ਕਿਸਾਨੀ ਸੰਘਰਸ਼ ਦੀ ਭੇਂਟ ਚੜਿ੍ਹਆ ਇਕ ਹੋਰ ਕਿਸਾਨ
ਤਲਵੰਡੀ ਸਾਬੋ, 26 ਦਸੰਬਰ (ਸ.ਬ.) ਕੇਂਦਰ ਦੇ ਖੇਤੀ ਕਾਨੂੰਨਾਂ ਖ਼ਿਲਾਫ਼ ਦਿੱਲੀ ਦੇ ਟਿਕਰੀ ਬਾਰਡਰ ਤੇ ਮੋਰਚਾ ਲਾਈ ਬੈਠੇ ਕਿਸਾਨਾਂ ਵਿੱਚੋਂ ਨੇੜਲੇ ਪਿੰਡ ਭਾਗੀਵਾਂਦਰ ਦੇ ਕਿਸਾਨ ਦੀ ਮੋਰਚੇ ਵਿੱਚ ਬਿਮਾਰ ਹੋਣ ਉਪਰੰਤ ਘਰੇ ਪਰਤਣ ਤੇ ਮੌਤ ਹੋ ਗਈ। ਜਾਣਕਾਰੀ ਅਨੁਸਾਰ ਕਿਸਾਨ ਗੁਰਪਿਆਰ ਸਿੰਘ (61) ਜੋ ਪਿਛਲੇ ਲੰਬੇ ਸਮੇਂ ਤੋਂ ਟਿਕਰੀ ਮੋਰਚੇ ਵਿੱਚ ਹਾਜ਼ਰੀ ਭਰ ਰਿਹਾ ਸੀ, ਪਿਛਲੇ ਦਿਨੀਂ ਠੰਢ ਲੱਗਣ ਕਾਰਨ ਬਿਮਾਰ ਹੋ ਗਿਆ ਸੀ। ਬੀਤੇ ਦਿਨੀਂ ਉਸ ਦੀ ਹਾਲਤ ਵਿਗੜ ਜਾਣ ਕਾਰਣ ਉਸ ਨੂੰ ਦਿੱਲੀ ਤੋਂ ਘਰ ਲਿਆਂਦਾ ਗਿਆ ਸੀ ਪਰ ਬੀਤੀ ਦੇਰ ਰਾਤ ਉਸ ਦੀ ਮੌਤ ਹੋ ਗਈ।
ਅੱਜ ਪਿੰਡ ਭਾਗੀਵਾਂਦਰ ਵਿੱਚ ਮਿ੍ਰਤਕ ਕਿਸਾਨ ਦਾ ਅੰਤਿਮ ਸਸਕਾਰ ਕਰ ਦਿੱਤਾ ਗਿਆ। ਮਿ੍ਰਤਕ ਕਿਸਾਨ ਭਾਕਿਯੂ (ਡਕੌਦਾ) ਦਾ ਸਰਗਰਮ ਮੈਂਬਰ ਸੀ ਅਤੇ ਯੂਨੀਅਨ ਨੇ ਹੁਣ ਪਰਿਵਾਰ ਲਈ 10 ਲੱਖ ਰੁਪਏ ਦੇ ਮੁਆਵਜ਼ੇ ਅਤੇ ਸਰਕਾਰੀ ਨੌਕਰੀ ਦੀ ਮੰਗ ਰੱਖੀ।