ਕਿਸਾਨਾਂ ਵਲੋਂ ਪਾਬੰਦੀ ਦੇ ਬਾਵਜੂਦ ਪਰਾਲੀ ਸਾੜਣ ਦੀ ਕਾਰਵਾਈ ਵਾਤਾਵਰਨ ਲਈ ਘਾਤਕ

ਸਰਕਾਰ ਵਲੋਂ ਸੂਬੇ ਦੇ ਵਿੱਚ ਝੋਨੇ ਦੀ ਕਟਾਈ ਤੋਂ ਬਾਅਦ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਾ ਕੇ ਸਾੜਨ ਉਪਰ ਲਗਾਈ ਗਈ ਪਾਬੰਦੀ ਦੇ ਬਾਵਜੂਦ ਸੂਬੇ ਦੇ ਕਿਸਾਨਾਂ ਵਲੋਂ ਪਰਾਲੀ ਅਤੇ ਹੋਰ ਰਹਿੰਦ-ਖੂੰਹਦ ਨੂੰ ਅੱਗ ਲਗਾ ਕੇ ਸਾੜਣ ਦੀ ਕਾਰਵਾਈ ਲਗਾਤਾਰ ਜਾਰੀ ਹੈ| ਹੁਣ ਤਾਂ ਕਿਸਾਨ ਯੂਨੀਅਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਮੰਜੂਰੀ ਦੇਣ ਦੀ ਮੰਗ ਨੂੰ ਲੈ ਕੇ ਬਾਕਾਇਦਾ ਧਰਨੇ ਪ੍ਰਦਰਸ਼ਨ ਤਕ ਦੀਆਂ ਕਾਰਵਾਈਆਂ ਵੀ ਆਰੰਭੀਆਂ ਜਾ ਚੁੱਕੀਆਂ ਹਨ|
ਖੇਤਾਂ ਵਿੱਚ ਪਰਾਲੀ ਨੂੰ ਲਗਾਈ ਜਾਣ ਵਾਲੀ ਅੱਗ ਤੋਂ ਉਠਣ ਵਾਲਾ ਜਹਿਰੀਲਾ ਧੂੰਆਂ ਬਹੁਤ ਦੂਰ ਤਕ ਮਾਰ ਕਰਦਾ ਹੈ ਜਿਸ ਕਾਰਨ ਲੋਕਾਂ ਦਾ ਸਾਹ ਲੈਣਾ ਵੀ ਮੁਸ਼ਕਿਲ ਹੋ ਜਾਂਦਾ ਹੈ| ਪਰੰਤੂ ਇਸਦੇ ਬਾਵਜੂਦ ਕਿਸਾਨਾਂ ਵਲੋਂ ਝੋਨੇ ਦੀ ਪਰਾਲੀ ਨੂੰ ਅੱਗ ਲਗਾਉਣ ਦੀ ਕਾਰਵਾਈ ਰੁਕ ਨਹੀਂ ਰਹੀ ਹੈ| ਪੰਜਾਬ ਸਰਕਾਰ ਅਤੇ ਪ੍ਰਸਾਸ਼ਨ ਵੱਲੋਂ ਭਾਵੇਂ ਝੋਨੇ ਦੀ ਪਰਾਲੀ ਨੂੰ ਅੱਗ ਲਾਉਣ ਉਪਰ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਹਨ ਪਰ ਇਸ ਸੰਵੇਦਨਸ਼ੀਲ ਮਸਲੇ ਤੇ ਸਰਕਾਰ ਕਿਸਾਨਾਂ ਨਾਲ ਕਿਸੇ ਵੀ ਟਕਰਾਅ ਤੋਂ ਬਚਣ ਦੀ ਹੀ ਕੋਸ਼ਿਸ਼ ਕਰਦੀ ਦਿਖਦੀ ਹੈ ਅਤੇ ਕਿਸਾਨ ਪਰਾਲੀ ਨੂੰ ਸਾੜਣ ਦੀ ਕਾਰਵਾਈ ਨੂੰ ਖੁੱਲ ਕੇ ਅੰਜਾਮ ਦਿੰਦੇ ਹਨ|
ਕਿਸਾਨਾਂ ਦਾ ਤਰਕ ਹੈ ਕਿ ਫਸਲ ਦੀ ਰਹਿੰਦ ਖੁਹੰਦ (ਪਰਾਲੀ) ਨੂੰ ਅੱਗ ਲਾਉਣਾ ਉਹਨਾਂ ਦੀ ਮਜਬੂਰੀ ਹੈ ਕਿਉਂਕਿ ਪਰਾਲੀ ਨੂੰ ਖੇਤਾਂ ਵਿਚ ਵਾਹੁਣਾ ਬਹੁਤ ਹੀ ਮਹਿੰਗਾ ਪੈਂਦਾ ਹੈ ਅਤੇ ਕਰਜੇ ਦੀ ਮਾਰ ਹੇਠ ਆਏ ਕਿਸਾਨ ਇਹ ਖਰਚਾ ਕਰਨ ਦੀ ਥਾਂ ਸਸਤਾ ਰਾਹ ਅਪਣਾ ਕੇ ਝੋਨੇ ਦੀ ਪਰਾਲੀ ਨੂੰ ਹੀ ਸਾੜ ਦਿੰਦੇ ਹਨ| ਕਿਸਾਨ ਮੰਗ ਕਰਦੇ ਹਨ ਕਿ ਸਰਕਾਰ ਉਹਨਾਂ ਨੂੰ ਪਰਾਲੀ ਨੂੰ ਵਾਹੁਣ ਤੇ ਹੋਣ ਵਾਲੇ ਖਰਚੇ ਦੀ ਅਦਾਇਗੀ ਕਰੇ ਅਤੇ  ਇਹ ਰੇੜਕਾ ਇਸੇ ਤਰ੍ਹਾਂ ਚਲ ਰਿਹਾ ਹੈ|
ਹਾਲਾਂਕਿ ਅਜਿਹਾ ਕਰਕੇ ਵੀ ਕਿਸਾਨ ਆਪਣਾ ਖੁਦ ਦਾ ਹੀ ਨੁਕਸਾਨ ਕਰਦੇ ਹਨ| ਖੇਤੀ ਮਾਹਿਰਾਂ ਕਹਿੰਦੇ ਹਨ ਕਿ ਜੇਕਰ ਕਿਸਾਨ ਪਰਾਲੀ ਨੂੰ ਅੱਗ ਲਾਉਣ ਦੀ ਥਾਂ ਖੇਤਾਂ ਵਿਚ ਹੀ ਵਾਹ ਦੇਣ ਤਾਂ ਇਸ ਨਾਲ ਖੇਤਾਂ ਵਿਚ ਖਾਦ ਦੀ ਕਮੀ ਪੂਰੀ ਹੋ ਸਕਦੀ ਹੈ ਅਤੇ ਇਹ ਪਰਾਲੀ ਹੀ ਅਗਲੀ ਫਸਲ ਲਈ ਦੇਸੀ ਖਾਦ ਦਾ ਕੰਮ ਦੇਵੇਗੀ|  ਜਦੋਂ ਕਿਸਾਨ ਖੇਤਾਂ ਵਿਚ ਹੀ ਝੋਨੇ ਦੀ ਪਰਾਲੀ ਨੂੰ ਅੱਗ ਲਾਉਂਦੇ ਹਨ ਤਾਂ ਪਰਾਲੀ ਦੇ ਨਾਲ ਹੀ ਖੇਤਾਂ ਵਿਚ ਰਹਿ ਰਹੇ ਕੀੜੇ ਮਕੌੜੇ ਵੀ ਨਾਲ ਹੀ ਸੜ ਜਾਂਦੇ ਹਨ| ਇਹਨਾਂ ਵਿਚ ਕਈ ਕੀੜੇ ਕਿਸਾਨਾਂ ਦੇ ਮਿੱਤਰ ਵੀ ਹੁੰਦੇ ਹਨ ਜੋ ਕਿ ਹੋਰ ਕੀੜਿਆਂ ਨੂੰ ਖਾ ਕੇ ਕਿਸਾਨਾਂ ਦੀਆਂ ਫਸਲਾਂ ਦਾ ਬਚਾਓ ਕਰਦੇ ਹਨ ਪਰ ਅੱਗ ਲਗਣ ਕਾਰਨ ਉਹ ਵੀ ਖਤਮ ਹੋ ਜਾਂਦੇ ਹਨ| ਦੂਜੇ ਪਾਸੇ ਸਿਹਤ ਮਾਹਿਰਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਗਾਉਣ ਕਾਰਨ ਪੈਦਾ ਹੋਣ ਵਾਲੇ ਧੂੰਏ ਨਾਲ ਅੱਖਾਂ, ਨੱਕ, ਕੰਨ ਅਤੇ ਗਲੇ ਦੀਆਂ ਬਿਮਾਰੀਆਂ ਵਿੱਚ ਵਾਧਾ ਹੁੰਦਾ ਹੈ ਅਤੇ ਇਸ ਜਹਿਰੀਲੇ ਧੂਏਂ ਕਾਰਨ ਲੋਕਾਂ ਨੂੰ ਸਾਹ ਲੈਣ ਵਿਚ ਵੀ ਮੁਸ਼ਕਿਲ ਹੁੰਦੀ ਹੈ| ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਗਾਉਣ ਦੀ ਇਹ ਕਾਰਵਾਈ ਹਾਦਸਿਆਂ ਦਾ ਵੀ ਕਾਰਨ ਬਣਦੀ ਹੈ| ਕਈ ਵਾਰ ਇਹ ਧੂਆਂ ਇੰਨਾ ਜਿਆਦਾ ਹੋ ਜਾਂਦਾ ਹੈ ਕਿ ਰਾਹਗੀਰਾਂ ਨੂੰ ਕੁਝ ਵੀ ਦਿਖਾਈ ਨਹੀਂ ਦਿੰਦਾ ਜਿਸ ਕਾਰਨ ਹਾਦਸੇ ਵੀ ਵਾਪਰਦੇ ਹਨ|
ਪਰਾਲੀ ਨੂੰ ਅੱਗ ਲਾਉਣ ਦਾ ਇਹ ਰੁਝਾਨ ਨਵਾਂ ਨਹੀਂ ਹੈ ਬਲਕਿ ਇਹ ਰੁਝਾਨ ਤਾਂ ਝੋਨੇ ਦੀ ਬਿਜਾਈ ਦੇ ਨਾਲ ਹੀ ਆਰੰਭ ਹੋ ਗਿਆ ਸੀ ਅਤੇ ਉਸ ਸਮੇਂ ਤੋਂ ਹੀ ਕਿਸਾਨ ਝੋਨੇ ਦੀ ਪਰਾਲੀ ਨੂੰ ਅੱਗ ਲਾ ਕੇ ਸਾੜਦੇ ਆ ਰਹੇ ਹਨ| ਕਿਸਾਨਾਂ ਦੀ ਇਸ ਕਾਰਵਾਈ ਦਾ ਸਾਡੇ ਵਾਤਾਵਰਨ ਤੇ ਬਹੁਤ ਬੁਰਾ ਅਸਰ ਪੈਂਦਾ ਹੈ ਅਤੇ ਇਸ ਕਾਰਨ ਆਸ ਪਾਸ ਦੇ ਪੂਰੇ ਵਾਤਾਵਰਨ ਵਿੱਚ ਪ੍ਰਦੂਸ਼ਨ ਦਾ ਪੱਧਰ ਲੰਬੇ ਸਮੇਂ ਤਕ ਵਧਿਆ ਰਹਿੰਦਾ ਹੈ| ਸਾਡੇ ਤਾਂ ਹਾਲਾਤ ਇਹ ਹਨ ਕਿ ਜਦੋਂ ਤਕ ਹਵਾ ਵਿਚਲਾ ਇਹ ਪ੍ਰਦੂਸ਼ਨ ਕੁੱਝ ਘੱਟ ਹੁੰਦਾ ਹੈ ਉਦੋਂ ਕਿਸਾਨ  ਨਵੇਂ ਸਿਰੇ ਤੋਂ ਪਰਾਲੀ ਨੂੰ ਅੱਗ ਲਾਉਣਾ ਸ਼ੁਰੂ ਕਰ ਦਿੰਦੇ ਹਨ ਜਿਸ ਕਰਕੇ ਇਹ ਸਮੱਸਿਆ ਲਗਾਤਾਰ ਜਾਰੀ ਰਹਿੰਦੀ ਹੈ|
ਇਸ ਸਾਰੇ ਕੁੱਝ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਕਿਸਾਨਾਂ ਵਲੋਂ ਪਰਾਲੀ ਨੂੰ ਅੱਗ ਲਾਉਣ ਦੀ ਕਾਰਵਾਈ ਤੇ ਰੋਕ ਲਗਾਉਣ ਲਈ ਬਣੇ ਕਾਨੂੰਨਾਂ ਨੂੰ ਸਖਤੀ ਨਾਲ ਲਾਗੂ ਕੀਤਾ ਜਾਵੇ ਅਤੇ ਕਾਨੂੰਨ ਦੀ ਉਲੰਘਣਾ ਕਰਨ ਵਾਲਿਆਂ ਵਿਰੁੱਧ ਲੋੜੀਂਦੀ ਕਾਰਵਾਈ ਕੀਤੀ ਜਾਵੇ| ਇਸਦੇ ਨਾਲ ਨਾਲ ਇਹ ਵੀ ਜਰੂਰੀ ਹੈ ਕਿ ਕਿਸਾਨਾਂ ਨੂੰ ਪਰਾਲੀ ਨੂੰ ਅੱਗ ਲਗਾਉਣ ਤੋਂ ਰੋਕਣ ਲਈ ਉਹਨਾਂ ਨੂੰ ਪਰਾਲੀ ਅਤੇ ਹੋਰ ਰਹਿੰਦ ਖੂਹੰਦ ਨੂੰ ਖੇਤਾਂ ਵਿਚ ਹੀ ਵਾਹੁਣ ਲਈ ਰਿਆਇਤੀ ਦਰ ਤੇ ਯੰਤਰ ਉਪਲਬਧ ਕਰਵਾਏ ਜਾਣ ਅਤੇ ਇਸ ਕੰਮ ਤੇ ਹੋਣ ਵਾਲੇ ਉਹਨਾਂ ਦੇ ਖਰਚੇ ਦੀ ਭਰਪਾਈ ਵੀ ਕੀਤੀ ਜਾਵੇ| ਵਾਤਾਰਵਰਨ ਨੂੰ ਹੋਣ ਵਾਲੇ ਭਾਰੀ ਨੁਕਸਾਨ ਤੋਂ ਬਚਾਉ ਲਈ ਅਜਿਹਾ ਕੀਤਾ ਜਾਣਾ ਜਰੂਰੀ ਹੈ ਅਤੇ ਸਰਕਾਰ ਨੂੰ ਇਸ ਸੰਬੰਧੀ ਤੁਰੰਤ ਲੋੜੀਂਦੀ ਕਾਰਵਾਈ ਕਰਨੀ ਚਾਹੀਦੀ ਹੈ|

Leave a Reply

Your email address will not be published. Required fields are marked *