ਕਿਸਾਨੀ ਸੰਘਰਸ਼ ਵਿੱਚੋਂ ਵਾਪਸ ਪਰਤੇ 26 ਸਾਲਾ ਨੌਜਵਾਨ ਦੀ ਮੌਤ


ਮਮਦੋਟ, 12 ਜਨਵਰੀ (ਸ.ਬ.) ਦਿੱਲੀ ਵਿਖੇ ਚੱਲ ਰਹੇ ਕਿਸਾਨ ਸੰਘਰਸ਼ ਵਿੱਚੋਂ ਵਾਪਸ ਪਰਤੇ ਬਲਾਕ ਮਮਦੋਟ ਅਧੀਨ ਆਉਂਦੇ ਪਿੰਡ ਸਵਾਈ ਕੇ ਭੋਖੜੀ ਦੇ ਇੱਕ ਨੌਜਵਾਨ ਦੀ ਸਿਹਤ ਵਿਗੜਨ ਕਾਰਨ ਬੀਤੀ ਰਾਤ ਮੌਤ ਹੋ ਜਾਣ ਦਾ ਦੁਖ਼ਦਾਈ ਸਮਾਚਾਰ ਪ੍ਰਾਪਤ ਹੋਇਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਮਮਦੋਟ ਦੇ ਨੇੜੇ ਵਸੇ ਪਿੰਡ ਸਵਾਈ ਕੇ ਭੋਖੜੀ ਦੇ ਨੌਜਵਾਨ ਲਵਪ੍ਰੀਤ ਸਿੰਘ ਉਮਰ 26 ਸਾਲ ਪੁੱਤਰ ਬਲਕਾਰ ਸਿੰਘ ਜੋ ਕਿ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਜਥੇ ਨਾਲ ਕਿਸਾਨ ਸੰਘਰਸ਼ ਵਿੱਚ ਪਹੁੰਚਿਆ ਹੋਇਆ ਸੀ ਅਤੇ ਸੰਘਰਸ਼ ਦੌਰਾਨ 10-15 ਦਿਨ ਲਗਾਉਣ ਤੋਂ ਬਾਅਦ ਬੀਤੇ 2 ਦਿਨ ਪਹਿਲਾਂ ਉਹ ਪਿੰਡ ਸਵਾਈ ਕੇ ਭੋਖੜੀ ਵਿਖੇ ਪਹੁੰਚਿਆ ਸੀ।
ਇਸ ਸਬੰਧੀ ਮੰਗਲ ਸਿੰਘ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਦੱਸਿਆ ਕਿ ਸੰਘਰਸ਼ ਦੌਰਾਨ ਦਿੱਲੀ ਵਿਖੇ ਕੜਾਕੇ ਦੀ ਠੰਡ ਅਤੇ ਕਿਸਾਨ ਮਜ਼ਦੂਰਾਂ ਦੀ ਹਾਲਤ ਵੇਖ ਕੇ ਲਵਪ੍ਰੀਤ ਸਿੰਘ ਦੇ ਮਨ ਤੇ ਬਹੁਤ ਅਸਰ ਹੋਇਆ ਅਤੇ ਬੀਤੀ ਸ਼ਾਮ ਉਸ ਦੀ ਸਿਹਤ ਖ਼ਰਾਬ ਹੋ ਗਈ ਅਤੇ ਅਕਾਲ ਚਲਾਨਾ ਕਰ ਗਿਆ। ਮਿ੍ਰਤਕ ਦੀ ਮਾਤਾ ਨਿੰਦਰ ਕੌਰ ਨੇ ਦੱਸਿਆ ਕਿ ਲਵਪ੍ਰੀਤ ਸਿੰਘ ਦੇ 2 ਛੋਟੀਆਂ-ਛੋਟੀਆਂ ਧੀਆਂ ਗੁਰਨੂਰ ਕੌਰ 6 ਸਾਲ ਅਤੇ ਹਰਨੂਰ ਕੌਰ ਹਨ। ਇਸ ਮੌਕੇ ਕਿਸਾਨ ਯੂਨੀਅਨ ਦੇ ਆਗੂ ਮੰਗਲ ਸਿੰਘ ਜੋਨ ਪ੍ਰਧਾਨ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਨੇ ਸਰਕਾਰ ਤੋਂ ਪਰਿਵਾਰ ਨੂੰ ਮਾਲੀ ਮਦਦ ਦੇਣ ਦੀ ਮੰਗ ਕੀਤੀ ਹੈ।

Leave a Reply

Your email address will not be published. Required fields are marked *