ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ : ਅਰਵਿੰਦ ਕੇਜਰੀਵਾਲ


ਦਿੱਲੀ, 2 ਜਨਵਰੀ (ਸ.ਬ.) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਦਿੱਲੀ ਦੀਆਂ ਸਰਹੱਦਾਂ ਤੇ ਡਟੇ ਹੋਏ ਹਨ। ਕਿਸਾਨਾਂ ਨੂੰ ਅੰਦੋਲਨ ਕਰਦਿਆਂ ਅੱਜ 38 ਦਿਨ ਹੋ ਗਏ ਹਨ। ਦਿੱਲੀ ਧਰਨਿਆਂ ਵਿੱਚ ਡਟੇ ਕਿਸਾਨਾਂ ਨੂੰ ਵੱਖ-ਵੱਖ ਸੂਬਿਆਂ ਤੋਂ ਸਮਰਥਨ ਮਿਲ ਰਿਹਾ ਹੈ। ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਵੀ ਕਿਸਾਨਾਂ ਦੇ ਹੱਕ ਵਿੱਚ ਹਾਂ ਦਾ ਨਾਅਰਾ ਦਿੱਤਾ ਹੈ। ਕੇਜਰੀਵਾਲ ਨੇ ਕਿਹਾ ਕਿ ਦਿੱਲੀ ਵਿੱਚ ਇੰਨੀ ਠੰਡ ਵਿੱਚ ਕਿਸਾਨ ਦਿੱਲੀ ਦੀਆਂ ਸੜਕਾਂ ਤੇ ਸੌਂਦੇ ਹਨ। ਉਹ ਆਪਣੀਆਂ ਮੰਗਾਂ ਲਈ ਲੜ ਰਹੇ ਹਨ। ਕੇਜਰੀਵਾਲ ਨੇ ਕਿਹਾ ਕਿ 70 ਸਾਲਾਂ ਤੋਂ ਕਿਸਾਨਾਂ ਨੂੰ ਧੋਖਾ ਹੀ ਮਿਲਿਆ ਹੈ, ਹੁਣ ਕਿਸਾਨਾਂ ਕੋਲ ਖੇਤੀ ਬਚੀ ਹੈ। ਸਰਕਾਰ ਹੁਣ ਉਹ ਖੇਤੀ ਖੋਹ ਕੇ ਵੱਡੇ-ਵੱਡੇ ਕਾਰਪੋਰੇਟ ਘਰਾਣਿਆਂ ਨੂੰ ਦੇ ਦੇਣਾ ਚਾਹੁੰਦੀ ਹੈ। ਮੈਂ ਕਿਸਾਨਾਂ ਦਾ ਸਾਥ ਦੇ ਰਿਹਾ ਹਾਂ।
ਖੇਤੀ ਕਾਨੂੰਨ ਕਿਸਾਨਾਂ ਲਈ ਕਿੰਨੇ ਕੁ ਫਾਇਦੇਮੰਦ ਹਨ, ਇਸ ਬਾਬਤ ਕੇਜਰੀਵਾਲ ਨੇ ਕਿਹਾ ਕਿ ਭਾਜਪਾ ਦਾ ਇਕ ਵੀ ਮੰਤਰੀ ਇਕ ਵੀ ਭਾਸ਼ਣ ਵਿੱਚ ਖੇਤੀ ਕਾਨੂੰਨਾਂ ਦੇ ਫਾਇਦੇ ਬਾਰੇ ਨਹੀਂ ਗਿਣਵਾ ਸਕਿਆ। ਜਦੋਂ ਵੀ ਭਾਸ਼ਣ ਦਿੰਦੇ ਹਨ ਤਾਂ ਕਿਹਾ ਜਾਂਦਾ ਹੈ ਕਿ ਚਿੰਤਾ ਨਾ ਕਰੋ ਐਮ.ਐਸ.ਪੀ. ਖ਼ਤਮ ਨਹੀਂ ਹੋਵੇਗੀ, ਮੰਡੀਆਂ ਖ਼ਤਮ ਨਹੀਂ ਹੋਣਗੀਆਂ, ਕਿਸਾਨਾਂ ਦੀ ਜ਼ਮੀਨ ਨਹੀਂ ਜਾਵੇਗੀ। ਕਾਨੂੰਨਾਂ ਨੂੰ ਲੈ ਕੇ ਫਾਇਦਾ ਕੀ ਹੋਵੇਗਾ? ਇਹ ਤਾਂ ਦੱਸ ਨਹੀਂ ਰਹੇ। ਇਨ੍ਹਾਂ ਤਿੰਨੋਂ ਕਾਨੂੰਨਾਂ ਦਾ ਇਕ ਵੀ ਫਾਇਦਾ ਨਹੀਂ ਹੈ। ਕਾਨੂੰਨਾਂ ਦਾ ਸਿਰਫ ਤੇ ਸਿਰਫ ਇਕ ਮਕਸਦ ਕਿਸਾਨਾਂ ਤੋਂ ਖੇਤੀ ਖੋਹ ਕੇ ਵੱਡੇ-ਵੱਡੇ ਕਾਰਪੋਰੇਟਾਂ ਨੂੰ ਸੌਂਪਣਾ ਹੈ।
ਕੇਜਰੀਵਾਲ ਨੇ ਕਿਹਾ ਕਿ ਕੇਂਦਰ ਸਰਕਾਰ ਇਕ ਪਾਸੇ ਆਪਣੇ ਮੰਤਰੀਆਂ ਨੂੰ ਬਿਠਾ ਦੇਣ ਅਤੇ ਦੂਜੇ ਪਾਸੇ ਦੇਸ਼ ਦੇ ਕਿਸਾਨ ਆਗੂ ਬੈਠਣ ਤਾਂ ਖੁੱਲ੍ਹੀ ਬਹਿਸ ਵਿੱਚ ਸਭ ਕੁਝ ਸਾਫ਼ ਹੋ ਜਾਵੇਗਾ। ਉਹਨਾਂ ਕਿਹਾ ਕਿ ਕਿਸਾਨਾਂ ਨੂੰ ਅੱਤਵਾਦੀ, ਨਕਸਲਵਾਦੀ ਕਹਿਣਾ ਗਲਤ ਹੈ। ਦਿੱਲੀ ਦੀਆਂ ਸਰਹੱਦਾਂ ਤੇ ਬੈਠਾ ਕਿਸਾਨ ਅੰਨਦਾਤਾ ਹੈ, ਅੱਤਵਾਦੀ ਨਹੀਂ। ਇਕ ਕਿਸਾਨ ਦੇ ਦੋ ਪੁੱਤਰ ਹਨ, ਇਕ ਪੁੱਤਰ ਕਿਸਾਨ ਬਣਦਾ ਹੈ ਤੇ ਦੂਜਾ ਬਾਰਡਰ ਤੇ ਬੈਠਾ ਹੈ। ਦੇਸ਼ ਦੇ ਕਿਸਾਨ ਨੂੰ ਅੱਤਵਾਦੀ ਬੋਲਣਾ ਬਹੁਤ ਹੀ ਮਾੜੀ ਗੱਲ ਹੈ।

Leave a Reply

Your email address will not be published. Required fields are marked *