ਕਿਸਾਨ ਅੰਦੋਲਨ ਪਿੱਛੇ ਪਾਕਿ ਤੇ ਚੀਨ ਦਾ ਹੱਥ ਹੋਣ ਦਾ ਕੇਂਦਰੀ ਮੰਤਰੀ ਦਾ ਬਿਆਨ ਮਸਲੇ ਨੂੰ ਉਲਝਾਉਣ ਦੀ ਕੋਸ਼ਿਸ਼ : ਬੀਰ ਦਵਿੰਦਰ ਸਿੰਘ
ਐਸ ਏ ਐਸ ਨਗਰ, 11 ਦਸੰਬਰ (ਸ.ਬ.) ਕੇਂਦਰੀ ਮੰਤਰੀ ਰਾਓ ਸਾਹੇਬ ਦਾਨਵੇ ਵੱਲੋਂ ਕਿਸਾਨ ਅੰਦੋਲਨ ਪਿੱਛੇ ਚੀਨ ਅਤੇ ਪਾਕਿਸਤਾਨ ਦਾ ਹੱਥ ਹੋਣ ਬਾਰੇ ਕੀਤੇ ਗਏ ਦਾਅਵੇ ਦੀ ਸ਼੍ਰੋਮਣੀ ਅਕਾਲੀ ਦਲ (ਡੈਮੋਕਰੇਟਿਕ) ਨੇ ਨਿਖੇਧੀ ਕੀਤੀ ਹੈ| ਇੱਕ ਬਿਆਨ ਵਿੱਚ ਪਾਰਟੀ ਦੇ ਮੁੱਖ ਬੁਲਾਰੇ ਅਤੇ ਮੀਡੀਆ ਕਮੇਟੀ ਦੇ ਚੇਅਰਮੈਨ ਸ. ਬੀਰਦਵਿੰਦਰ ਸਿੰਘ ਨੇ ਕਿਹਾ ਹੈ ਕਿ ਕੇਂਦਰ ਸਰਕਾਰ ਅਤੇ ਭਾਜਪਾ ਆਗੂ ਆਏ ਦਿਨ ਕਿਸਾਨ ਅੰਦੋਲਨ ਦੇ ਵਿਰੁਧ ਬੇਤੁਕੇ, ਫਜ਼ੂਲ ਅਤੇ ਤਰਕ ਤੋਂ ਸੱਖਣੇ ਬਿਆਨ ਦੇ ਕੇ ਕਿਸਾਨਾਂ ਦੇ ਮਸਲੇ ਨੂੰ ਜਾਣਬੁੱਝ ਕੇ ਉਲਝਾਉਣ ਦੀ ਕੋਸ਼ਿਸ਼ ਕਰ ਰਹੇ ਹਨ|
ਉਨ੍ਹਾਂ ਕਿਹਾ ਕਿ ਪਹਿਲਾਂ ਭਾਜਪਾ ਨੇ ਆਪਣੇ ਹੱਕਾਂ ਦੀ ਲੜਾਈ ਲੜ ਰਹੇ ਕਿਸਾਨਾਂ ਨੂੰ ਖਾਲਿਸਤਾਨੀ ਕਹਿਕੇ ਇਸ ਅੰਦੋਲਨ ਨੂੰ ਫ਼ਿਰਕੂ ਰੰਗਤ ਦੇਣ ਦੀ ਕੋਸ਼ਿਸ਼ ਕੀਤੀ ਅਤੇ ਹੁਣ ਕੇਂਦਰੀ ਮੰਤਰੀ ਨੇ ਇਸ ਅੰਦੋਲਨ ਦੇ ਪਿੱਛੇ ਪਾਕਿਸਤਾਨ ਅਤੇ ਚੀਨ ਦਾ ਹੱਥ ਹੋਣ ਦਾ ਗੈਰ ਜਿੰਮੇਵਾਰਾਨਾ ਅਤੇ ਬੇਬੁਨਿਆਦ ਬਿਆਨ ਦੇ ਦਿਤਾ ਹੈ| ਉਹਨਾਂ ਮੰਗ ਕੀਤੀ ਕਿ ਕੇਂਦਰੀ ਮੰਤਰੀ ਰਾਓਸਾਹੇਬ ਦਾਨਵੇ ਨੂੰ ਫੌਰੀ ਤੌਰ ਤੇ ਬਰਤਰਫ ਕੀਤਾ ਜਾਵੇ ਅਤੇ ਉਹਨਾਂ ਦੇ ਖਿਲਾਫ ਦੇਸ਼ ਭਗਤੀ ਦੀਆਂ ਭਾਵਨਾਵਾਂ ਨੂੰ ਠੇਸ ਪਹੁੰਚਾਉਣ ਸੰਬੰਧੀ ਫ਼ੌਜਦਾਰੀ ਮਾਮਲਾ ਦਰਜ ਕੀਤਾ ਜਾਵੇ|
ਉਨ੍ਹਾ ਕਿਹਾ ਕਿ ਕੇਂਦਰ ਸਰਕਾਰ ਨੇ ਪਹਿਲਾਂ ਕਸ਼ਮੀਰ ਦਾ ਮਸਲਾ ਉਲਝਾਇਆ ਅਤੇ ਫ਼ਿਰ ਨਾਗਰਿਕਤਾ ਕਾਨੂੰਨ ਲਾਗੂ ਕਰਕੇ ਦਿੱਲੀ ਵਿੱਚ ਫਿਰਕੂ ਦੰਗੇ ਕਰਵਾਏ ਅਤੇ ਹੁਣ ਕਿਸਾਨ ਅੰਦੋਲਨ ਨੂੰ ਫਿਰਕੂ ਰੰਗਤ ਦੇ ਕੇ ਇਥੇ ਵੀ ਹਾਲਾਤ ਵਿਗਾੜਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ|