ਕਿਸਾਨ ਅੰਦੋਲਨ ਤੇਜ਼, ਕਿਸਾਨਾਂ ਵੱਲੋਂ ਦਿੱਲੀ-ਉੱਤਰ ਪ੍ਰਦੇਸ਼ ਸਰਹੱਦ ਪੂਰੀ ਤਰ੍ਹਾਂ ਬੰਦ


ਗਾਜ਼ੀਆਬਾਦ, 26 ਦਸੰਬਰ (ਸ.ਬ.) ਕੇਂਦਰ ਸਰਕਾਰ ਵਲੋਂ ਪਾਸ ਤਿੰਨੋਂ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਦੀ ਮੰਗ ਨੂੰ ਲੈ ਕੇ ਕਿਸਾਨਾਂ ਦਾ ਰੋਹ ਵੱਧਦਾ ਜਾ ਰਿਹਾ ਹੈ। ਕਿਸਾਨਾਂ ਨੇ ਦਿੱਲੀ ਤੋਂ ਆਉਣ ਵਾਲੇ ਹਾਈਵੇਅ ਨੂੰ ਬੰਦ ਕਰ ਦਿੱਤਾ ਹੈ। ਕਿਸਾਨ ਅੰਦੋਲਨ ਦਾ ਅੱਜ 31ਵਾਂ ਦਿਨ ਹੈ। ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਰਾਕੇਸ਼ ਟਿਕੈਤ ਨੇ ਕਿਹਾ ਕਿ ਸਰਕਾਰ ਆਪਣੇ ਅੜੀਅਲ ਰਵੱਈਏ ਤੇ ਕਾਇਮ ਹੈ ਅਤੇ ਅਜਿਹੇ ਵਿਚ ਕਿਸਾਨਾਂ ਦਾ ਧੀਰਜ ਹੌਲੀ-ਹੌਲੀ ਜਵਾਬ ਦੇ ਰਿਹਾ ਹੈ। ਭਾਜਪਾ ਸ਼ਾਸਿਤ ਸੂਬਿਆਂ ਦੀਆਂ ਸਰਕਾਰਾਂ ਅੰਦੋਲਨ ਨੂੰ ਦਬਾਉਣ ਲਈ ਬਾਹਰ ਤੋਂ ਆਉਣ ਵਾਲੇ ਕਿਸਾਨਾਂ ਨੂੰ ਵੱਖ-ਵੱਖ ਥਾਵਾਂ ਤੇ ਰੋਕ ਰਹੀ ਹੈ। ਸਵੇਰੇ ਉੱਤਰਾਖੰਡ ਤੋਂ ਉੱਤਰ ਪ੍ਰਦੇਸ਼ ਦੀ ਸਰਹੱਦ ਵਿੱਚ ਐਂਟਰੀ ਕਰ ਰਹੇ ਕਿਸਾਨਾਂ ਨੂੰ ਪੁਲੀਸ ਨੇ ਰੋਕਣ ਦੀ ਕੋਸ਼ਿਸ਼ ਕੀਤੀ।
ਟਿਕੈਤ ਨੇ ਇਕ ਸਵਾਲ ਕੀਤਾ ਕਿ ਮੈਂ ਕੇਂਦਰ ਸਰਕਾਰ ਦੇ ਉਨ੍ਹਾਂ ਨੇਤਾਵਾਂ ਦੇ ਮਾਸਟਰਾਂ ਨੂੰ ਮਿਲਣਾ ਚਾਹੁੰਦਾ ਹਾਂ, ਜਿਨ੍ਹਾਂ ਨੇ ਉਨ੍ਹਾਂ ਨੂੰ ਪਾਠ ਪੜ੍ਹਾਇਆ ਕਿ ਖੇਤੀ ਕਿਸਾਨੀ ਮੁਨਾਫੇ ਦਾ ਕੰਮ ਹੈ। ਉਨ੍ਹਾਂ ਕਿਹਾ ਕਿ ਕਿਸਾਨ ਦਾ ਪੁੱਤ ਵੀ ਸ਼ਹਿਰ ਵਿੱਚ ਰਹਿਣਾ ਚਾਹੁੰਦਾ ਹੈ ਅਤੇ ਉਸ ਨੂੰ ਵੀ ਸਹੂਲਤ ਚਾਹੀਦੀ ਹੈ। ਕਿਸਾਨ ਦੇ ਪਰਿਵਾਰਾਂ ਦੇ ਲੋਕ ਦਿੱਲੀ ਵਿਚ ਸਾਰੀਆਂ ਸੁੱਖ-ਸਹੂਲਤਾਂ ਨਾਲ ਰਹਿਣਾ ਚਾਹੁੰਦੇ ਹਨ ਤਾਂ ਹੁਣ ਇਹ ਹੀ ਸਹੀ। ਤਾਲਾਬੰਦੀ ਲੱਗੀ ਤਾਂ ਵੀ ਅੰਦੋਲਨ ਨਹੀਂ ਰੁਕੇਗਾ।
ਕਿਸਾਨ ਆਗੂ ਟਿਕੈਤ ਨੇ ਕਿਹਾ ਕਿ ਉਨ੍ਹਾਂ ਨੂੰ ਕਈ ਮਾਧਿਅਮਾਂ ਤੋਂ ਸੂਚਨਾਵਾਂ ਮਿਲੀਆਂ ਹਨ ਕਿ ਸਰਕਾਰ ਕਿਸਾਨ ਅੰਦੋਲਨ ਨੂੰ ਕੁਚਲਣ ਦੀ ਮੰਸ਼ਾ ਨਾਲ ਦਿੱਲੀ-ਐਨ. ਸੀ. ਆਰ. ਖੇਤਰ ਵਿੱਚ ਤਾਲਾਬੰਦੀ ਲਾਉਣ ਤੇ ਵਿਚਾਰ ਕਰ ਰਹੀ ਹੈ, ਇਸ ਲਈ ਕੋਰੋਨਾ ਦੇ ਕੇਸਾਂ ਨੂੰ ਵਧਾ-ਚੜ੍ਹਾ ਕੇ ਦੱਸਿਆ ਜਾ ਰਿਹਾ ਹੈ। ਦੇਸ਼ ਵਿਚ ਕੋਰੋਨਾ ਨੂੰ ਲੈ ਕੇ ਖ਼ੌਫ ਦਾ ਮਾਹੌਲ ਫਿਰ ਤੋਂ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਇਨ੍ਹਾਂ ਸਾਰੀਆਂ ਗੱਲਾਂ ਦਾ ਕਿਸਾਨਾਂ ਤੇ ਕਿਸੇ ਪ੍ਰਕਾਰ ਦਾ ਕੋਈ ਅਸਰ ਨਹੀਂ ਹੋਵੇਗਾ।

Leave a Reply

Your email address will not be published. Required fields are marked *