ਕਿਸਾਨੀ ਸੰਘਰਸ਼ ਦਾ ਸਿਆਸੀ ਲਾਹਾ ਲੈਣ ਲਈ ਸਰਗਰਮ ਹਨ ਸਿਆਸੀ ਪਾਰਟੀਆਂ

ਐਸ ਏ ਐਸ ਨਗਰ, 8 ਅਕਤੂਬਰ (ਸ.ਬ. )  ਕੇਂਦਰ ਸਰਕਾਰ ਵਲੋਂ ਪਾਸ ਕੀਤੇ ਗਏ ਤਿੰਨ ਖੇਤੀ ਬਿਲਾਂ, ਜੋ ਕਿ ਹੁਣ ਕਾਨੂੰਨ ਬਣ ਚੁਕੇ ਹਨ, ਖਿਲਾਫ ਕਿਸਾਨਾਂ ਦਾ ਰੋਸ ਦਿਨੋਂ ਦਿਨ ਵੱਧਦਾ ਜਾ ਰਿਹਾ ਹੈ| ਭਾਵੇਂ ਕਿ ਕੇਂਦਰ ਸਰਕਾਰ ਵਲੋਂ ਪੰਜਾਬ ਦੀਆਂ ਕਿਸਾਨ                      ਜਥੇਬੰਦੀਆਂ ਨੂੰ ਗੱਲਬਾਤ ਦਾ ਸੱਦਾ ਦਿਤਾ ਗਿਆ ਸੀ ਪਰ ਕਿਸਾਨ                 ਜਥੇਬੰਦੀਆਂ ਵਲੋਂ ਕੇਂਦਰ ਸਰਕਾਰ ਵਲੋਂ ਦਿਤਾ ਗਿਆ ਗੱਲਬਾਤ ਦਾ ਸੱਦਾ ਠੁਕਰਾ ਦਿਤਾ ਗਿਆ ਹੈ ਅਤੇ ਖੇਤੀ ਕਾਨੂੰਨਾਂ ਦੇ ਖਿਲਾਫ ਆਪਣਾ ਸੰਘਰਸ਼ ਹੋਰ ਤੇਜ਼ ਕਰਨ ਦਾ ਐਲਾਨ ਕਰ ਦਿਤਾ ਗਿਆ| 
ਕਿਸਾਨਾਂ ਦੇ ਇਸ ਰੋਸ ਨੂੰ ਕੈਸ਼ ਕਰਨ ਲਈ ਸਾਰੀਆਂ ਹੀ ਸਿਆਸੀ ਪਾਰਟੀਆਂ ਵਿੱਚ ਹੋੜ ਲੱਗੀ ਹੋਈ ਹੈ ਅਤੇ ਹਾਲਾਤ ਇਹ ਹਨ ਕਿ ਵੱਖ- ਵੱਖ ਸਿਆਸੀ ਪਾਰਟੀਆਂ ਵੀ ਕਿਸਾਨਾਂ ਦੇ ਸੰਘਰਸ਼ ਵਿਚ ਕੁੱਦ ਪਈਆਂ ਹਨ ਅਤੇ ਇਹਨਾਂ ਸਾਰੀਆਂ ਹੀ ਪਾਰਟੀਆਂ ਵਿੱਚ ਕਿਸਾਨਾਂ ਦਾ ਸੰਘਰਸ਼ ਹਾਈਜੈਕ ਕਰਨ ਦੀ ਹੋੜ ਲੱਗੀ ਦਿਸਦੀ ਹੈ| 
ਸਿਆਸੀ ਪਾਰਟੀਆਂ ਦੀ ਅੱਖ ਆਉਣ ਵਾਲੀਆਂ ਸਾਲ 2020 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਉਪਰ ਹੈ ਅਤੇ ਹਰੇਕ ਸਿਆਸੀ ਪਾਰਟੀ ਕਿਸਾਨ ਸੰਘਰਸ਼ ਦਾ ਸਿਆਸੀ ਲਾਹਾ ਲੈਣ ਲਈ ਤਰਲੋਮੱਛੀ ਹੋ ਰਹੀ ਹੈ| ਕਾਂਗਰਸ ਪਾਰਟੀ ਵਲੋਂ ਭਾਵੇਂ ਕਿ ਖੇਤੀ ਬਿਲਾਂ ਦਾ ਸ਼ੁਰੂ ਤੋਂ ਹੀ ਵਿਰੋਧ ਕੀਤਾ ਜਾ ਰਿਹਾ ਹੈ ਜਦੋਂਕਿ ਅਕਾਲੀ ਦਲ ਬਾਦਲ ਪਹਿਲਾਂ ਤਾਂ ਖੇਤੀ ਬਿਲਾਂ ਦੀ ਖੁੱਲੀ ਹਿਮਾਇਤ ਕੀਤੀ ਗਈ ਅਤੇ ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਸਮੇਤ ਪਾਰਟੀ ਦੇ ਸਾਰੇ ਆਗੂ ਅਤੇ ਉਸ ਸਮੇਂ ਦੀ ਕੇਂਦਰੀ ਕੈਬਿਨਟ ਮੰਤਰੀ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਵੀ ਕੇਂਦਰ ਸਰਕਾਰ ਦੇ           ਖੇਤੀ ਬਿਲਾਂ ਨੂੰ ਕਿਸਾਨ ਪੱਖੀ ਦਸਦੇ ਰਹੇ, ਪਰ ਅਚਾਨਕ ਹੀ ਅਕਾਲੀ ਦਲ ਨੇ ਯੂ ਟਰਨ ਲੈਂਦਿਆਂ ਖੇਤੀ ਬਿਲਾਂ ਖਿਲਾਫ ਮੋਰਚਾ ਖੋਲ ਦਿਤਾ|
ਇਸਦੇ ਤਹਿਤ ਸਭ ਤੋਂ ਪਹਿਲਾਂ ਸ੍ਰੀਮਤੀ ਹਰਸਿਮਰਤ ਕੌਰ ਬਾਦਲ ਨੇ ਆਪਣੇ ਮੰਤਰੀ ਦੇ ਅਹੁਦੇ ਤੋਂ ਅਸਤੀਫਾ ਦੇ ਦਿਤਾ, ਬਾਅਦ ਵਿਚ ਅਕਾਲੀ ਦਲ ਬਾਦਲ ਵਲੋਂ ਭਾਜਪਾ ਨਾਲ  ਆਪਣੀ ਤੀਹ ਸਾਲ ਪੁਰਾਣੀ ਸਿਆਸੀ ਸਾਂਝ ਵੀ ਤੋੜ ਦਿਤੀ ਗਈ| ਹੁਣ ਅਕਾਲੀ ਦਲ ਬਾਦਲ ਵਲੋਂ ਵੀ ਆਪਣੇ ਪੱਧਰ ਉਪਰ ਕੇਂਦਰੀ ਖੇਤੀ ਬਿਲਾਂ -ਕਾਨੂੰਨਾਂ ਖਿਲਾਫ ਸੰਘਰਸ਼ ਕੀਤਾ ਜਾ ਰਿਹਾ ਹੈ|  
ਆਮ ਆਦਮੀ ਪਾਰਟੀ ਵਲੋਂ ਵੀ ਪੰਜਾਬ ਵਿਚ ਖੇਤੀ ਬਿਲਾਂ ਦਾ ਵਿਰੋਧ ਕਰਦਿਆਂ ਆਪਣੀ ਸੁਰ ਅਲਾਪੀ ਜਾ ਰਹੀ ਹੈ| ਅਸਲ ਵਿਚ ਸਾਰੀਆਂ ਸਿਆਸੀ ਪਾਰਟੀਆਂ ਦਾ ਮਕਸਦ ਇਕੋ ਹੈ ਕਿ ਕਿਸਾਨ ਸੰਘਰਸ਼ ਦੀ ਹਮਾਇਤ ਕਰਕੇ ਕਿਸਾਨਾਂ ਦੀ ਹਮਦਰਦੀ ਹਾਸਲ ਕੀਤੀ ਜਾਵੇ ਤਾਂ ਕਿ ਸਾਲ 2020 ਦੀਆਂ ਪੰਜਾਬ ਵਿਧਾਨ ਸਭਾ ਚੋਣਾਂ ਦੌਰਾਨ ਇਸ ਦਾ ਸਿਆਸੀ ਲਾਹਾ ਲਿਆ ਜਾ ਸਕੇ|
ਜਿਥੋ ਤਕ ਭਾਜਪਾ ਦਾ ਸਵਾਲ ਹੈ ਤਾਂ ਭਾਜਪਾ ਵਲੋਂ ਖੇਤੀ ਬਿਲਾਂ ਦੇ ਹੱਕ ਵਿਚ ਮੁਹਿੰਮ ਚਲਾਈ ਜਾ ਰਹੀ ਹੈ| ਕੁਝ ਭਾਜਪਾ ਆਗੂ ਤਾਂ ਕਿਸਾਨਾਂ ਨਾਲ ਗੱਲਬਾਤ ਕਰਕੇ ਉਹਨਾਂ ਨੂੰ           ਖੇਤੀ ਬਿਲਾਂ ਦੇ ਫਾਇਦੇ ਵੀ ਗਿਣਾ ਚੁਕੇ ਹਨ ਪਰ ਕਿਸਾਨਾਂ ਭਾਜਪਾ ਆਗੁਆਂ ਦੀ ਗਲ ਕ ਸੁਣਨ ਲJ. ਤਿਆਰ ਨਹੀਂ ਹੈ ਅਤੇ ਭਾਜਪਾ ਦੇ ਪ੍ਰਤੀ ਕਿਸਾਨਾਂ ਦਾ ਗੁੱਸਾ ਸਾਫ ਝਲਕਦਾ ਹੈ| 
ਪੰਜਾਬ ਵਿਚ ਇਸ ਸਮੇਂ ਕਾਂਗਰਸ ਪਾਰਟੀ ਦੀ ਸਰਕਾਰ ਹੈ ਅਤੇ ਕਾਂਗਰਸ ਵਲੋਂ ਖੇਤੀ ਬਿਲਾਂ ਦਾ ਵੱਡੇ ਪੱਧਰ ਉਪਰ ਵਿਰੋਧ ਕੀਤਾ ਜਾ ਰਿਹਾ ਹੈ ਅਤੇ ਬੀਤੇ ਦਿਨੀਂ ਕਾਂਗਰਸ ਪਾਰਟੀ ਦੇ ਸਾਬਕਾ ਕੌਮੀ ਪ੍ਰਧਾਨ ਰਾਹੁਲ ਗਾਂਧੀ ਵੀ ਪੰਜਾਬ ਵਿੱਚ ਟਰੈਕਟਰ ਰੈਲੀਆਂ ਕਰਕੇ ਪਰਤੇ ਹਨ| ਕਾਂਗਰਸੀ ਆਗੂ ਜਾਣਦੇ ਹਨ ਕਿ ਪੰਜਾਬ ਵਿਚ ਕਿਸਾਨਾਂ ਦੀਆਂ ਵੋਟਾਂ ਹੀ ਕਿਸੇ ਵੀ ਪਾਰਟੀ ਦੀ ਜਿੱਤ ਹਾਰ ਦਾ ਫੈਸਲਾ ਕਰਦੀਆਂ ਹਨ| ਇਸੇ ਕਾਰਨ ਕਾਂਗਰਸ ਪਾਰਟੀ ਵੀ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਕਿਸਾਨ ਸੰਘਰਸ਼ ਦੀ ਹਮਾਇਤ ਕਰ ਰਹੀ ਹੈ|

Leave a Reply

Your email address will not be published. Required fields are marked *