ਕਿਸਾਨਾਂ ਵਲੋਂ ਦੁਸ਼ਹਿਰਾ ਮੌਕੇ ਮੋਦੀ ਸਰਕਾਰ ਦੇ ਪੁਤਲੇ ਸਾੜਨ ਦਾ ਐਲਾਨ


ਪਟਿਆਲਾ, 10 ਅਕਤੂਬਰ (ਬਿੰਦੂ ਸ਼ਰਮਾ) ਭਾਰਤੀ ਕਿਸਾਨ ਯੂਨੀਅਨ ਏਕਤਾ (ਉਗਰਾਹਾਂ)  ਦੀ ਅਗਵਾਈ ਵਿੱਚ ਜਿਲ੍ਹਾ ਪਟਿਆਲਾ ਵਿੱਚ ਤਿੰਨ ਥਾਵਾਂ ਤੇ ਰੇਲਵੇ ਲਾਈਨ ਪਿੰਡ ਧੱਬਲਾਨ, ਰਿਲਾਇੰਸ ਪੈਟਰੋਲ ਪੰਪ ਸਮਾਣਾ ਅਤੇ ਰਿਲਾਇੰਸ ਪੈਟਰੋਲ ਪੰਪ ਨਿਆਲ ਵਿੱਚ ਚੱਲ ਰਹੇ ਅਣਮਿੱਥੇ ਸਮੇਂ ਦੇ ਧਰਨਿਆਂ ਦੌਰਾਨ ਕਿਸਾਨ ਮੋਰਚੇ ਦੇ ਆਗੂਆਂ ਵਲੋਂ 2 ਮਿੰਟ ਦਾ ਮੌਨ ਧਾਰ ਕੇ ਧੂਰੀ ਰਿਲਾਇੰਸ ਪੰਪ ਧਰਨੇ ਤੇ ਦਿਲ ਦਾ ਦੌਰਾ ਪੇਣ ਕਾਰਨ ਮਾਰੇ ਗਏ ਕਵੀਸ਼ਰ ਮੇਘ ਰਾਜ ਨਾਗਰੀ ਅਤੇ ਬੁਢਲਾਡਾ ਰੇਲ ਜਾਮ ਧਰਨੇ ਤੇ ਨਾਅਰੇਬਾਜੀ ਕਰਨ ਦੌਰਾਨ ਡਿਗਣ ਕਾਰਨ ਅਕਾਲ ਚਲਾਣਾ ਕਰ ਗਈ ਬੀਬੀ            ਤੇਜ ਕੌਰ  ਨੂੰ ਸ਼ਰਧਾਂਜਲੀ ਭੇਂਟ ਕੀਤੀ ਗਈ| 
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਕਿਸਾਨ  ਮੋਰਚੇ ਦੀਆਂ ਮੰਗਾਂ ਨੂੰ ਲਗਾਤਾਰ ਅਣਸੁਣਿਆ ਕਰਕੇ ਕਿਸਾਨਾਂ ਦੀਆਂ ਜਾਨਾਂ ਦੀ ਬਲੀ ਲੈ ਰਹੀ ਮੋਦੀ-ਕਾਰਪੋਰੇਟ ਗਠਜੋੜ ਸਰਕਾਰ ਨੂੰ ਆਪਣੇ ਕੀਤੇ ਕੰਮਾਂ ਦਾ ਅਗਲੀਆਂ ਚੋਣਾਂ ਵਿਚ ਲੇਖਾ ਦੇਣਾ ਪੈਣਾ ਹੈ| ਉਹਨਾਂ ਕਿਹਾ ਕਿ ਭਾਰਤੀ ਕਿਸਾਨ ਯੂਨੀਅਨ ਏਕਤਾ ਉਗਰਾਹਾਂ ਵਲੋਂ  ਕਾਲੇ ਖੇਤੀ ਕਾਨੂੰਨਾਂ ਵਿਰੁੱਧ ਪੰਜਾਬ ਭਰ ਵਿੱਚ ਚਲ ਰਹੇ ਅਣਮਿੱਥੇ ਸਮੇਂ ਦੇ ਸਾਂਝੇ ਧਰਨਿਆਂ ਨੂੰ  ਜਾਰੀ ਰੱਖਦਿਆਂ 25 ਅਕਤੂਬਰ ਨੂੰ ਦੁਸ਼ਹਿਰੇ ਮੌਕੇ ਜੱਥੇਬੰਦੀ ਦੀ ਪਹੁੰਚ ਵਾਲੇ ਹਰ ਸ਼ਹਿਰ ਅਤੇ ਕਸਬੇ ਅੰਦਰ ਮੋਦੀ ਭਾਜਪਾ ਸਰਕਾਰ ਅਤੇ ਕਾਰਪੋਰੇਟ ਗਠਜੋੜ ਦੇ ਪੁਤਲੇ ਅੱਜ ਦੇ ਰਾਵਣ ਵਜੋਂ ਸਾੜੇ ਜਾਣਗੇ|
ਉਹਨਾਂ ਕਿਹਾ ਕਿ ਪੰਜਾਬ ਸਰਕਾਰ ਵਲੋਂ ਕਿਸਾਨਾਂ ਨੂੰ ਦੇਣ ਵਾਲੀ  ਬਿਜਲੀ ਦੀ ਜੋ ਕਟੌਤੀ ਕੀਤੀ ਗਈ ਹੈ ਉਸਨੂੰ ਦੂਰ ਕੀਤਾ ਜਾਵੇ ਨਹੀਂ ਤਾਂ ਕਿਸਾਨਾਂ ਵਲੋਂ ਬਿਜਲੀ ਬੋਰਡ ਦਾ ਘਿਰਾਓ ਕੀਤਾ ਜਾ ਸਕਦਾ ਹੈ|  ਉਹਨਾਂ ਕਿਹਾ ਕਿ  ਸਰਕਾਰ ਜਾਂ ਥਰਮਲ ਪਲਾਟਾਂ ਕੋਲ ਕੋਇਲਾ ਮੁੱਕਣ ਦੀ ਗੱਲ ਕੀਤੀ ਜਾ ਰਹੀ ਹੈ  ਪਰ ਅਸਲੀਅਤ ਵਿੱਚ ਇਹ ਲੋਕ ਸੰਘਰਸ਼ ਨੂੰ ਰੋਕਣ ਦੀ ਚਾਲ ਹੈ| ਇਸ ਲਈ ਕਿਸਾਨਾਂ ਨੂੰ ਬਦਨਾਮ ਕਰਨਾ ਬੰਦ ਕੀਤਾ ਜਾਵੇ| 
ਇਸ ਮੌਕੇ ਜਿਲ੍ਹਾ ਪ੍ਰਧਾਨ ਮਨਜੀਤ ਸਿੰਘ ਨਿਆਲ, ਜਿਲ੍ਹਾ ਸਕੱਤਰ ਜਸਵੰਤ ਸਿੰਘ ਸਦਰਪੁਰ, ਜਿਲ੍ਹਾ ਸੀਨੀਅਰ ਮੀਤ ਪ੍ਰਧਾਨ ਗੁਰਦੇਵ ਸਿੰਘ, ਜਿਲ੍ਹਾ ਖਜਾਨਚੀ ਜਸਵਿੰਦਰ ਸਿੰਘ ਬਰਾਸ, ਕਰਨੈਲ ਸਿੰਘ ਲੰਗ, ਹਰਮੇਲ ਸਿੰਘ ਤੁੰਗਾ, ਗੁਰਬਿੰਦਰ ਸਿੰਘ ਸਦਰਪੁਰ, ਕੁਲਵਿੰਦਰ ਸਿੰਘ, ਸੁਖਮਿੰਦਰ ਸਿੰਘ ਬਰਾੜ, ਦਵਿੰਦਰ ਸਿੰਘ ਅਤੇ ਅਮਨਪ੍ਰੀਤ ਕੌਰ ਧਬਲਾਨ ਹਾਜਿਰ ਸਨ|

Leave a Reply

Your email address will not be published. Required fields are marked *