ਕਿਸਾਨ ਆਗੂਆਂ ਤੇ ਦਰਜ ਪਰਚੇ ਰੱਦ ਕੀਤੇ ਜਾਣ : ਬੱਬੀ ਬਾਦਲ

ਐਸ ਏ ਐਸ ਨਗਰ, 29 ਜਨਵਰੀ (ਸ.ਬ.) ਸ਼੍ਰੋਮਣੀ ਅਕਾਲੀ ਦਲ ਟਕਸਾਲੀ ਯੂਥ ਵਿੰਗ ਦੇ ਪ੍ਰਧਾਨ ਹਰਸੁਖਇੰਦਰ ਸਿੰਘ ਬੱਬੀ ਬਾਦਲ ਨੇ ਮੁਹਾਲੀ ਵਿਖੇ ਵਰਕਰ ਮਿਲਣੀ ਮੌਕੇ ਕਿਹਾ ਕਿ ਕਿਸਾਨ ਅੰਦੋਲਨ ਨੂੰ ਖਤਮ ਕਰਨ ਲਈ ਕੇਂਦਰ ਸਰਕਾਰ ਏਜੰਸੀਆਂ ਨਾਲ ਮਿਲ ਕੇ ਚਾਲਾਂ ਚੱਲ ਰਹੀ ਹੈ।

ਇੱਥੇ ਜਾਰੀ ਬਿਆਨ ਵਿੱਚ ਬੱਬੀ ਬਾਦਲ ਨੇ ਕੇਂਦਰ ਦੀ ਸਰਕਾਰ ਤੇ ਦੋਸ਼ ਲਾਇਆ ਕਿ ਲਾਲ ਕਿਲ੍ਹੇ ਵਾਲੀ ਘਟਨਾ ਦੇ ਨਾਮ ਤੇ ਕਿਸਾਨਾਂ ਨੂੰ ਬਦਨਾਮ ਕਰ ਕੇ ਝੂਠੇ ਕੇਸ ਦਰਜ ਕੀਤੇ ਗਏ ਅਤੇ ਲੁੱਕ ਆਊਟ ਨੋਟਿਸ ਵੀ ਕਿਸਾਨਾਂ ਨੂੰ ਜਾਰੀ ਕਰ ਦਿੱਤੇ ਗਏ ਜੋ ਪੂਰਨ ਤੌਰ ਤੇ ਗਲਤ ਹੈ।

ਉਹਨਾਂ ਕਿਹਾ ਕਿ ਸਾਜਿਸ਼ ਤਹਿਤ ਸਮਾਜ ਵਿਰੋਧੀ ਅਨਸਰਾਂ ਵੱਲੋਂ ਲਾਲ ਕਿਲ੍ਹੇ ਤੇ ਕੀਤੀ ਗਈ ਹਿੰਸਾ ਅਤੇ ਹੁੱਲੜਬਾਜੀ ਲਈ ਕਿਸਾਨਾਂ ਨੂੰ ਕਸੂਰਵਾਰ ਨਹੀਂ ਠਹਿਰਾਇਆ ਜਾ ਸਕਦਾ। ਉਨ੍ਹਾਂ ਕਿਹਾ ਕਿ ਦਿੱਲੀ ਪੁਲੀਸ ਸਰਕਾਰ ਦੇ ਇਸ਼ਾਰੇ ਤੇ ਕਿਸਾਨਾਂ ਦੇ ਸੰਘਰਸ਼ ਨੂੰ ਤਾਰਪੀਡੋ ਅਤੇ ਕਮਜੋਰ ਕਰਨ ਵਿੱਚ ਲੱਗੀ ਹੋਈ ਹੈ ਅਤੇ ਕਿਸਾਨ ਆਗੂਆਂ ਤੇ ਕੇਸ ਦਰਜ ਕਰਕੇ ਤੰਗ ਪ੍ਰੇਸ਼ਾਨ ਕੀਤਾ ਜਾ ਰਿਹਾ ਹੈ।

ਉਹਨਾਂ ਮੰਗ ਕੀਤੀ ਕਿ ਕਿਸਾਨ ਆਗੂਆਂ ਤੇ ਦਰਜ ਮਾਮਲੇ ਵਾਪਸ ਲਏ ਜਾਣ ਅਤੇ ਸਰਕਾਰ ਅਸਲ ਗੁਨਾਹਗਾਰਾਂ ਤੇ ਕਰਵਾਈ ਕਰੇ। ਉਨ੍ਹਾਂ ਕਿਹਾ ਪੰਜਾਬ ਦੀਆਂ ਕੁਝ ਸਿਆਸੀ ਧਿਰਾਂ ਅਪਣੇ ਡਿੱਗਦੇ ਅਧਾਰ ਨੂੰ ਬਚਾਉਣ ਲਈ ਕਿਸਾਨਾਂ ਦੇ ਸੰਘਰਸ਼ ਨੂੰ ਕਮਜ਼ੋਰ ਕਰਨ ਲਈ ਦਿੱਲੀ ਦੀਆਂ ਤਾਕਤਾਂ ਨਾਲ ਮਿਲੀਆਂ ਹੋਈਆਂ ਹਨ ਜਿਹਨਾਂ ਕੋਲੋ ਲੋਕਾ ਨੂੰ ਸੁਚੇਤ ਰਹਿਣ ਦੀ ਲੋੜ ਹੈ ਤਾਂ ਕਿ ਕਿਸਾਨੀ ਸੰਘਰਸ਼ ਨੂੰ ਕਾਮਯਾਬ ਕੀਤਾ ਜਾ ਸਕੇ।

ਇਸ ਮੌਕੇ ਸਰਕਲ ਪ੍ਰਧਾਨ ਰਣਧੀਰ ਸਿੰਘ ਪ੍ਰੇਮਗੜ, ਸੁੱਚਾ ਸਿੰਘ ਲੰਬੜਦਾਰ, ਗੁਰਚਰਨ ਸਿੰਘ ਸਾਬਕਾ ਸਰਪੰਚ, ਸਵਰਨ ਸਿੰਘ,ਕਵੰਲਜੀਤ ਸਿੰਘ ਪੱਤੋ, ਰਣਜੀਤ ਸਿੰਘ ਬਰਾੜ, ਜਗਤਾਰ ਸਿੰਘ ਘੜੂੰਆਂ, ਸੁਰਮੁੱਖ ਸਿੰਘ ਸਿਆਉ, ਇਕਬਾਲ ਸਿੰਘ, ਨਰਿੰਦਰ ਸਿੰਘ ਮੈਣੀ, ਸੁਰਜੀਤ ਸਿੰਘ ਬਰਿਆਲੀ, ਹਰਪਾਲ ਸਿੰਘ, ਜਸਵੰਤ ਸਿੰਘ ਠਸਕਾ, ਜਸਪਾਲ ਸਿੰਘ ਮੁਹਾਲੀ ਆਦਿ ਹਾਜ਼ਰ ਸਨ।

Leave a Reply

Your email address will not be published. Required fields are marked *