ਕਿਸਾਨ ਅੰਦੋਲਨ ਦੀ ਹਮਾਇਤ ਕਰਕੇ ਆਪਣੀ ਸ਼ਾਖ ਬਚਾਉਣ ਵਿੱਚ ਲੱਗੀਆਂ ਵੱਖ ਵੱਖ ਰਾਜਸੀ ਪਾਰਟੀਆਂ


ਐਸ ਏ ਐਸ ਨਗਰ, 3 ਦਸੰਬਰ (ਸ.ਬ.) ਤਿੰਨ ਖੇਤੀ ਕਾਨੂੰਨਾਂ ਖਿਲਾਫ ਪੰਜਾਬ ਤੋਂ ਸ਼ੁਰੂ ਹੋਏ ਕਿਸਾਨ ਅੰਦੋਲਨ ਨੂੰ ਜਿਥੇ ਵੱਖ ਵੱਖ ਰਾਜਾਂ ਦੇ ਕਿਸਾਨਾਂ ਦੀ ਹਮਾਇਤ ਮਿਲ ਗਈ ਹੈ, ਉਥੇ ਵੱਖ ਵੱਖ ਰਾਜਸੀ ਪਾਰਟੀਆਂ ਵਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ| ਹਾਲਾਤ ਇਹ ਹਨ ਕਿ ਕਿਸਾਨ ਅੰਦੋਲਨ ਦੀ ਹਮਾਇਤ ਕਰਕੇ  ਵੱਖ ਵੱਖ ਰਾਜਸੀ  ਪਾਰਟੀਆਂ ਆਪਣੀ ਡਿੱਗ ਰਹੀ  ਸ਼ਾਖ ਨੂੰ ਬਚਾਉਣ ਵਿੱਚ ਲੱਗੀਆਂ ਹੋਈਆਂ ਹਨ| 
ਪੰਜਾਬ ਵਿੱਚ ਇਸ ਸਮੇਂ ਕਾਂਗਰਸ ਰਾਜ ਕਰ ਰਹੀ ਹੈ, ਜਦੋਂਕਿ ਆਮ ਆਦਮੀ ਪਾਰਟੀ ਮੁੱਖ ਵਿਰੋਧੀ ਧਿਰ  ਹੈ ਅਤੇ ਅਕਾਲੀ ਦਲ ਇਸ ਸਮੇਂ ਵਿਰੋਧੀ ਧਿਰ ਵਰਗੀ ਭੁਮਿਕਾ ਨਿਭਾਅ ਰਿਹਾ ਹੈ| ਪੰਜਾਬ ਦੇ ਕਿਸਾਨਾਂ ਦੇ ਅੰਦੋਲਨ ਨੂੰ ਜਿਥੇ ਕਾਂਗਰਸ ਨੇ ਸਿੱਧੀ ਹਮਾਇਤ ਦਿਤੀ ਹੋਈ ਹੈ, ਉਥੇ ਆਮ ਆਦਮੀ ਪਾਰਟੀ ਵੀ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਲਈ ਕਿਸਾਨ ਅੰਦੋਲਨ ਦੀ ਹਮਾਇਤ ਕਰ ਰਹੀ ਹੈ| 
ਦੂਜੇ ਪਾਸੇ ਅਕਾਲੀ ਦਲ ਬਾਦਲ ਪਹਿਲਾਂ ਤਾਂ ਭਾਜਪਾ ਨਾਲ ਸਾਂਝ ਹੋਣ ਕਰਕੇ ਤਿੰਨ ਖੇਤੀ ਬਿਲਾਂ/ਕਾਨੂੰਨਾਂ ਖਿਲਾਫ ਚੁੱਪ ਰਿਹਾ ਪਰ ਜਦੋਂ ਅਕਾਲੀ ਦਲ ਬਾਦਲ ਨ ੂੰ  ਖੇਤੀ ਕਾਨੂੰਨਾਂ ਦਾ ਵਿਰੋਧ ਕਰ ਰਹੇ ਕਿਸਾਨਾਂ ਦੀ ਨਾਰਾਜਗੀ ਦਾ ਸਾਹਮਣਾ ਕਰਨਾ ਪਿਆ ਤਾਂ  ਅਕਾਲੀ ਦਲ ਨੇ ਯੂ ਟਰਨ ਲਂੈਦਿਆਂ ਭਾਜਪਾ ਨਾਲ ਆਪਣੀ ਰਾਜਸੀ ਸਾਂਝ ਤੋੜ ਦਿਤੀ ਤੇ ਕਿਸਾਨਾਂ ਦੇ ਅੰਦੋਲਨ ਨੂੰ ਹਮਾਇਤ ਦੇ ਦਿਤੀ| ਇਸ ਤੋਂ ਇਲਾਵਾ ਪੰਜਾਬ ਵਿੱਚ ਵਿਚਰ ਰਹੀਆਂ ਹੋਰਨਾਂ ਵੱਡੀਆਂ ਛੋਟੀਆਂ ਰਾਜਸੀ ਪਾਰਟੀਆਂ ਵਲੋਂ ਵੀ ਕਿਸਾਨ ਅੰਦੋਲਨ ਦੀ ਹਮਾਇਤ ਕੀਤੀ ਜਾ ਰਹੀ ਹੈ| 
ਭਾਜਪਾ ਵਲੋਂ ਖੁਲੇਆਮ ਕਿਸਾਨ ਅੰਦੋਲਨ ਦਾ ਵਿਰੋਧ ਕੀਤਾ ਜਾ ਰਿਹਾ ਹੈ, ਇਸਦੇ ਬਾਵਜੂਦ ਪੰਜਾਬ ਦੇ ਕਿਸਾਨ ਦਿੱਲੀ ਨੂੰ ਘੇਰੀ ਬੈਠੇ ਹਨ  ਅਤੇ ਕਿਸਾਨਾਂ ਵਲੋਂ ਸਪਸ਼ਟ ਕਿਹਾ ਜਾ ਰਿਹਾ ਹੈ ਕਿ ਖੇਤੀ ਕਾਨੂੰਨਾਂ ਦੇ ਰੱਦ ਹੋਣ ਤਕ ਉਹ ਦਿੱਲੀ ਘੇਰੀ              ਰੱਖਣਗੇ| 
ਦਿੱਲੀ ਦੀ ਕੇਜਰੀਵਾਲ ਸਰਕਾਰ ਵਲੋਂ ਅੰਦੋਲਨਕਾਰੀ ਕਿਸਾਨਾਂ ਦੀ ਹਮਾਇਤ ਕਰਕੇ ਕਿਸਾਨਾਂ ਦੀਆਂ ਵੋਟਾਂ ਪੱਕੀਆਂ ਕਰਨ ਦੀ ਨੀਤੀ ਅਪਨਾਈ ਗਈ ਹੈ| ਦਿੱਲੀ ਦੇ ਖੇਡ ਸਟੇਡੀਅਮਾਂ ਨੂੰ ਆਰਜੀ ਜੇਲਾਂ ਵਿਚ ਨਾ ਬਦਲਣ ਦਾ ਦਿੱਲੀ ਦੀ ਕੇਜਰੀਵਾਲ ਸਰਕਾਰ ਦਾ ਫੈਸਲਾ ਇਸੇ ਕੜੀ ਦਾ ਹਿੱਸਾ ਹੈ| 
ਅਸਲ ਵਿੱਚ ਕੋਈ ਵੀ ਰਾਜਸੀ ਪਾਰਟੀ ਕਿਸਾਨਾਂ ਦੀ ਨਾਰਾਜਗੀ ਨਹੀਂ ਲੈਣੀ ਚਾਹੁੰਦੀ, ਇਸ ਕਾਰਨ ਭਾਜਪਾ ਤੋਂ ਬਿਨਾਂ ਹੋਰਨਾਂ ਪਾਰਟੀਆਂ ਲਈ ਕਿਸਾਨ ਅੰਦੋਲਨ ਦੀ ਹਮਾਇਤ ਕਰਨੀ ਇਕ ਤਰਾਂ ਮਜਬੂਰੀ ਬਣ ਗਈ ਹੈ|
ਕਿਸਾਨ ਅੰਦੋਲਨ ਦੀ ਹਮਾਇਤ ਕਰਕੇ ਇਕ ਤਰਾਂ ਵੱਖ- ਵੱਖ ਰਾਜਸੀ ਪਾਰਟੀਆਂ ਆਪਣੀ ਡਿੱਗ ਰਹੀ ਸ਼ਾਖ ਬਚਾਉਣ ਵਿੱਚ ਲੱਗੀਆਂ ਹਨ|  ਪੰਜਾਬ ਵਿੱਚ ਰਾਜ ਕਰ ਰਹੀ ਕਾਂਗਰਸ ਪਾਰਟੀ ਵਲੋਂ ਕਿਸਾਨ ਅੰਦੋਲਨ ਦੀ ਹਮਾਇਤ ਕੀਤੇ ਜਾਣ ਕਾਰਨ ਕਾਂਗਰਸ ਸਰਕਾਰ ਦੀਆਂ ਕਈ ਨਾਕਾਮੀਆਂ ਹਾਲ ਦੀ ਘੜੀ ਕੁਝ ਹੱਦ ਤਕ ਛੁਪ ਗਈਆਂ ਹਨ ਅਤੇ ਕਾਂਗਰਸ ਵਲੋਂ ਅਗਾਮੀ ਪੰਜਾਬ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਕਿਸਾਨ ਅੰਦੋਲਨ ਦੀ ਹਮਾਇਤ ਕਰਨ ਦਾ ਫਾਇਦਾ ਲੈਣ ਦੀ ਕੋਸ਼ਿਸ਼ ਕੀਤੀ ਜਾਣੀ ਹੈ| ਇਸੇ ਤਰਾਂ ਅਕਾਲੀ ਦਲ,  ਆਮ ਆਦਮੀ ਪਾਰਟੀ ਸਮੇਤ ਹੋਰਨਾਂ ਪਾਰਟੀਆਂ ਵਲੋਂ ਵੀ ਪੰਜਾਬ ਵਿਧਾਨ ਸਭਾ ਦੀਆਂ ਅਗਾਮੀ ਚੋਣਾਂ  ਨੂੰ ਵੇਖਦਿਆਂ ਕਿਸਾਨ ਅੰਦੋਲਨ ਦੀ ਖੁਲੇਆਮ ਹਮਾਇਤ ਕੀਤੀ ਜਾ ਰਹੀ ਹੈ, ਤਾਂ ਕਿ ਅਗਾਮੀ ਵਿਧਾਨ ਸਭਾ ਚੋਣਾਂ ਦੌਰਾਨ ਕਿਸਾਨਾਂ ਦੀ ਹਮਦਰਦੀ ਅਤੇ ਵੋਟਾਂ ਹਾਸਲ ਕਰਕੇ ਪੰਜਾਬ ਦੀ ਸੱਤਾ ਦਾ ਸੁੱਖ ਭੋਗਿਆ ਜਾਵੇ|
ਆਪਣੀ ਇਸ ਕੋਸ਼ਿਸ਼ ਵਿੱਚ ਇਹ ਰਾਜਸੀ ਪਾਰਟੀਆਂ ਕਿਸ ਹੱਦ ਤਕ ਕਾਮਯਾਬ ਹੁੰਦੀਆਂ ਹਨ, ਇਹ ਤਾਂ ਆਉਣ ਵਾਲਾ ਸਮਾਂ ਦਸੇਗਾ ਪਰੰਤੂ ਹਾਲ ਦੀ ਘੜੀ ਤਾਂ ਇਹਨਾਂ ਦੀ ਇਹ ਕੋਸ਼ਿਸ਼ ਜਾਰੀ ਹੈ|

Leave a Reply

Your email address will not be published. Required fields are marked *