ਕਿਸਾਨ ਦੀ ਲਾਸ਼ ਨੂੰ ਤਿਰੰਗੇ ਵਿੱਚ ਲਪੇਟ ਸ਼ਵ ਯਾਤਰਾ ਕੱਢਣ ਤੇ ਪਰਿਵਾਰ ਵਾਲਿਆਂ ਵਿਰੁੱਧ ਮਾਮਲਾ ਦਰਜ

ਪੀਲੀਭੀਤ, 5 ਫਰਵਰੀ (ਸ.ਬ.) ਉੱਤਰ ਪ੍ਰਦੇਸ਼ ਦੇ ਪੀਲੀਭੀਤ ਜ਼ਿਲ੍ਹੇ ਵਿੱਚ ਰਾਸ਼ਟਰੀ ਝੰਡੇ ਦੇ ਅਪਮਾਨ ਦਾ ਮਾਮਲਾ ਸਾਹਮਣੇ ਆਇਆ ਹੈ, ਜਿੱਥੇ ਇਕ ਕਿਸਾਨ ਦੀ ਲਾਸ਼ ਤੇ ਤਿਰੰਗਾ ਰੱਖ ਕੇ ਸ਼ਵ ਯਾਤਰਾ ਕੱਢੀ ਗਈ। ਇਸ ਸੰਬੰਧ ਵਿੱਚ ਪੁਲੀਸ ਨੇ ਕਿਸਾਨ ਦੀ ਮਾਂ ਅਤੇ ਭਰਾ ਵਿਰੁੱਧ ਰਾਸ਼ਟਰੀ ਮਾਣ ਅਪਮਾਨ ਰੋਕੂ ਐਕਟ 1971 ਦੇ ਅਧੀਨ ਮਾਮਲਾ ਦਰਜ ਕੀਤਾ ਹੈ। ਖੇਤੀ ਕਾਨੂੰਨਾਂ ਵਿਰੁੱਧ ਗਾਜ਼ੀਪੁਰ ਬਾਰਡਰ ਤੇ ਚੱਲ ਰਹੇ ਅੰਦੋਲਨ ਵਿੱਚ ਸ਼ਾਮਲ ਹੋਣ ਇੱਥੋਂ ਇਕ ਨੌਜਵਾਨ ਗਿਆ ਸੀ, ਜਿਸ ਦੀ ਸੜਕ ਹਾਦਸੇ ਵਿੱਚ ਮੌਤ ਹੋ ਗਈ ਸੀ। ਬੀਤੇ ਦਿਨ ਮ੍ਰਿਤਕ ਦੇ ਪਰਿਵਾਰ ਵਾਲਿਆਂ ਨੇ ਉਸ ਦਾ ਅੰਤਿਮ ਸੰਸਕਾਰ ਇਕ ਸ਼ਹੀਦ ਦੀ ਤਰ੍ਹਾਂ ਕੀਤਾ। ਪੁਲੀਸ ਸੁਪਰਡੈਂਟ ਜੈ ਪ੍ਰਕਾਸ਼ ਯਾਦਵ ਨੇ ਅੱਜ ਦੱਸਿਆ ਕਿ ਸੇਹਰਾਮਊ ਥਾਣੇ ਅਧੀਨ ਬਾਰੀ ਬੁਝੀਆ ਪਿੰਡ ਦਾ ਵਾਸੀ ਬਲਜਿੰਦਰ (30) ਆਪਣੇ ਦੋਸਤਾਂ ਨਾਲ 23 ਜਨਵਰੀ ਨੂੰ ਗਾਜ਼ੀਪੁਰ ਬਾਰਡਰ ਤੇ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਧਰਨਾ ਪ੍ਰਦਰਸ਼ਨ ਵਿੱਚ ਸ਼ਾਮਲ ਹੋਣ ਗਿਆ ਸੀ।

ਉਕਤ ਨੌਜਵਾਨ 24 ਜਨਵਰੀ ਨੂੰ ਲਾਪਤਾ ਹੋ ਗਿਆ ਸੀ। ਯਾਦਵ ਨੇ ਕਿਹਾ ਕਿ 25 ਜਨਵਰੀ ਨੂੰ ਸੜਕ ਹਾਦਸੇ ਵਿੱਚ ਬਲਜਿੰਦਰ ਦੀ ਮੌਤ ਹੋ ਗਈ ਅਤੇ ਇਸ ਸੰਬੰਧ ਵਿੱਚ ਮਾਮਲਾ ਦਰਜ ਹੈ। ਉਨ੍ਹਾਂ ਕਿਹਾ ਕਿ ਗਾਜ਼ੀਪੁਰ ਪੁਲੀਸ ਨੇ ਲਾਸ਼ ਨੂੰ ਮੁਰਦਾਘਰ ਰੱਖਵਾ ਦਿੱਤਾ। ਇਸ ਦੀ ਸੂਚਨਾ ਮ੍ਰਿਤਕ ਦੇ ਪਰਿਵਾਰ ਨੂੰ 2 ਫਰਵਰੀ ਨੂੰ ਮਿਲੀ। ਅਧਿਕਾਰੀ ਨੇ ਕਿਹਾ ਕਿ ਬੀਤੇ ਦਿਨੀਂ ਪਰਿਵਾਰ ਵਾਲੇ, ਲਾਸ਼ ਨੂੰ ਲੈ ਕੇ ਪੀਲੀਭੀਤ ਆਪਣੇ ਪਿੰਡ ਪਹੁੰਚੇ। ਪੁਲੀਸ ਸੁਪਰਡੈਂਟ ਅਨੁਸਾਰ ਪਰਿਵਾਰ ਵਾਲੇ ਲਾਸ਼ ਨੂੰ ਤਿਰੰਗੇ ਵਿੱਚ ਲਪੇਟ ਕੇ ਅੰਤਿਮ ਸੰਸਕਾਰ ਲਈ ਲੈ ਗਏ। ਤਿਰੰਗੇ ਵਿੱਚ ਲਪੇਟ ਕੇ ਸ਼ਵ ਯਾਤਰਾ ਲਿਜਾਉਣ ਦਾ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਿਆ। ਵੀਡੀਓ ਦੇ ਆਧਾਰ ਤੇ ਸੇਰਾਮਊ ਪੁਲੀਸ ਨੇ ਮ੍ਰਿਤਕ ਦੇ ਭਰਾ ਗੁਰਵਿੰਦਰ ਸਿੰਘ ਅਤੇ ਮਾਂ ਜਸਵੀਰ ਕੌਰ ਸਮੇਤ ਇਕ ਅਣਪਛਾਤੇ ਵਿਅਕਤੀ ਵਿਰੁੱਧ ਮਾਮਲਾ ਦਰਜ ਕੀਤਾ ਹੈ।

Leave a Reply

Your email address will not be published. Required fields are marked *