ਕਿਸਾਨਾਂ ਨੇ ਸੰਭੂ ਟੋਲ ਪਲਾਜਾ ਕਰਵਾਇਆ ਮੁਫਤ ਪੰਜਾਬ ਵਿੱਚ ਵੱਖ ਵੱਖ ਥਾਵਾਂ ਤੇ ਟੋਲ ਪਲਾਜਿਆਂ ਤੇ ਲਾਂਘਾ ਮੁਫਤ ਕਰਵਾਇਆ
ਚੰਡੀਗੜ੍ਹ,12 ਦਸੰਬਰ (ਸ.ਬ.) ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਆਪਣੇ ਸੰਘਰਸ਼ ਨੂੰ ਤੇਜ ਕਰਦੇ ਹੋਏ ਕਿਸਾਨਾਂ ਨੇ ਦੇਸ਼ ਭਰ ਵਿੱਚ ਟੋਲ ਪਲਾਜ਼ਿਆਂ ਤੋਂ ਲਾਂਘਾ ਮੁਫ਼ਤ ਕਰਨ ਦੀ ਅਪੀਲ ਕੀਤੀ ਹੈ| ਇਸ ਤਹਿਤ ਕਈ ਟੋਲ ਪਲਾਜ਼ੇ ਬੰਦ ਹੋ ਗਏ ਹਨ, ਉਥੇ ਕੁੱਝ ਥਾਵਾਂ ਤੇ ਲੋਕ ਹੁਣੇ ਵੀ ਆਪਣੇ ਵਾਹਨਾਂ ਨਾਲ ਟੋਲ ਪਲਾਜ਼ਾ ਤੇ ਕੈਸ਼ ਦੀ ਲਾਈਨ ਵਿੱਚ ਲੱਗੇ ਵੇਖੇ ਜਾ ਰਹੇ ਹਨ|
ਰਾਜਪੁਰਾ ਨੇੜੇ ਸ਼ੰਭੁ ਟੋਲ ਪਲਾਜ਼ਾ ਕਿਸਾਨਾਂ ਦੇ ਸੰਘਰਸ਼ ਕਾਰਨ ਮੁਫਤ ਕਰ ਦਿਤਾ ਗਿਆ ਹੈ| ਇਸ ਟੋਲ ਪਲਾਜਾ ਦੇ ਇੰਚਾਰਜ ਰਵੀ ਤਿਵਾਰੀ ਨੇ ਦੱਸਿਆ ਕਿ ਬੀਤੀ ਰਾਤ 12 ਵਜੇ ਤੋਂ ਇਹ ਟੋਲ ਮੁਫਤ ਹੋ ਗਿਆ ਹੈ| ਉਹਨਾਂ ਕਿਹਾ ਕਿ ਟੋਲ ਪਲਾਜਾ ਤੇ ਕੁਝ ਕਿਸਾਨ ਆਏ ਸਨ ਅਤੇ ਇਹ ਟੋਲ ਟੈਕਸ ਬੈਰੀਅਰ ਉਨ੍ਹਾਂ ਦੇ ਅੰਦੋਲਨ ਦੇ ਸਮਰਥਨ ਵਿੱਚ ਬੰਦ ਕੀਤਾ ਗਿਆ ਹੈ| ਹਾਲਾਂਕਿ ਉਹਨਾਂ ਕਿਹਾ ਕਿ ਉਹਨਾਂ ਨੂੰ ਅਜੇ ਤਕ ਕੋਈ ਆਦੇਸ਼ ਨਹੀਂ ਮਿਲਿਆ ਕਿ ਇਹ ਕਦੋਂ ਤਕ ਮੁਫਤ ਰਹੇਗਾ ਪਰ ਕਿਸਾਨ ਕਹਿ ਰਹੇ ਹਨ ਕਿ ਇਹ ਅੱਜ ਰਾਤ 12 ਵਜੇ ਤਕ ਮੁਫ਼ਤ ਰਹੇਗਾ|
ਇਸੇ ਤਰਾਂ ਹਰਿਆਣਾ ਦੇ ਪਲਵਲ ਅਤੇ ਫਰੀਦਾਬਾਦ ਜ਼ਿਲੇ ਵਿੱਚ ਆਉਣ ਵਾਲੇ 6 ਟੋਲਾਂ ਵਿਚੋਂ ਸਿਰਫ ਦਿੱਲੀ-ਆਗਰਾ ਨੈਸ਼ਨਲ ਹਾਈਵੇ ਦੇ ਤੁਮਸਰਾ ਟੋਲ ਪਲਾਜ਼ੇ ਲੂੰ ਛੱਡ ਕੇ ਬਾਕੀ ਟੋਲ ਪਲਾਜੇ ਕੰਮ ਕਰ ਰਹੇ ਹਨ|
ਫਰੀਦਾਬਾਦ ਵਿੱਚ ਦਿੱਲੀ-ਬਦਰਪੁਰ ਬਾਰਡਰ ਤੇ ਭਾਰੀ ਗਿਣਤੀ ਵਿੱਚ ਪੁਲੀਸ ਕਰਮਚਾਰੀ ਤੈਨਾਤ ਕਰ ਦਿੱਤੇ ਗਏ ਹਨ| ਫਰੀਦਾਬਾਦ ਟੋਲ ਪਲਾਜ਼ਾ ਦੇ ਸ਼ਿਫਟ ਇੰਚਾਰਜ ਅਜੇ ਗੌੜ ਨੇ ਕਿਹਾ ਕਿ ਇਥੇ ਪੁਲੀਸ ਤੈਨਾਤ ਹੈ| ਜੇਕਰ ਉਹਨਾਂ ਨੂੰ ਭਾਰਤੀ ਰਾਸ਼ਟਰੀ ਰਾਜਮਾਰਗ ਟ੍ਰਾਂਸਪੋਰਟ ਵਲੋਂ ਕੋਈ ਦਿਸ਼ਾ ਨਿਰਦੇਸ਼ ਮਿਲਦੇ ਹਨ ਤਾਂ ਉਨ੍ਹਾਂ ਦਾ ਪਾਲਨ ਕੀਤਾ ਜਾਵੇਗਾ|
ਜੀਂਦ ਵਿੱਚ ਕਟਕੜ ਅਤੇ ਬੱਦੋਵਾਲ ਟੋਲ ਮੁਫਤ ਕੀਤੇ ਗਏ ਹਨ| ਮੁਰਥਲ ਟੋਲ ਤੋਂ ਵੀ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਕੱਢਵਾਇਆ ਗਿਆ ਹੈ| ਘਰੌਂਡਾ ਟੋਲ ਤੇ ਵੀ ਕਿਸਾਨਾਂ ਨੇ ਧਰਨਾ ਦੇ ਕੇ ਟੋਲ ਫ੍ਰੀ ਕਰਵਾ ਦਿੱਤਾ|
ਮੇਰਠ ਵਿੱਚ ਖੇਤੀ ਕਾਨੂੰਨ ਦੇ ਵਿਰੋਧ ਵਿੱਚ ਭਾਰਤੀ ਕਿਸਾਨ ਯੂਨੀਅਨ ਦੇ ਵਰਕਰਾਂ ਨੇ ਸਿਵਾਯਾ ਟੋਲ ਪਲਾਜ਼ਾ ਨੂੰ ਮੁਫ਼ਤ ਕਰ ਦਿੱਤਾ ਹੈ| ਕਿਸਾਨਾਂ ਅਨੁਸਾਰ ਸਵੇਰੇ 11 ਵਜੇ ਤਕ ਟੋਲ ਪਲਾਜ਼ਾ ਮੁਫ਼ਤ ਰੱਖਿਆ ਜਾਵੇਗਾ| ਕਿਸਾਨ ਟੋਲ ਪਲਾਜ਼ਾ ਤੇ ਧਰਨਾ ਦੇ ਕੇ ਬੈਠ ਗਏ ਹਨ| ਬਾਗਪਤ ਵਿੱਚ ਖੇਤੀ ਕਾਨੂੰਨਾਂ ਦੇ ਵਿਰੋਧ ਵਿੱਚ ਭਾਕਿਊ ਦਾ ਈਸਟਰਨ ਪੇਰੀਫੇਰਲ ਐਕਸਪ੍ਰੈਸ਼ ਵੇਅ ਤੇ ਧਰਨਾ ਚੱਲ ਰਿਹਾ ਹੈ ਅਤੇ ਵਾਹਨਾਂ ਨੂੰ ਬਿਨਾਂ ਟੋਲ ਦਿੱਤੇ ਕਢਵਾਇਆ ਜਾ ਰਿਹਾ ਹੈ| ਭਾਕਿਊ ਵਰਕਰ ਜ਼ਿਲਾ ਪ੍ਰਧਾਨ ਪ੍ਰਤਾਪ ਗੁਰਜਰ ਦੀ ਅਗਵਾਈ ਵਿੱਚ ਮਵੀ ਕਲਾਂ ਟੋਲ ਪਲਾਜ਼ਾ ਤੇ ਇਕੱਠੇ ਹੋਏ|
ਕਿਸਾਨ ਅੰਦੋਲਨ ਦੇ ਚਲਦੇ ਜਿਹੜੇ ਟੋਲ ਨਾਕੇ ਕੰਮ ਕਰ ਰਹੇ ਹਨ ਉਹਨਾਂ ਤੇ ਸੁਰੱਖਿਆ ਵਧਾ ਦਿੱਤੀ ਗਈ ਹੈ ਅਤੇ ਟੋਲ ਨਾਕਿਆਂ ਤੇ ਭਾਰੀ ਗਿਣਤੀ ਵਿੱਚ ਪੁਲੀਸ ਤੈਨਾਤ ਕੀਤੀ ਗਈ ਹੈ|