ਕਿਸਾਨਾਂ ਵਲੋਂ ਪਿਸ਼ਾਬ ਪੀਣ ਦੀ ਕਾਰਵਾਈ ਨੇ ਪੂਰੇ ਦੇਸ਼ ਨੂੰ ਸ਼ਰਮਸਾਰ ਕੀਤਾ

ਇਸ ਤੋਂ ਵੱਡੀ ਤ੍ਰਾਸਦੀ ਹੋਰ ਕੀ ਹੋ ਸਕਦੀ ਹੈ ਕਿ ਪੂਰੇ ਦੇਸ਼ ਦਾ ਅੰਨਦਾਤਾ ਕਹਾਉਣ ਵਾਲਾ ਕਿਸਾਨ ਰਾਜਨੇਤਾਵਾਂ ਦੇ ਰਵਈਏ ਤੋਂ ਤੰਗ ਆ ਕੇ ਆਪਣਾ ਹੀ ਪਿਸ਼ਾਬ ਪੀਣ ਲਈ ਮਜਬੂਰ ਹੋ  ਜਾਵੇ| ਪਿਛਲੇ ਇੱਕ ਮਹੀਨੇ ਤੋਂ ਵੀ ਵੱਧ ਸਮੇਂ ਤੋਂ ਦਿੱਲੀ ਦੇ ਜੰਤਰ ਮੰਤਰ ਤੇ ਧਰਨਾ ਦੇਣ ਵਾਲੇ ਤਮਿਲਨਾਡੂ ਦੇ ਕਿਸਾਨਾਂ ਦੀ ਸਰਕਾਰ ਵਲੋਂ ਕੋਈ ਗੱਲ ਨਾ ਸੁਣੀ ਜਾਣ ਕਾਰਨ ਤੰਗ ਆਏ ਕਿਸਾਨਾਂ ਵਲੋਂ ਸਰਕਾਰ ਨੂੰ ਇਹ ਚਿਤਾਵਨੀ ਦਿੱਤੀ ਗਈ ਸੀ ਕਿ ਜੇਕਰ ਸਰਕਾਰ ਨੇ ਉਹਨਾਂ ਦੀ ਗੱਲ ਸੁਣਕੇ ਉਹਨਾਂ ਦੀਆਂ ਸਮੱਸਿਆਵਾਂ ਦੇ ਖਾਤਮੇ ਲਈ ਲੋੜੀਂਦੀ ਕਾਰਵਾਈ ਨਾ ਕੀਤੀ ਤਾਂ ਉਹ ਸੁੱਤੀ ਸਰਕਾਰ ਨੁੰ ਜਗਾਉਣ ਲਈ ਆਪਣਾ ਪਿਸ਼ਾਬ ਪੀਣ ਲਈ ਮਜਬੂਰ ਹੋਣਗੇ| ਪਰੰਤੂ ਇਸਦੇ ਬਾਵਜੂਦ ਖੁਦ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਖੈਰ ਖਵਾਹ ਦੱਸਣ ਵਾਲੀ ਕੇਂਦਰ ਸਰਕਾਰ ਨੇ ਕਿਸਾਨਾਂ ਦੀ ਇਸ ਚਿਤਾਵਨੀ ਨੂੰ ਵੀ ਪੂਰੀ ਤਰ੍ਹਾਂ ਅਣਸੁਣਿਆ ਕਰ ਦਿੱਤਾ ਜਿਸਤੋਂ ਬਾਅਦ ਇਹਨਾਂ ਅੰਦੋਲਨ ਕਾਰੀ ਕਿਸਾਨਾਂ ਵਲੋਂ ਆਪਣਾ ਹੀ ਪਿਸ਼ਾਬ ਪੀ ਕੇ ਪੂਰੇ ਦੇਸ਼ ਨੁੰ ਸ਼ਰਮਸਾਰ ਕਰ ਦਿੱਤਾ ਗਿਆ ਹੈ|
ਇਸ ਘਟਨਾ ਤੋਂ ਬਾਅਦ ਤਮਿਲਨਾਡੂ ਦੇ ਮੁੱਖ ਮੰਤਰੀ ਵਲੋਂ ਦਿੱਲੀ ਵਿੱਚ ਧਰਨਾਕਾਰੀ ਕਿਸਾਨਾਂ ਦੀਆਂ ਸਮੱਸਿਆਵਾ ਦੇ ਹਲ ਲਈ ਲੋੜੀਂਦੀ ਕਾਰਵਾਈ ਦਾ ਭਰੋਸਾ ਦਿੱਤੇ ਜਾਣ ਤੋਂ ਬਾਅਦ   ਭਾਵੇਂ ਕਿਸਾਨਾਂ ਵਲੋਂ ਅਪਣਾ ਧਰਨਾ ਆਰਜੀ ਤੌਰ ਤੇ ਮੁਲਤਵੀ ਕਰ ਦਿੱਤਾ ਗਿਆ ਹੈ ਪਰੰਤੂ ਇਸ ਸੰਬੰਧੀ ਕੇਂਦਰ ਸਰਕਾਰ ਵਲੋਂ ਜਿਹੜੀ ਸੰਵੇਦਨਹੀਨਤਾ ਦਰਸ਼ਾਈ ਗਈ ਹੈ ਉਸਨੇ ਉਸਦੇ ਕਿਸਾਨਾਂ ਦਾ ਖੈਰਖਵਾਹ ਹੋਣ ਦੇ ਦਾਅਵਿਆਂ ਦੀ ਪੋਲ ਜਰੂਰ ਖੋਲ੍ਹ ਦਿੱਤੀ ਹੈ| ਇਸ ਸਾਰੇ ਕੁੱਝ ਨਾਲ ਇਹ ਵੀ ਸਾਬਿਤ ਹੋ ਗਿਆ ਹੈ ਕਿ ਸੱਤਾ ਦਾ ਸੁਖ ਮਾਨੰਣ ਵਾਲੇ ਰਾਜਨੇਤਾ ਦੇਸ਼ ਹਿੱਤ ਵਿੱਚ ਕੰਮ ਕਰਨ ਅਤੇ ਆਮ ਜਨਤਾ ਦੀਆ ਤਕਲੀਫਾਂ ਨੂੰ ਖਤਮ ਕਰਨ ਲਈ ਕੰਮ ਕਰਨ ਦੇ ਭਾਵੇਂ ਜਿੰਨੇ ਮਰਜੀ ਦਾਅਵੇ ਕਰਨ ਪਰੰਤੂ ਅਸਲੀਅਤ ਵਿੱਚ ਇਹ ਸਿਰਫ ਵਿਖਾਵਾ ਹੀ ਹੈ| ਵਰਨਾ ਇੱਕ ਮਹੀਨੇ ਤੋਂ ਜੰਤਰ ਮੰਤਰ ਤੇ ਨੰਗ ਧੜੰਗ ਹੋ ਕੇ ਬੈਠੇ ਤਮਿਲਨਾਡੂ ਦੇ ਇਹਨਾਂ ਕਿਸਾਨਾਂ (ਜਿਹਨਾਂ ਨੂੰ ਕੁਦਰਤ ਦੀ ਕਰੋਪੀ ਕਾਰਨ ਆਪਣੀ ਫਸਲ ਗਵਾਉਣੀ ਪਈ) ਨੂੰ ਬਣਦਾ ਮੁਆਵਜਾ ਦੇਣ ਤੋਂ ਕੇਂਦਰ ਸਰਕਾਰ ਕਿਉਂ ਮੁਕਰ ਰਹੀ ਹੈ| ਕੀ ਇਸਦਾ ਕਾਰਨ ਇਹ ਹੈ ਕਿ ਉੱਤਰ ਪ੍ਰਦੇਸ਼ ਵਾਂਗ ਤਮਿਲਨਾਡੂ ਵਿੱਚ ਕੇਂਦਰ ਦੀ ਸੱਤਾਧਾਰੀ ਪਾਰਟੀ ਸੱਤਾ ਵਿੱਚ ਨਹੀਂ ਹੈ ਅਤੇ ਇਸ ਲਈ  ਉਹ ਉੱਥੋਂ ਦੇ ਕਿਸਾਨਾ ਨੁੰ ਰਾਹਤ ਮੁਹਈਆ ਕਰਵਾਉਣ ਤੋਂ ਇਨਕਾਰੀ ਹੈ|
ਇਹ ਉਹ ਕਿਸਾਨ ਹਨ ਜਿਹਨਾਂ ਵਲੋਂ ਕੀਤੀ ਹੱਡਤੋੜ ਮਿਹਨਤ ਨਾਲ ਹੀ ਦੇਸ਼ ਦੇ ਲੋਕਾਂ ਦਾ ਢਿੱਡ ਭਰਦਾ ਹੈ ਪਰੰਤੂ ਇਹਨਾਂ ਕਿਸਾਨਾਂ ਨੂੰ ਉਹਨਾਂ ਵਲੋਂ ਉਗਾਈ ਗਈ ਫਸਲ ਦਾ ਜਿਹੜਾ ਮੁੱਲ ਮਿਲਦਾ ਹੈ ਉਸ ਨਾਲ ਤਾਂ ਉਹ ਖੁਦ ਦਾ ਢਿੱਡ ਤਕ ਭਰਨ ਦੇ ਸਮਰਥ ਨਹੀਂ ਹੁੰਦੇ| ਫਸਲ ਉਗਾਉਣ ਲਈ ਲਏ ਕਰਜੇ ਦੇ ਵਿਆਜ ਹੇਠ ਦਬੇ ਕਿਸਾਨ ਦੀ ਪੁੱਤਾਂ ਵਾਂਗ ਪਾਲੀ ਫਸਲ ਜਦੋਂ ਕੁਦਰਤ ਦੀ ਕਰੋਪੀ ਕਾਰਨ ਬਰਬਾਦ ਹੋ ਜਾਂਦੀ ਹੈ ਤਾਂ ਉਸ ਕਿਸਾਨ ਤੇ ਕੀ ਬੀਤਦੀ ਹੈ ਉਸਨੂੰ ਲਫਜਾਂ ਵਿੱਚ ਬਿਆਨ ਨਹੀਂ ਕੀਤਾ ਜਾ ਸਕਦਾ| ਉੱਪਰੋਂ ਜੇਕਰ ਹਾਕਮ ਕਿਸਾਨਾਂ ਦੀ ਬਾਂਹ ਫੜਣ ਦੀ ਥਾਂ ਉਲਟਾ ਉਹਨਾਂ ਨੂੰ ਆਪਣੀ ਸੌੜੀ ਰਾਜਨੀਤੀ ਦਾ ਸ਼ਿਕਾਰ ਬਣਾ ਕੇ ਰੱਖਣਾ ਚਾਹੇ ਤਾਂ ਇਸਤੋਂ ਵੱਧ ਬੁਰਾ ਹੋਰ ਕੀ ਹੋ ਸਕਦਾ ਹੈ|
ਕੁੱਝ ਸਮਾਂ ਪਹਿਲਾਂ ਹੋਈਆਂ ਪੰਜ ਰਾਜਾਂ ਦੀਆਂ ਵਿਧਾਨਸਭਾ ਚੋਣਾਂ ਦੌਰਾਨ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਸਮੇਤ ਕੇਂਦਰ ਦੇ ਤਮਾਮ ਮੰਤਰੀ ਅਤੇ ਭਾਜਪਾ ਦੇ ਸਾਰੇ ਵੱਡੇ ਛੋਟੇ ਨੇਤਾ ਇੱਕ ਸੁਰ ਵਿੱਚ ਖੁਦ ਨੂੰ ਕਿਸਾਨਾਂ ਦਾ ਸਭ ਤੋਂ ਵੱਡਾ ਹਮਦਰਦ ਸਾਬਿਤ ਕਰਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਸਨ ਅਤੇ ਉਹਨਾਂ ਦਾ ਦਾਅਵਾ ਸੀ ਕਿ ਭਾਜਪਾ ਵਲੋਂ ਦੇਸ਼ ਦੇ ਕਿਸਾਨਾਂ ਦੀ ਜੀਵਨ ਪੱਧਰ ਉੱਚਾ ਚੁੱਕਣ ਲਈ ਲੋੜੀਂਦੇ ਕਦਮ ਚੁੱਕੇ ਜਾਣਗੇ| ਫਿਰ ਅਜਿਹਾ ਕਿਉਂ ਹੋ ਰਿਹਾ ਹੈ ਕਿ ਸਰਕਾਰ ਵਲੋਂ ਵਿਖਾਈ ਜਾਣ ਵਾਲੀ ਬੇਰੁਖੀ ਜੰਤਰ ਮੰਤਰ ਤੇ ਧਰਨਾ ਦੇਣ ਵਾਲੇ ਕਿਸਾਨਾਂ ਨੂੰ ਪਿਸ਼ਾਬ ਪੀਣ ਵਰਗੀਆਂ ਕਾਰਵਾਈਆਂ ਨੂੰ ਅੰਜਾਮ ਦੇਣ ਲਈ ਮਜਬੂਰ  ਕਰ ਰਹੀ ਹੇ|
ਇਸ ਘਟਨਾਚੱਕਰ ਨੂੰ ਇਸ ਤਰੀਕੇ ਨਾਲ ਚਲਦਾ ਰਹਿਣ   ਦੇਣ ਦੀ ਪੂਰੀ ਜਿੰਮੇਵਾਰੀ ਸਰਕਾਰ ਦੀ ਹੀ ਹੈ ਜਿਸ ਵਲੋਂ ਸੰਘਰਸ਼ ਕਰ ਰਹੇ ਕਿਸਾਨਾਂ ਦੀ ਗੱਲ ਸੁਣਨ ਅਤੇ ਉਹਨਾਂ ਦਾ ਮਸਲਾ ਹਲ ਕਰਨ ਦੀ ਥਾਂ ਉਲਟਾ ਉਹਨਾਂ ਨੂੰ ਅਣਗੌਲਿਆ ਕਰਕੇ ਇਸ ਕਾਰਵਾਈ ਨੂੰ ਅੰਜਾਮ ਦੇਣ ਲਈ ਮਜਬੂਰ ਕੀਤਾ ਹੈ ਅਤੇ ਇਸ ਸੰਬੰਧੀ ਸਰਕਾਰ ਦੀ ਜਿੰਨੀ ਵੀ ਨਿਖੇਧੀ ਕੀਤੀ ਜਾਵੇ ਘੱਟ ਹੈ| ਸਰਕਾਰ ਦੀ ਇਹ ਜਿੰਮੇਵਾਰੀ ਬਣਦੀ ਹੈ ਕਿ ਉਹ ਇਹਨਾਂ ਕਿਸਾਨਾਂ ਨੂੰ ਰਾਹਤ ਦੇਣ ਲਈ ਤੁੰਰਤ ਲੋੜੀਂਦੀ ਕਾਰਵਾਈ ਨੂੰਯਕੀਨੀ ਕਰੇ ਇਹਨਾਂ ਕਿਸਾਨਾਂ ਨੂੰ ਬਣਦਾ ਮੁਆਵਜਾ ਦੇਣ ਦੇ ਨਾਲ ਨਾਲ ਉਹਨਾਂ ਦੀਆਂ ਹੱਕੀ ਮੰਗਾਂ ਪੂਰੀਆਂ ਕਰੇ ਤਾਂ ਜੋ ਇਸ ਰੇੜਕੇ ਨੂੰ ਮੁਕੰਮਲ ਤਰੀਕੇ ਨਾਲ ਹਲ ਕੀਤਾ ਜਾ ਸਕੇ|

Leave a Reply

Your email address will not be published. Required fields are marked *