ਕਿਸਾਨਾਂ ਵੱਲੋਂ ਗਮਾਡਾ ਦੇ ਦਫਤਰ ਮੂਹਰੇ ਧਰਨਾ

ਐਸ ਏ ਐਸ ਨਗਰ, 16 ਮਾਰਚ (ਸ.ਬ.) ਮੁਹਾਲੀ ਨੇੜਲੇ ਵੱਖ ਵੱਖ ਪਿੰਡਾਂ ਦੇ ਕਿਸਾਨਾਂ ਨੇ ਅੱਜ ਗਮਾਡਾ (ਪੂਡਾ ) ਦੇ ਦਫਤਰ ਅੱਗੇ ਧਰਨਾ ਦਿੱਤਾ ਅਤੇ ਨਾਰ੍ਹੇਬਾਜੀ ਕੀਤੀ| ਧਰਨੇ ਦੌਰਾਨ ਉਸ ਵੇਲੇ ਸਥਿਤੀ ਤਨਾਓਪੂਰਨ ਹੋ ਗਈ ਜਦੋਂ ਕਿਸਾਨਾਂ ਨੇ ਪ੍ਰਦਰਸ਼ਨ ਦੌਰਾਨ ਆਪਣੇ ਟ੍ਰੈਕਟਰ ਟ੍ਰਾਲੀਆਂ ਗਮਾਡਾ ਦੇ ਗੇਟ ਦੇ ਅੰਦਰ ਵਾੜਣ ਦੀ ਕੋਸ਼ਿਸ਼ ਕੀਤੀ| ਇਸ ਮੌਕੇ ਗਮਾਡਾ ਦੇ ਸੁਰੱੱਖਿਆ ਕਰਚਮਾਰੀਆਂ ਵੱਲੋਂ ਕਿਸਾਨਾਂ ਨੂੰ ਅਜਿਹਾ ਕਰਨ ਤੋਂ ਰੋਕ ਦਿੱਤਾ ਗਿਆ ਅਤੇ ਇਸ ਦੌਰਾਨ ਕਾਫੀ ਸਮਾਂ ਸਥਿਤੀ ਤਨਾਓਪੂਰਨ ਬਣੀ ਰਹੀ|
ਇਸ ਮੌਕੇ ਸੰਬੋਧਨ ਕਰਦਿਆਂ ਵੱਖ ਵੱਖ ਆਗੂਆਂ ਨੇ ਕਿਹਾ ਕਿ ਗਮਾਡਾ ਵਲੋਂ ਐਰੋਸਿਟੀ ਐਕਸਟੈਨਸ਼ਨ ਲਈ ਕਰੀਬ 45 00 ਏਕੜ ਜਮੀਨ ਅਕਵਾਇਰ ਕਰਨ ਦੀ ਤਜਵੀਜ ਹੈ| ਜਿਸ ਸਬੰਧੀ ਗਮਾਡਾ ਵਲੋਂ ਕਿਸਾਨਾਂ ਨਾਲ ਮੀਟਿੰਗਾਂ ਵੀ ਕੀਤੀਆਂ ਗਈਆਂ ਹਨ ਪਰ ਫਿਰ ਕਿਸਾਨਾਂ ਨੂੰ ਡਰ ਹੈ ਕਿ ਗਮਾਡਾ ਕਿਸਾਨਾਂ ਨਾਲ ਧੱਕਾ ਕਰ ਸਕਦਾ ਹੈ|
ਉਹਨਾਂ ਕਿਹਾ ਕਿ ਪਹਿਲਾਂ ਵੀ ਗਮਾਡਾ ਵਲੋਂ ਐਰੋਸਿਟੀ ਅਤੇ ਆਈ ਟੀ ਆਈ ਮੁਹਾਲੀ ਦੀ ਸਥਾਪਨਾ ਲਈ ਅਕਵਾਇਰ ਕੀਤੀ ਜਮੀਨ ਬਦਲੇ ਜੋ ਵਿਕਸਿਤ ਜਮੀਨ ਦੇਣ ਦੇ ਵਾਅਦੇ ਕੀਤੇ ਗਏ ਸਨ ਉਹਨਾਂ ਨੂੰ ਪੂਰੀ ਤਰ੍ਹਾਂ ਪੂਰਾ ਨਹੀਂ ਕੀਤਾ ਗਿਆ| ਉਹਨਾਂ ਕਿਹਾ ਕਿ ਗਮਾਡਾ ਵਲੋਂ ਵਿਕਸਿਤ ਕੀਤੀ ਜਮੀਨ ਵਿੱਚ ਕਿਸਾਨਾਂ ਨੂੰ ਪੂਰਾ ਹਿੱਸਾ ਨਹੀਂ ਦਿੱਤਾ ਜਾ ਰਿਹਾ ਜਦੋਂ ਕਿ ਗਮਾਡਾ ਆਪਣੇ ਵਿਕਸਤ ਕੀਤੇ ਹਿਸੇ ਨੂੰ ਵੇਚ ਕੇ ਭਾਰੀ ਮੁਨਾਫਾ ਕਮਾ ਰਿਹਾ ਹੈ| ਉਹਨਾਂ ਮੰਗ ਕੀਤੀ ਕਿ ਜਮੀਨ ਅਕਵਾਇਰ ਕਰਨ ਤੋਂ ਪਹਿਲਾਂ ਗਮਾਡਾ ਵਲੋਂ ਕਿਸਾਨਾਂ ਨਾਲ ਜਮੀਨ ਨਾਲ ਜੁੜੇ ਲੈਂਡ ਪੁਲਿੰਗ ਅਤੇ ਨਗਦ ਮੁਆਵਜੇ ਦੇ ਨਾਲ ਨਾਲ ਹੋਰ ਲਾਭ ਦੇਣ ਬਾਰੇ ਸਥਿਤੀ ਸਪਸਟ ਕਰ ਲੈਣੀ ਚਾਹੀਦੀ ਹੈ ਨਹੀਂ ਤਾਂ ਕਿਸਾਨ ਗਮਾਡਾ ਨੂੰ ਜਮੀਨ ਨਹੀਂ ਦੇਣਗੇ|

Leave a Reply

Your email address will not be published. Required fields are marked *