ਕਿਸਾਨ ਅੰਦੋਲਨ ਦੇ ਹਮਾਇਤੀਆਂ ਵਿਰੁੱਧ ਐਨ ਆਈ ਏ ਦੀ ਦੁਰਵਰਤੋਂ ਤੋਂ ਬਾਜ਼ ਆਵੇ ਕੇਂਦਰ ਸਰਕਾਰ : ਸ: ਬੀਰ ਦਵਿੰਦਰ ਸਿੰਘ
ਚੰਡੀਗੜ੍ਹ, 18 ਜਨਵਰੀ (ਸ.ਬ.) ਕੇਂਦਰੀ ਜਾਂਚ ਏਜੰਸੀ (ਐਨ ਆਈ ਏ) ਵੱਲੋਂ ਕਿਸਾਨ ਅੰਦੋਲਨ ਦੇ ਹਮਾਇਤੀਆਂ ਨੂੰ ਭੇਜੇ ਜਾ ਰਹੇ ਕਾਨੂੰਨੀ ਨੋਟਿਸਾਂ ਦੇ ਵਿਰੁੱਧ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਦੇ ਮੁੱਖ ਬੁਲਾਰੇ ਅਤੇ ਸਾਬਕਾ ਡਿਪਟੀ ਸਪੀਕਰ ਸ: ਬੀਰ ਦਵਿੰਦਰ ਸਿੰਘ ਨੇ ਤਿੱਖੀ ਪ੍ਰਤੀਕਿਰਿਆ ਜ਼ਾਹਿਰ ਕਰਦੇ ਹੋਏ ਐਨ ਆਈ ਏ ਦੀ ਦੁਰਵਰਤੋਂ ਕਰਨ ਲਈ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ।
ਇੱਥੇ ਜਾਰੀ ਇੱਕ ਬਿਆਨ ਵਿੱਚ ਸ: ਬੀਰ ਦਵਿੰਦਰ ਸਿੰਘ ਨੇ ਕਿਹਾ ਕਿ ਕੇਂਦਰੀ ਜਾਂਚ ਏਜੰਸੀ ਦਾ ਕਿਸਾਨ ਘੋਲ ਦੇ ਮੱਦਦਗਾਰਾਂ ਖ਼ਿਲਾਫ਼ ਘੇਰਾਬੰਦੀ ਕਰਨਾ ਕੇਂਦਰ ਸਰਕਾਰ ਦਾ ਕਿਸਾਨੀ ਸੰਘਰਸ਼ ਵਿਰੁੱਧ ਨਵਾਂ ਪੈਂਤੜਾ ਹੈ। ਉਹਨਾਂ ਕਿਹਾ ਕਿ ਸੰਘਰਸ਼ ਵਿੱਚ ਸ਼ਾਮਲ ਜਾਂ ਹਮਾਇਤੀ ਪੱਤਰਕਾਰ, ਟਰਾਂਸਪੋਰਟਰਾਂ, ਪ੍ਰੋਫੈਸਰ ਅਤੇ ਲੋਕ ਭਲਾਈ ਸੰਸਥਾਵਾਂ ਦੇ ਕਾਰਕੁਨਾਂ ਨੂੰ ਨੋਟਿਸ ਜਾਰੀ ਕਰਕੇ ਤਲਬ ਕੀਤਾ ਗਿਆ ਹੈ ਜਦਕਿ ਇਨ੍ਹਾਂ ਨੇ ਕੋਈ ਵੀ ਗੈਰਕਾਨੂੰਨੀ ਕੰਮ ਨਹੀ ਕੀਤਾ ਹੈ। ਉਨ੍ਹਾ ਕਿਹਾ ਕਿ ਇਸ ਕਾਰਵਾਈ ਤੋਂ ਪਹਿਲਾਂ ਵੀ ਕੇਂਦਰ ਸਰਕਾਰ ਨੇ ਆਮਦਨ ਕਰ ਵਿਭਾਗ ਦੀ ਦੁਰਵਰਤੋਂ ਕਰਦਿਆਂ ਕਿਸਾਨ ਅੰਦੋਲਨ ਦੀ ਹਮਾਇਤ ਵਿੱਚ ਆਏ ਪੰਜਾਬ ਦੇ ਕਈਂ ਆੜ੍ਹਤੀਆਂ ਨੂੰ ਨੋਟਿਸ ਭੇਜੇ ਸਨ ਅਤੇ ਉਨ੍ਹਾਂ ਤੇ ਛਾਪੇਮਾਰੀ ਦੀ ਕਾਰਵਾਈ ਵੀ ਕੀਤੀ ਗਈ ਸੀ।