਈ ਆਪਣੀ ਤਾਕਤ, ਖੇਤੀ ਬਿਲਾਂ ਵਿਰੁੱਧ ਕਾਮਯਾਬ ਰਿਹਾ ਪੰਜਾਬ ਬੰਦ

ਕਿਸਾਨਾਂ ਨੇ ਵਿਖਾਈ ਆਪਣੀ ਤਾਕਤ, ਖੇਤੀ ਬਿਲਾਂ ਵਿਰੁੱਧ ਕਾਮਯਾਬ ਰਿਹਾ ਪੰਜਾਬ ਬੰਦ
ਕਲਾਕਾਰਾਂ, ਲੇਖਕਾਂ, ਮੁਲਾਜਮ ਜੱਥੇਬੰਦੀਆਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਨੇ ਦਿੱਤਾ ਕਿਸਾਨਾਂ ਨੂੰ ਸਮਰਥਨ
ਸਕਾਈ ਹਾਕ ਟਾਈਮਜ਼ ਬਿਊਰੋ
ਐਸ ਏ ਐਸ ਨਗਰ, 25 ਸਤੰਬਰ
ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਵੱਖ ਵੱਖ ਕਿਸਾਨ ਜੱਥੇਬੰਦੀਆਂ ਵਲੋਂ ਐਲਾਨੇ ਗਏ ਪੰਜਾਬ ਬੰਦ ਦੇ ਸੱਦੇ ਨੂੰ ਕਲਾਕਾਰਾਂ, ਲੇਖਕਾਂ, ਮੁਲਾਜਮ              ਜੱਥੇਬੰਦੀਆਂ, ਵਪਾਰੀਆਂ ਸਮੇਤ ਸਮਾਜ ਦੇ ਸਾਰੇ ਵਰਗਾਂ ਵਲੋਂ ਆਪ ਮੁਹਾਰੇ ਸਮਰਥਨ ਦਿੱਤਾ ਗਿਆ ਅਤੇ ਇਹ ਬੰਦ ਪੂਰੀ ਤਰ੍ਹਾਂ ਕਾਮਯਾਬ ਰਿਹਾ| ਇਸ ਦੌਰਾਨ ਪੰਜਾਬ ਹਰਿਆਣਾ ਸਰਹੱਦ ਤੇ ਸ਼ੰਭੂ ਬੈਰੀਅਰ ਤੇ ਹਜਾਰਾਂ ਦੀ ਗਿਣਤੀ ਵਿੱਚ ਇਕੱਤਰ ਹੋ ਕੇ ਪੰਜਾਬ ਹਰਿਆਣਾ ਬੈਰੀਅਰ ਨੂੰ ਪੂਰੀ ਤਰ੍ਹਾਂ ਸੀਲ ਕਰ ਦਿੱਤਾ ਗਿਆ| ਇਸ ਮੌਕੇ ਵੱਡੀ ਗਿਣਤੀ ਵਿੱਚ ਪਹੁੰਚੇ ਪੰਜਾਬੀ ਕਲਾਕਾਰਾਂ ਵਲੋਂ ਕਿਸਾਨਾਂ ਨਾਲ ਇਕੱਜੁਟਤਾ ਵਿਖਾਉਂਦਿਆਂ ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਬਿਲਾਂ ਨੂੰ ਕਿਸਾਨ ਮਾਰੂ ਦੱਸਦਿਆਂ ਇਹਨਾਂ ਨੂੰ ਤੁਰੰਤ ਵਾਪਸ ਲੈਣ ਦੀ ਮੰਗ ਕੀਤੀ ਗਈ| 
ਖਰੜ ਵਿਖੇ ਕਿਸਾਨ ਯੂਨੀਅਨਾਂ ਵਲੋਂ ਕੀਤੇ ਗਏ ਜਿਲ੍ਹਾ ਪੱਧਰੀ ਇਕੱਠ ਦੌਰਾਨ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਦੀ ਜਿਲ੍ਹਾ ਮੁਹਾਲੀ ਇਕਾਈ ਦੇ ਪ੍ਰਧਾਨ ਦਵਿੰਦਰ ਸਿੰਘ ਦੇਹ ਕਲਾਂ ਦੀ ਅਗਵਾਈ ਵਿੱਚ ਬਸ ਅੱਡੇ ਨੇੜੇ ਮੁੱਖ ਸੜਕ ਤੇ ਧਰਨਾ ਦਿੱਤਾ ਗਿਆ ਅਤੇ ਆਵਾਜਾਈ ਪੂਰੀ ਤਰ੍ਹਾਂ ਠੱਪ ਕਰ ਦਿੱਤੀ ਗਈ| ਇਸ ਮੌਕੇ ਖਰੜ ਤੋਂ ਚੰਡੀਗੜ੍ਹ, ਅੰਬਾਲਾ, ਮੋਰਿੰਡਾ ਅਤੇ ਰੋਪੜ ਵੱਲ ਜਾਣ ਵਾਲੀਆਂ ਸਾਰੀਆਂ ਸੜਕਾਂ ਤੇ ਟ੍ਰੈਕਟਰ ਖੜ੍ਹਾ ਕੇ ਰਸਤਾ ਜਾਮ ਕਰ ਦਿੱਤਾ ਗਿਆ ਅਤੇ ਕਿਸਾਨ ਆਗੂਆਂ ਵਲੋਂ ਕੇਂਦਰ ਸਰਕਾਰ ਨੂੰ ਚਿਤਾਵਨੀ ਦਿੱਤੀ ਗਈ ਕਿ ਪੰਜਾਬ ਦੀ ਜਨਤਾ ਕਿਸੇ ਵੀ ਕੀਮਤ ਤੇ ਖੇਤੀ ਬਿਲਾਂ ਨੂੰ ਲਾਗੂ ਨਹੀਂ ਹੋਣ ਦੇਵੇਗੀ| ਇਸ ਮੌਕੇ ਕਿਸਾਨ ਆਗੂਆਂ ਨੇ ਕਿਹਾ ਕਿ ਜਿਸ ਤਰੀਕੇ ਨਾਲ ਪੰਜਾਬ ਦੇ ਸਮੂਹ ਵਰਗਾਂ ਵਲੋਂ ਆਪ ਮੁਹਾਰੇ ਹੋ ਕੇ ਉਹਨਾਂ ਦੇ ਸੰਘਰਸ਼ ਵਿੱਚ ਸਾਥ ਦਿੱਤਾ ਗਿਆ ਹੈ ਉਸ ਨਾਲ ਉਹਨਾਂ ਦਾ ਪੱਖ ਹੋਰ ਵੀ ਮਜਬੂਤ ਹੋਇਆ ਹੈ| ਇਸ ਦੌਰਾਨ ਮੁਹਾਲੀ ਤੋਂ ਆਪਣੇ ਸਹਿਯੋਗੀ ਨਾਲ ਪਹੁੰਚੇ ਪਰਮਿੰਦਰ ਸਿੰਘ ਜੰਡੋਰੀਆਂ ਵਲੋਂ ਧਰਨੇ ਵਿੱਚ ਲੰਗਰ ਦੀ ਸੇਵਾ ਕੀਤੀ ਗਈ| ਇਸ ਮੌਕੇ ਸਮਾਜ ਦੇ ਹੋਰਨਾਂ ਵਰਗਾਂ, ਰਿਟਾਇਰਡ ਸਰਕਾਰੀ ਮੁਲਾਜ਼ਮਾਂ ਦੀਆਂ ਜਥੇਬੰਦੀਆਂ, ਆੜਤੀਆਂ, ਵਪਾਰੀਆਂ, ਫੈਕਟਰੀ ਮਜਦੂਰਾਂ ਅਤੇ ਆਮ ਨਾਗਰਿਕਾਂ ਨੇ ਵੀ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕਰਕੇ ਕਿਸਾਨਾਂ ਦਾ ਸਮਰਥਨ ਕੀਤਾ|
ਇਸ ਮੌਕੇ ਨਛੱਤਰ ਸਿੰਘ ਬੈਦਵਾਨ ਮੀਤ ਪ੍ਰਧਾਨ ਪੰਜਾਬ, ਮੇਹਰ ਸਿੰਘ             ਥੇੜੀ ਮੀਤ ਪ੍ਰਧਾਨ ਪੰਜਾਬ, ਜਸਪਾਲ ਸਿੰਘ ਨਿਆਮੀਆ ਮੀਤ ਪ੍ਰਧਾਨ ਮੁਹਾਲੀ, ਗੁਰਮੀਤ ਸਿੰਘ ਬਲਾਕ  ਪ੍ਰਧਾਨ ਖਰੜ, ਸੋਹਣ ਸਿੰਘ, ਬਹਾਦਰ ਸਿੰਘ ਨਿਆਮੀਆਂ, ਜਿਲ੍ਹਾਂ ਪ੍ਰਧਾਨ ਮੁਹਾਲੀ ਸਿੱਧੂਪੁਰ, ਰਵਿੰਦਰ ਸਿੰਘ            ਦੇਹ ਕਲਾਂ, ਗਿਆਨ ਸਿੰਘ ਧੜ੍ਹਾਕ, ਬਲਜਿੰਦਰ ਸਿੰਘ ਭਜੌਲੀ, ਬਲਵਿੰਦਰ ਸਿੰਘ ਰਸਨਹੇੜੀ, ਵਪਾਰ ਮੰਡਲ ਦੇ ਜਨਰਲ ਸਕੱਤਰ ਸਰਬਜੀਤ ਸਿੰਘ, ਚਰਨਜੀਤ ਸਿੰਘ ਸਿੰਬਲ ਮਾਜਰਾ, ਗੁਰਨਾਮ ਸਿੰਘ ਦਾਓ, ਮਨਪ੍ਰੀਤ ਸਿੰਘ ਖੇੜੀ, ਹਰਸਿਮਰਤ ਸਿੰਘ ਬਿੰਨੀ, ਮਨਪ੍ਰੀਤ ਸਿੰਘ, ਪਰਮਿੰਦਰ ਸਿੰਘ, ਹਰਬੰਸ ਲਾਲ(ਲੱਡੂ ਸਵੀਟ) ਹਾਜਿਰ ਸਨ|  
ਇਸ ਦੌਰਾਨ ਪ੍ਰਸ਼ਾਸ਼ਨ ਵੀ ਪੂਰੀ ਤਰ੍ਹਾਂ ਚੌਕਸ ਨਜਰ ਆਇਆ ਅਤੇ ਜਿਲ੍ਹਾ ਮੁਹਾਲੀ ਦੇ ਡਿਪਟੀ ਕਮਿਸ਼ਨਰ ਸ੍ਰੀ ਗਿਰੀਸ਼ ਦਯਾਲਨ ਖੁਦ ਮੌਕੇ ਦਾ ਜਾਇਜਾ ਲੈਂਦੇ ਨਜਰ ਆਏ| ਖਰੜ ਵਿੱਚ ਕਿਸਾਨਾਂ ਦੇ ਧਰਨੇ ਦੀ ਨਿਗਰਾਨੀ ਕਰਨ ਪਹੁੰਚੇ ਸ੍ਰੀ ਦਯਾਲਨ ਨੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕਿਹਾ ਕਿ ਸਭ ਕੁੱਝ ਠੀਕ ਠਾਕ ਹੈ ਅਤੇ ਕਿਸਾਨਾਂ ਦਾ ਅੰਦੋਲਨ ਪੂਰੀ ਤਰ੍ਹਾਂ ਸ਼ਾਂਤਮਈ ਤਰੀਕੇ ਨਾਲ ਚਲ ਰਿਹਾ ਹੈ| 
ਮੁਹਾਲੀ ਵਿੱਚ ਯੂਥ ਆਫ ਪੰਜਾਬ ਸੰਸਥਾ ਦੇ ਚੇਅਰਮੈਨ ਪਰਮਦੀਪ ਸਿੰਘ ਬੈਦਵਾਨ ਦੀ ਅਗਵਾਈ ਵਿੱਚ ਗੁਰਦੁਆਰਾ ਸਿੰਘ ਸ਼ਹੀਦਾਂ ਦੇ ਸਾਮ੍ਹਣੇ ਮੁੱਖ ਚੌਂਕ ਤੇ ਚੱਕਾ ਜਾਮ ਕੀਤਾ ਗਿਆ ਅਤੇ ਪ੍ਰਧਾਨ ਮੰਤਰੀ ਸ੍ਰ. ਨਰਿੰਦਰ ਮੋਦੀ ਦਾ ਪੁਤਲਾ ਫੂਕਿਆ ਗਿਆ| ਇਸ ਮੌਕੇ ਇਕੱਠੇ ਹੋਏ ਸੰਸਥਾ ਦੇ ਮੈਂਬਰਾਂ ਅਤੇ ਕਿਸਾਨਾਂ ਵਲੋਂ ਕੇਂਦਰ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ਗਈ ਅਤੇ ਖੇਤੀ ਬਿਲ ਵਾਪਸ ਲੈਣ ਦੀ ਮੰਗ ਕੀਤੀ ਗਈ| 
ਇਸ ਮੌਕੇ ਸ੍ਰ. ਪਰਮਦੀਪ ਸਿੰਘ ਬੈਦਵਾਨ ਨੇ ਕਿਹਾ ਕਿ ਸਰਕਾਰ ਵਲੋਂ ਬਣਾਇਆ ਇਹ ਕਾਨੂੰਨ ਭਵਿੱਖ ਵਿੱਚ ਕਿਸਾਨਾਂ ਲਈ ਕਾਲਾ ਕਾਨੂੰਨ ਸਾਬਿਤ ਹੋਵੇਗਾ| ਇਸ ਕਾਨੂੰਨ ਕਰਕੇ ਕਿਸਾਨ ਆਪਣੀਆਂ ਜਮੀਨਾਂ ਦੇ ਮਾਲਕ ਹੋਣ ਦੇ ਬਾਵਜੂਦ ਵੀ ਮਜ਼ਦੂਰ ਬਣ ਕੇ ਰਹਿ ਜਾਣਗੇ| ਉਹਨਾਂ ਕਿਹਾ ਕਿ ਸਰਕਾਰ ਕਾਰਪੋਰੇਟ ਘਰਾਣਿਆਂ ਦੇ ਹੱਕਾਂ ਨਾਲ ਖੇਡ ਕੇ ਕਿਸਾਨਾਂ ਨੂੰ ਬਰਬਾਦ ਕਰਨ ਤੇ ਤੁਲੀ ਹੋਈ ਹੈ ਤੇ               ਦੇਸ਼ ਦੇ ਕਿਸਾਨ ਇਹ ਕਦੇ ਵੀ ਸਹਿਣ ਨਹੀਂ ਕਰਨਗੇ| ਉਹਨਾਂ ਕਿਹਾ ਕਿ ਯੂਥ ਆਫ ਪੰਜਾਬ ਕਿਸਾਨਾਂ ਦੇ ਮੋਢੇ ਨਾਲ ਮੋਢਾ ਲਗਾ ਕੇ ਸੰਘਰਸ਼ ਵਿੱਚ ਉਹਨਾਂ ਦੇ ਨਾਲ ਹੈ ਅਤੇ ਜੇਕਰ ਇਸ ਕਾਨੂੰਨ ਦੇ ਵਿਰੋਧ ਵਿੱਚ ਸਾਨੂੰ ਦਿੱਲੀ ਜਾਣਾ ਪਿਆ ਤਾਂ ਅਸੀਂ ਜਾਵਾਂਗੇ ਪਰ ਸਰਕਾਰ ਦੀ ਇਸ ਧੱਕੇਸ਼ਾਹੀ ਨੂੰ ਕਦੇ ਵੀ ਬਰਦਾਸ਼ਤ ਨਹੀਂ ਕਰਾਂਗੇ| ਉਹਨਾਂ ਕਿਹਾ ਕਿ ਅੱਜ ਕਿਸਾਨਾਂ ਦੇ ਹੱਕ ਵਿੱਚ ਕੀਤੇ ਗਏ ਇਸ ਧਰਨੇ ਵਿੱਚ ਹਰ ਰਾਜਨੀਤਿਕ ਪਾਰਟੀ ਨਾਲ ਸਬੰਧਤ ਲੋਕ ਆਏ ਹਨ ਜੋ ਪਾਰਟੀਬਾਜੀ ਅਤੇ ਰਾਜਨੀਤੀ ਤੋਂ ਉੱਪਰ ਉੱਠ ਕੇ ਕਿਸਾਨਾਂ ਦੇ ਝੰਡੇ ਹੇਠ ਸਰਕਾਰ ਦਾ ਵਿਰੋਧ ਕਰ ਰਹੇ ਹਨ|
ਇਸ ਮੌਕੇ ਯੂਥ ਆਫ ਪੰਜਾਬ ਦੇ ਮੀਤ ਪ੍ਰਧਾਨ ਬੱਬੂ ਮੁਹਾਲੀ, ਸਰਪੰਚ ਜੱਸੀ ਬੱਲੋਮਾਜਰਾ, ਪੰਜਾਬੀ ਗਾਇਕ ਮਾਨਵਜੀਤ ਗਿੱਲ, ਅਦਾਕਾਰ ਗੁਰਦੀਪ ਮਨਾਲੀਆ ਅਤੇ ਨਰਿੰਦਰ ਵਤਸ ਵਲੋਂ ਵੀ ਸੰਬੋਧਨ ਕੀਤਾ ਗਿਆ| ਇਸ ਮੌਕੇ ਸੰਸਥਾ ਦੇ ਜਿਲ੍ਹਾ ਪ੍ਰਧਾਨ ਗੁਰਜੀਤ ਮਟੌਰ, ਲਾਭ ਸਿੰਘ ਪ੍ਰਧਾਨ ਸੋਹਾਣਾ, ਸੋਨੂੰ ਬੈਦਵਾਨ ਮਟੌਰ, ਪਹਿਲਵਾਨ ਅਮਰਜੀਤ ਲਖਨੌਰ, ਰੋਡਾ ਠੇਕੇਦਾਰ ਮੌਲੀ, ਇਸ਼ਾਂਤ ਮੁਹਾਲੀ, ਇਕਬਾਲ ਸਿੰਘ, ਸੱਤੀ ਬਾਸੀਆਂ, ਮਲਕੀਤ ਸੋਹਾਣਾ, ਘੱਗਾ ਸਰਪੰਚ ਸੋਹਾਣਾ, ਪੁਆਧੀ ਅਖਾੜਾ ਸਮਰਦੀਪ ਸੰਮੀ, ਬਲਵਿੰਦਰ ਮਟੌਰ, ਪ੍ਰਭਦੀਪ ਬੈਦਵਾਨ, ਰਣਦੀਪ ਮਟੌਰ, ਆਰ.ਪੀ ਢੀਂਡਸਾਂ, ਇੰਦਰਜੀਤ ਸਿੰਘ, ਜੱਸੀ ਸੋਹਾਣਾ, ਐਡਵੋਕੇਟ ਜਗਰੂਪ ਸਿੰਘ ਮਾਵੀ, ਸ਼ਰਨਦੀਪ ਸਿੰਘ ਚੱਕਲ, ਅਮਰੀਕ ਸਰਪੰਚ ਮਟੌਰ, ਮਨਿੰਦਰ ਸਿੰਘ  ਸਮੇਤ ਹੋਰ ਕਿਸਾਨ ਜਥੇਬੰਦੀਆਂ ਨਾਲ ਸਬੰਧਤ ਕਿਸਾਨ ਹਾਜ਼ਰ ਸਨ| 
ਇਸ ਦੌਰਾਨ ਫੇਜ਼ 8 ਦੇ ਦਸ਼ਹਿਰਾ ਮੈਦਾਨ ਵਿੱਚ ਵੱਖ ਵੱਖ ਜੱਥੇਬੰਦੀਆਂ ਵਲੋਂ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਧਰਨਾ ਪ੍ਰਦਰਸ਼ਨ ਕੀਤਾ ਗਿਆ ਅਤੇ ਸਰਕਾਰ ਤੋਂ ਮੰਗ ਕੀਤੀ ਗਈ ਕਿ ਕਿਸਾਨ ਮਾਰੂ ਖੇਤੀ ਬਿੱਲ ਤੁਰੰਤ ਵਾਪਸ ਲਏ ਜਾਣ| ਇਸ ਮੌਕੇ ਵੱਖ ਵੱਖ ਪੰਜਾਬੀ ਕਲਾਕਾਰਾਂ, ਲੇਖਕਾਂ, ਮੁਲਾਜਮ ਆਗੂਆਂ, ਪੈਰਾਫੈਰੀ ਮਿਲਕਮੈਨ ਯੂਨੀਅਨ, ਪੇਂਡੂ ਸੰਘਰਸ਼ ਕਮੇਟੀ, ਕੇਂਦਰੀ ਲੇਖਕ ਸਭਾ, ਚੇਤਨਾ ਮੰਚ, ਸਾਹਿਤ ਚਿੰਤਨ, ਪੰਜਾਬੀ ਸਾਹਿਤ ਸਭਾ, ਤਰਕਸ਼ੀਲ ਸੁਸਾਇਟੀ, ਸੀਟੂ, ਏਟਕ, ਬਿਜਲੀ ਕਾਮਿਆਂ, ਇਪਟਾ ਅਤੇ ਹੋਰਨਾਂ ਜੱਥੇਬੰਦੀਆਂ ਦੇ ਆਗੂਆਂ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਫੈਸਲਾ ਕਿਸਾਨਾਂ ਦੇ ਨਾਲ ਆਮ ਜਨਤਾ ਨੂੰ ਵੀ ਬਰਬਾਦ ਕਰਨ ਵਾਲਾ ਸਾਬਿਤ ਹੋਣਾ ਹੈ| 
ਇਸ ਮੌਕੇ ਮਸ਼ਹੂਰ ਗਾਇਕਾਂ ਜਗਤਾਰ ਜੱਗਾ, ਸੁਚੇਤ ਬਾਲਾ, ਸਾਵਨ ਰੂਪੇਵਾਲੀ, ਹਰਿੰਦਰ ਹਰ, ਸੀਟੂ ਦੇ ਇੰਦਰਜੀਤ ਸਿੰਘ ਗਰੇਵਾਲ ਅਤੇ ਸਜੱਣ ਸਿੰਘ, ਏਟਕ  ਦੇ ਬੰਤ ਸਿੰਘ ਬਰਾੜ ਅਤੇ ਜੋਗਿਦਰ ਦਿਆਲ, ਪੈਰੀਫੈਰੀ ਮਿਲਕਮੈਨ ਯੂਨੀਅਨ ਦੇ ਬਲਜਿੰਦਰ ਸਿੰਘ ਭਾਗੋਮਾਜਰਾ, ਬਲਵਿੰਦਰ ਸਿੰਘ ਬੀੜ, ਸੁਖਵਿੰਦਰ ਸਿੰਘ, ਪੇਂਡੂ ਸੰਘਰਸ਼ ਕਮੇਟੀ ਚੰਡੀਗੜ੍ਹ ਤੋਂ ਦਲਜੀਤ ਸਿੰਘ, ਸਾਧੂ ਸਿੰਘ, ਜੀ.ਐਸ. ਗੋਸਲ, ਕੇਂਦਰੀ ਲੇਖਕ ਸਭਾ ਤੋਂ ਸੁਖਦੇਵ ਸਿੰਘ, ਸਹਿਤ ਚਿੰਤਨ ਚੰਡੀਗੜ੍ਹ ਪੰਜਾਬ ਤੋਂ ਸਰਦਾਰਾ ਸਿੰਘ, ਚੇਤਨਾ ਮੰਚ ਤੋਂ ਸਤੀਸ਼ ਖੋਸਲਾ, ਪੰਜਾਬੀ ਸਾਹਿਤ ਸਭਾ ਤੋਂ ਸ਼ਿੰਦਰਪਾਲ ਸਿੰਘ, ਤਰਕਸ਼ੀਲ ਸੁਸਾਇਟੀ ਤੋਂ ਜੋਸ਼ਨ ਸਿੰਘ, ਪੀ. ਐਸ. ਈ. ਬੀ. ਤੋਂ ਸੁਰਿੰਦਰ ਸਿੰਘ ਸਮੇਤ ਵੱਡੀ ਗਿਣਤੀ ਲੋਕ ਸ਼ਾਮਿਲ ਹੋਏ|
ਪਿੰਡ ਕੁੰਭੜਾ ਦੇ ਵਸਨੀਕਾਂ ਵਲੋਂ ਵੀ ਕਿਸਾਨਾਂ ਦੇ ਸੰਘਰਸ਼ ਦੇ ਹੱਕ ਵਿੱਚ ਮੁੱਖ ਸੜਕ ਤੇ ਧਰਨਾ ਦਿੱਤਾ ਗਿਆ ਅਤੇ ਆਵਾਜਾਈ ਜਾਮ ਕੀਤੀ ਗਈ| ਪਿੰਡ ਕੁੰਭੜਾ ਦੇ ਬਾਹਰਵਾਰ (ਗ੍ਰੇਸ਼ੀਅਨ ਹਸਪਤਾਲ ਵਾਲੇ ਮੋੜ ਤੇ) ਪਿੰਡ ਵਾਸੀਆਂ ਵਲੋਂ ਸੜਕ ਤੇ ਬੈਠ ਕੇ ਧਰਨਾ ਦਿੱਤਾ ਗਿਆ ਅਤੇ ਸਰਕਾਰ ਖਿਲਾਫ ਨਾਹਰੇਬਾਜੀ ਕੀਤੀ ਗਈ| ਇਸ ਮੌਕੇ ਪਿੰਡ ਦੀਆਂ ਔਰਤਾਂ ਨੇ ਵੀ ਸ਼ਮੂਲੀਅਤ ਕੀਤੀ ਅਤੇ ਮੰਗ ਕੀਤੀ ਕਿ ਕਿਸਾਨ ਵਿਰੋਧੀ ਬਿਲ ਤੁਰੰਤ ਵਾਪਸ ਲਏ ਜਾਣ| 
ਇਸ ਦੌਰਾਨ ਵਪਾਰ ਮੰਡਲ ਮੁਹਾਲੀ ਵਲੋਂ ਕਿਸਾਨਾਂ ਦੇ ਸੰਘਰਸ਼ ਦੇ ਸਮਰਥਨ ਵਿੱਚ ਮੁਹਾਲੀ ਵਿੱਚ ਬਾਜਾਰ ਬੰਦ ਰੱਖਣ ਦੇ ਫੈਸਲੇ ਨੂੰ ਵਪਾਰੀਆਂ ਵਲੋਂ ਭਰਵਾਂ ਹੁੰਗਾਰਾ ਦਿੱਤਾ ਗਿਆ ਅਤੇ ਕੁੱਝ ਕੁ ਥਾਵਾਂ ਨੂੰ ਛੱਡ ਕੇ ਜਿਆਦਾਤਰ ਬਾਜਾਰ ਪੂਰੀ ਤਰ੍ਹਾਂ ਬੰਦ ਰਹੇ| ਇਸ ਦੌਰਾਨ ਫੇਜ਼ 3 ਬੀ 2 ਦੀ           ਟ੍ਰੇਡਰਜ਼ ਮਾਰਕੀਟ ਵੈਲਫੇਅਰ           ਐਸੋਸੀਏਸ਼ਨ ਦੇ ਅਹੁਦੇਦਾਰਾਂਦਿਲਾਵਰ ਸਿੰਘ, ਕੁਲਦੀਪ ਸਿੰਘ ਕਟਾਣੀ, ਜਸਪਾਲ ਸਿੰਘ ਦਿਓਲ, ਅਕਵਿੰਦਰ ਸਿੰਘ ਗੋਸਲ, ਰਾਜੀਵ ਭਾਟੀਆ, ਅੰਕਿਤ ਸ਼ਰਮਾ ਅਤੇ ਪਰਮਜੀਤ ਸਿੰਘ ਨੇ ਦੱਸਿਆ ਕਿ ਵਪਾਰ ਮੰਡਲ ਵਲੋਂ ਕਿਸਾਨਾਂ ਨੂੰ ਦਿੱਤੇ ਸਮਰਥਨ ਦੇ ਹੱਕ ਵਿੱਚ ਉਹਨਾਂ ਵਲੋਂ ਆਪਣੀਆਂ ਦੁਕਾਨਾਂ ਬੰਦ ਰੱਖਣ ਦਾ ਫੈਸਲਾ ਕੀਤਾ ਗਿਆ ਹੈ| 
ਇਸ ਦੌਰਾਨ ਟੈਕਨੀਕਲ ਸਰਵਿਸਜ ਯੂਨੀਅਨ (ਰਜਿ.49) ਅਤੇ ਠੇਕਾ ਮੁਲਾਜ਼ਮ ਸੰਘਰਸ਼ ਮੋਰਚਾ ਜਿਲ੍ਹਾ ਮੁਹਾਲੀ ਵਲੋਂ ਕੇਂਦਰ ਸਰਕਾਰ ਦੀ ਅਰਥੀ ਫੂਕੀ ਕੇ ਕਿਸਾਨਾਂ ਦੇ ਧਰਨੇ ਵਿੱਚ ਸ਼ਮੂਲੀਅਤ ਕੀਤੀ ਗਈ| ਯੂਨੀਅਨ ਦੇ ਆਗੂਆਂ ਬਲਿਹਾਰ ਸਿੰਘ, ਜਗਦੀਸ਼ ਕੁਮਾਰ, ਕੇਸਰ ਸਿੰਘ, ਰਜਿੰਦਰ ਸਿੰਘ, ਸ਼ਿਵ ਰਾਮ ਅਤੇ ਅਜੇ ਕੁਮਾਰ ਨੇ ਦੱਸਿਆ ਕਿ ਸਬ ਡਵੀਜਨ ਖਰੜ  ਦੇ ਬਿਜਲੀ ਕਾਮਿਆਂ ਨੇ ਕੇਂਦਰ ਸਰਕਾਰ ਵੱਲੋਂ ਪਾਸ ਕੀਤੇ ਕਿਸਾਨ, ਮਜ਼ਦੂਰ ਅਤੇ ਮੁਲਾਜਮ ਵਿਰੋਧੀ ਕਾਨੂੰਨਾਂ ਦੇ ਵਿਰੋਧ ਵਿੱਚ ਅਰਥੀ ਫੂਕ ਮੁਜਾਹਰਾ ਕੀਤਾ ਗਿਆ|
ਉਹਨਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਕਾਰਪੋਰੇਟ ਘਰਾਣਿਆਂ ਨੂੰ ਲਾਭ ਦੇਣ ਲਈ ਖੇਤੀ ਮੰਡੀਕਰਨ ਬਿੱਲ, ਬਿਜਲੀ ਸੋਧ ਬਿਲ 2020 ਅਤੇ ਕਿਰਤ ਕਾਨੂੰਨ ਨੂੰ ਖਤਮ ਕਰਨ ਲਈ ਲੋਕ ਸਭਾ ਵਿੱਚ ਤਿੰਨ ਬਿੱਲ ਪਾਸ ਕੀਤੇ ਗਏ ਹਨ| ਉਹਨਾਂ ਕਿਹਾ ਕਿ ਪਹਿਲਾਂ ਹੀ ਮੰਦੀ ਦੀ ਮਾਰ ਝੱਲ ਰਹੇ ਕਿਸਾਨਾਂ ਅਤੇ ਮਜ਼ਦੂਰਾਂ ਲਈ ਇਹ ਬਿੱਲ ਤਬਾਹਕੁੰਨ ਸਾਬਿਤ ਹੋਣਗੇ|  
ਇਸ ਦੌਰਾਨ ਸੰਗਰੂਰ ਵਿੱਚ ਵੱਖ ਵੱਖ ਕਿਸਾਨ ਜਥੇਬੰਦੀਆਂ ਦੇ ਸੰਘਰਸ਼ ਵਿੱਚ ਬਿਜਲੀ ਮੁਲਾਜਮ ਏਕਤਾ ਮੰਚ ਪੰਜਾਬ ਵਲੋਂ ਦਿੱਤੇ ਸੱਦੇ ਤੇ ਗੁਰਬਖਸ਼ ਸਿੰਘ ਦੀ ਅਗਵਾਈ ਹੇਠ ਬਿਜਲੀ ਕਰਮਚਾਰੀ ਸਾਮਲ ਹੋਏ| ਇਸ ਤੋਂ ਪਹਿਲਾਂ ਬਿਜਲੀ ਕਾਮਿਆਂ ਨੇ ਸਥਾਨਕ ਡਿਵੀਜਨ ਦਫਤਰ ਅੱਗੇ ਗੇਟ ਰੈਲੀ ਕੀਤੀ| ਇਸ ਰੈਲੀ ਨੂੰ ਸੰਬੋਧਨ ਕਰਦਿਆਂ  ਜੀਵਨ ਸਿੰਘ ਛੰਨਾ ਅਤੇ ਸਰਕਲ ਆਗੂ ਜਗਦੀਪ ਸਿੰਘ ਗੁੱਜਰਾਂ ਨੇ ਕਿਹਾ ਕਿ ਕਿਸਾਨ ਵਿਰੋਧੀ ਕਾਨੂੰਨ ਅਤੇ ਕਿਰਤ ਕਾਨੂੰਨ ਰੱਦ ਕੀਤੇ ਜਾਣ ਅਤੇ ਠੇਕੇਦਾਰੀ ਸਿਸਟਮ ਤੇ ਆਊਟਸੋਰਸਿੰਗ ਤੇ ਕੰਮ ਕਰਦਿਆਂ ਕਾਮਿਆਂ ਨੂੰ ਉਸੇ ਥਾਂ ਤੇ ਪੱਕਾ ਕੀਤਾ ਜਾਵੇ| ਇਸ ਮੌਕੇ ਬਲਵੀਰ ਸਿੰਘ, ਹਰਦੀਪ ਸਿੰਘ, ਅਮਨਦੀਪ ਸਿੰਘ, ਸੁਖਜੀਤ ਸਿੰਘ, ਨਰਿੰਦਰ ਸਿੰਘ, ਭੋਲਾ ਸਿੰਘ ਬਡਰੁੱਖਾਂ, ਮਿੱਨੂੰ ਸਿੰਘ ਆਦਿ ਆਗੂ ਹਾਜਰ ਸਨ|

Leave a Reply

Your email address will not be published. Required fields are marked *