ਕਿਸਾਨਾਂ ਵਾਂਗ ਖੇਤ ਮਜ਼ਦੂਰਾਂ ਨੂੰ ਕਰਜ਼ੇ ਵਿੱਚ ਡੋਬਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਸਰਕਾਰਾਂ ਜ਼ਿੰਮੇਵਾਰ : ਪ੍ਰੋ. ਰੁਪਿੰਦਰ ਰੂਬੀ

ਸਰਕਾਰਾਂ ਦੀ ਨਾਲਾਇਕੀ ਕਾਰਨ 20 ਫੀਸਦੀ ਵਿਆਜ ਦਰ ਤੇ ਕਰਜ਼ਾ ਚੁੱਕਣ ਲਈ ਮਜਬੂਰ ਹਨ ਖੇਤ ਮਜ਼ਦੂਰ, ਕਰਜ਼ ਦੇ ਨਿਪਟਾਰੇ ਲਈ ‘ਆਪ’ ਲਿਆਵੇਗੀ ਠੋਸ ਨੀਤੀ
ਬਠਿੰਡਾ, 16 ਜੁਲਾਈ (ਸਿਵੀਆਂ) ਆਮ ਆਦਮੀ ਪਾਰਟੀ ਪੰਜਾਬ ਦੀ ਮੀਤ ਪ੍ਰਧਾਨ ਅਤੇ ਬਠਿੰਡਾ ਦਿਹਾਂਤੀ ਤੋਂ ਵਿਧਾਇਕਾ ਪ੍ਰੋ. ਰੁਪਿੰਦਰ ਕੌਰ ਰੂਬੀ ਨੇ ਖੇਤ ਮਜ਼ਦੂਰਾਂ ਉੱਤੇ ਪਿਛਲੇ 30 ਸਾਲਾਂ ਵਿੱਚ 61 ਫੀਸਦੀ ਕਰਜ਼ ਵਧਣ ਲਈ ਅਕਾਲੀ-ਭਾਜਪਾ ਅਤੇ ਕਾਂਗਰਸ ਦੀਆਂ ਕੇਂਦਰ ਅਤੇ ਸੂਬਾ ਸਰਕਾਰਾਂ ਦੀਆਂ ਲੋਕ ਮਾਰੂ ਨੀਤੀਆਂ ਅਤੇ ਬੇਈਮਾਨ ਨੀਅਤਾਂ ਨੂੰ ਜ਼ਿੰਮੇਵਾਰ ਠਹਿਰਾਇਆ ਹੈ| ਵਿਧਾਇਕਾ ਰੁਪਿੰਦਰ ਰੂਬੀ ਨੇ ਕਿਹਾ ਕਿ ਕਾਂਗਰਸ, ਅਕਾਲੀ ਦਲ (ਬਾਦਲ) ਅਤੇ ਭਾਜਪਾ ਨੇ ਕਿਸਾਨਾਂ ਅਤੇ ਭੂਮੀਹੀਣ ਗਰੀਬਾਂ-ਖੇਤ ਮਜ਼ਦੂਰਾਂ ਨੂੰ ਵੋਟਾਂ ਲਈ ਹੀ ਵਰਤਿਆ ਹੈ ਪਰੰਤੂ ਕੀਤੇ ਚੋਣ ਵਾਅਦੇ ਕਦੇ ਵੀ ਨਹੀਂ ਨਿਭਾਏ| ਉਹਨਾਂ ਕਿਹਾ ਕਿ ਕੈਪਟਨ ਅਮਰਿੰਦਰ ਸਿੰਘ ਆਪਣੇ 562 ਚੋਣ ਵਾਅਦਿਆਂ ਵਿਚੋਂ 328 ਪੂਰੀ ਤਰਾਂ ਅਤੇ 97 ਕਾਫੀ ਹੱਦ ਤੱਕ ਪੂਰੇ ਕਰ ਲੈਣ ਦੇ ਝੂਠੇ ਅਤੇ ਫਰੇਬੀ ਦਾਅਵੇ ਕਰਕੇ ਪੰਜਾਬ ਦੇ ਕਿਸਾਨਾਂ ਅਤੇ               ਬੇਜ਼ਮੀਨੇ ਦਲਿਤ-ਮਜ਼ਦੂਰਾਂ ਸਮੇਤ ਸਾਰੇ ਵਰਗਾਂ ਦੇ ਜਖਮਾਂ ਤੇ ਲੂਣ ਛਿੜਕ ਰਹੇ ਹਨ|
ਉਹਨਾਂ ਸਵਾਲ ਕੀਤਾ ਕਿ ਕੈਪਟਨ ਅਮਰਿੰਦਰ ਸਿੰਘ ਸਪਸ਼ੱਟ ਕਰਨ ਕਿ             ਬੇਜ਼ਮੀਨੇ ਦਲਿਤਾਂ ਅਤੇ ਖੇਤ ਮਜ਼ਦੂਰਾਂ ਦੇ ਕਿੰਨੇ ਕਰਜ਼ੇ ਮੁਆਫ ਕੀਤੇ ਹਨ? ਉਹਨਾਂ ਮੁਤਾਬਕ ਜੇਕਰ ਕੈਪਟਨ ਅਮਰਿੰਦਰ ਸਿੰਘ ਆਪਣੇ ਚੋਣ ਵਾਅਦਿਆਂ ਪ੍ਰਤੀ ਥੋੜ੍ਹਾ-ਬਹੁਤ ਵੀ ਸੰਜੀਦਾ ਰਹਿੰਦੇ ਤਾਂ ਖੇਤ ਮਜ਼ਦੂਰਾਂ ਨੂੰ 20 ਫੀਸਦੀ ਤੋਂ ਵੀ ਵੱਧ ਵਿਆਜ ਦਰ ਤੇ ਕਰਜ਼ੇ ਚੁੱਕਣ ਦੀ ਨੌਬਤ ਨਾ ਆਉਂਦੀ| 
ਇਸ ਸੰਬੰਧੀ ਮਾਹਿਰਾਂ ਵੱਲੋਂ ਕੀਤੇ ਅਧਿਐਨ ਦੇ ਹਵਾਲੇ ਨਾਲ ਉਹਨਾਂ ਕਿਹਾ ਕਿ ਕਰਜ਼ੇ ਦੇ ਬੋਝ ਕਾਰਨ ਜਿੱਥੇ ਕਿਸਾਨ ਖੁਦਕੁਸ਼ੀਆਂ ਕਰਨ ਲਈ ਮਜਬੂਰ ਹਨ, ਉੱਥੇ ਖੇਤ ਮਜ਼ਦੂਰ ਵੀ ਵੱਡੀ ਗਿਣਤੀ ਵਿੱਚ ਖੁਦਕੁਸ਼ੀਆਂ ਕਰ ਰਹੇ ਹਨ| ਉਹਨਾਂ ਦੱਸਿਆ ਕਿ ਤਾਜ਼ਾ ਰਿਪੋਰਟ ਅਨੁਸਾਰ ਸਾਲ 2000 ਤੋਂ 2018 ਤੱਕ ਖੇਤ ਮਜ਼ਦੂਰਾਂ ਨੇ 7300 ਖੁਦਕੁਸ਼ੀਆਂ ਕੀਤੀਆਂ ਹਨ ਜਿੰਨਾ ਵਿੱਚ 5765 ਦਾ ਇੱਕ ਮਾਤਰ ਕਾਰਨ ਕਰਜ਼ੇ ਦਾ ਬੋਝ ਰਿਹਾ ਹੈ| ਉਹਨਾਂ ਕਿਹਾ ਕਿ ਜੇਕਰ ਸਰਕਾਰਾਂ ਦੀਆਂ ਨੀਤੀਆਂ ਖੇਤੀਬਾੜੀ ਅਤੇ  ਖੇਤ ਮਜ਼ਦੂਰ ਪੱਖੀ ਹੁੰਦੀਆਂ ਤਾਂ ਬੇ-ਜ਼ਮੀਨ ਖੇਤ ਮਜ਼ਦੂਰਾਂ ਲਈ ਵੀ ਘੱਟ ਵਿਆਜ ਵਾਲੇ ਕਰਜ਼ਿਆਂ ਦਾ ਸੰਸਥਾਗਤ ਬੰਦੋਬਸਤ ਹੁੰਦਾ ਪਰੰਤੂ ਸਰਕਾਰਾਂ ਨੇ ਇਸ ਪਾਸੇ ਕਦੇ ਵੀ ਧਿਆਨ ਨਹੀਂ ਦਿੱਤਾ ਨਤੀਜੇ ਵਜੋਂ ਖੇਤ ਮਜ਼ਦੂਰਾਂ ਨੂੰ 20.6 ਫੀਸਦੀ ਦੀ    ਬੇਹੱਦ ਮਹਿੰਗੀ ਵਿਆਜ ਦਰ ਤੇ ਕਰਜ਼ਾ ਲੈਣਾ ਪੈ ਰਿਹਾ ਹੈ| ਉਹਨਾਂ ਕਿਹਾ ਕਿ ਜੇਕਰ 2022 ਵਿੱਚ ਪੰਜਾਬ ਦੇ ਲੋਕ ਆਮ ਆਦਮੀ ਪਾਰਟੀ ਨੂੰ ਮੌਕਾ ਦਿੰਦੇ ਹਨ ਤਾਂ ਕਿਸਾਨਾਂ ਅਤੇ ਖੇਤ-ਮਜ਼ਦੂਰਾਂ ਦੇ ਕਰਜ਼ਿਆਂ ਦਾ ਪਹਿਲ ਦੇ ਆਧਾਰ ਤੇ ਤਰਕਸੰਗਤ ਨਿਪਟਾਰਾ ਕਰਨ ਲਈ ਇੱਕ ਪਾਰਦਰਸ਼ੀ ਅਤੇ ਪ੍ਰਭਾਵਸ਼ਾਲੀ ਨੀਤੀ ਲਿਆਂਦੀ            ਜਾਵੇਗੀ|

Leave a Reply

Your email address will not be published. Required fields are marked *