ਕਿਸਾਨ ਏਕਤਾ ਮੋਰਚਾ ਵਲੋਂ ਵੈਬੀਨਾਰ ਦਾ ਆਯੋਜਨ ਕਿਸਾਨ ਅੰਦੋਲਨ ਅਤੇ ਕਿਸਾਨ ਦੀਆਂ ਮੰਗਾਂ ਨੂੰ ਲੈ ਕੇ ਸਵਾਲ-ਜਵਾਬ ਕੀਤੇ
ਨਵੀਂ ਦਿੱਲੀ, 24 ਦਸੰਬਰ (ਸ.ਬ.) ਖੇਤੀ ਕਾਨੂੰਨਾਂ ਖ਼ਿਲਾਫ਼ ਕਿਸਾਨ ਏਕਤਾ ਮੋਰਚਾ ਵਲੋਂ ਅੱਜ ਡਿਜ਼ੀਟਲ ਪਲੇਟਫਾਰਮ ਤੇ ਇਕ ਵੈਬੀਨਾਰ ਦਾ ਆਯੋਜਨ ਕੀਤਾ ਗਿਆ। ਇਸ ਵਿੱਚ ਕਿਸਾਨ ਅੰਦੋਲਨ ਅਤੇ ਕਿਸਾਨਾਂ ਦੀਆਂ ਮੰਗਾਂ ਨੂੰ ਲੈ ਕੇ ਸਵਾਲ-ਜਵਾਬ ਕੀਤੇ ਗਏ। ਕਿਸਾਨ ਆਗੂਆਂ ਨੇ ਤਿੰਨਾਂ ਕਾਨੂੰਨਾਂ ਨੂੰ ਰੱਦ ਕਰਨ ਦੀ ਅਪੀਲ ਕੀਤੀ ਹੈ। ਉਨ੍ਹਾਂ ਆਖਿਆ ਕਿ ਸਿਰਫ਼ ਐਮ.ਐਸ.ਪੀ. ਕਿਸਾਨਾਂ ਦਾ ਮੁੱਦਾ ਨਹੀਂ ਹੈ। ਖੇਤੀਬਾੜੀ ਸਟੇਟ ਸਬਜੈਕਟ ਹੈ ਅਤੇ ਕੇਂਦਰ ਸਰਕਾਰ ਨੇ ਆਪਣੇ ਅਧਿਕਾਰ ਖੇਤਰ ਤੋਂ ਬਾਹਰ ਜਾ ਕੇ ਇਹ ਕਾਨੂੰਨ ਪਾਸ ਕੀਤੇ ਹਨ।
ਭਾਰਤੀ ਕਿਸਾਨ ਯੂਨੀਅਨ ਦੇ ਪ੍ਰਧਾਨ ਬਲਬੀਰ ਸਿੰਘ ਰਾਜੇਵਾਲ ਨੇ ਕਿਹਾ ਕਿ ਅੱਜ ਸਮਾਂ ਵੱਖ-ਵੱਖ ਲੜਨ ਦਾ ਨਹੀਂ ਹੈ, ਸਗੋਂ ਸਮੂਹ ਪੰਜਾਬੀਆਂ ਦੀ ਗੱਲ ਹੈ, ਇਸ ਲਈ ਸਾਨੂੰ ਇਕੱਠੇ ਮਿਲ ਕੇ ਲੜਨਾ ਚਾਹੀਦਾ ਹੈ। ਸਰਕਾਰ ਨੇ ਤਿੰਨ ਕਾਨੂੰਨ ਅਜਿਹੇ ਲਿਆਂਦੇ ਹਨ, ਜਿਨ੍ਹਾਂ ਕਰ ਕੇ ਅਸੀਂ ਰੇਲਵੇ ਟਰੈਕਾਂ ਤੇ ਬੈਠੇ ਰਹੇ। ਸਰਕਾਰ ਨੇ ਸਾਡੀ ਗੱਲ ਨਹੀਂ ਸੁਣੀ। ਅੱਜ ਕਿਸਾਨ ਦਿੱਲੀ ਦੀਆਂ ਬਰੂਹਾਂ ਤੇ ਆ ਪੁੱਜਾ ਹੈ। ਇਸ ਕਿਸਾਨੀ ਘੋਲ ਵਿੱਚ ਲੱਖਾਂ ਕਿਸਾਨ ਜੁੜ ਚੁੱਕੇ ਹਨ, ਜਿਸ ਵਿੱਚ ਹਰਿਆਣਾ, ਉੱਤਰ ਪ੍ਰਦੇਸ਼, ਮੱਧ ਪ੍ਰਦੇਸ਼ ਅਤੇ ਹੌਲੀ-ਹੌਲੀ ਪੂਰਾ ਦੇਸ਼ ਇਸ ਅੰਦੋਲਨ ਨਾਲ ਜੁੜ ਵਿਆ। ਲੋਕ ਸਮਝ ਗਏ ਹਨ ਕਿ ਮੋਦੀ ਸਰਕਾਰ ਕਾਨੂੰਨਾਂ ਰਾਹੀ ਕਾਰਪੋਰੇਟਾਂ ਨੂੰ ਸਭ ਕੁਝ ਸੰਭਾਲ ਦੇਣਾ ਚਾਹੁੰਦੀ ਹੈ। ਪਬਲਿਕ ਸੈਕਟਰ ਅੰਬਾਨੀਆਂ-ਅੰਡਾਨੀਆਂ ਕੋਲ ਜਾ ਰਹੇ ਹਨ। ਹੁਣ ਖੇਤੀ ਸੈਕਟਰ ਵਿੱਚ ਜ਼ੋਰ ਅਜ਼ਮਾਇਸ਼ ਕਰ ਕੇ ਇਸ ਤੇ ਕਬਜ਼ਾ ਕੀਤਾ ਜਾ ਰਿਹਾ ਹੈ। ਇਸ ਲਈ ਮੋਦੀ ਸਰਕਾਰ ਨੇ ਤਿੰਨ ਕਾਨੂੰਨ ਲਿਆਂਦੇ ਹਨ। ਅਸੀਂ ਇਸ ਦਾ ਵਿਰੋਧ ਕਰਦੇ ਹਾਂ। ਸਰਕਾਰ ਸਾਨੂੰ ਕਹਿ ਰਹੀ ਹੈ ਕਿ ਕਾਨੂੰਨ ਵਿੱਚ ਸੋਧਾਂ ਕਰਵਾ ਲਓ, ਰੱਦ ਨਹੀਂ ਹੋਣਗੇ। ਬਲਬੀਰ ਸਿੰਘ ਨੇ ਕਿਹਾ ਕਿ ਅਸੀਂ ਵਪਾਰ ਕਰਨ ਨਹੀਂ ਜਾਂਦੇ, ਫ਼ਸਲ ਵੇਚਣ ਜਾਂਦੇ ਹਾਂ। ਇਹ ਜੋ ਕਾਨੂੰਨ ਬਣੇ ਹਨ, ਉਹ ਗੈਰ-ਸੰਵਿਧਾਨਕ ਹਨ। ਕਿਸਾਨ ਆਗੂਆਂ ਨੇ ਕਿਹਾ ਕਿ ਟਿਕਰੀ, ਸਿੰਘੂ, ਗਾਜ਼ੀਪੁਰ, ਪਲਵਲ, ਸ਼ਾਹਜਹਾਂਪੁਰ ਇੱਥੇ ਰੋਡ ਤੇ ਧਰਨਾ ਪ੍ਰਦਰਸ਼ਨ ਕੀਤੇ ਜਾ ਰਹੇ ਹਨ।