ਕਿਸਾਨ ਬਚਾਓ ਦੇਸ਼ ਭਾਰਤ ਬਚਾਓ ਜਨ ਆੰਦੋਲਨ ਦੀ ਸ਼ੁਰੂਆਤ ਕੀਤੀ

ਜੀਰਕਪੁਰ, 9 ਜੂਨ (ਪਵਨ ਰਾਵਤ) ਕਾਂਗਰਸ ਪਾਰਟੀ ਦੇ ਸੀਨੀਅਰ ਆਗੂ ਸ੍ਰ. ਦਪਿੰਦਰਦੀਪ ਸਿੰਘ ਢਿੱਲੋਂ ਦੀ ਅਗਵਾਈ ਹੇਠ ਭਾਰਤ ਬਚਾਓ ਜਨ ਅੰਦੋਲਨ ਦੀ ਸ਼ੁਰੂਆਤ ਕੀਤੀ ਗਈ ਜਿਸ ਦੌਰਾਨ ਜ਼ੀਰਕਪੁਰ ਏਅਰਪੋਰਟ ਚੌਕ ਤੋਂ ਰੈਲੀ ਕੱਢੀ ਗਈ ਅਤੇ ਕੇਂਦਰ ਸਰਕਾਰ ਵਲੋਂ ਪੈਟਰੋਲ ਤੇ ਡੀਜ਼ਲ ਦੀਆਂ ਕੀਮਤਾਂ ਵਿੱਚ ਕੀਤੇ ਜਾਂਦੇ ਵਾਧੇ ਦੇ ਵਿਰੁੱਧ ਅਤੇ ਕਿਸਾਨਾਂ ਦੀਆਂ ਮੰਗਾਂ ਦੇ ਹੱਕ ਵਿੱਚ ਟਰੈਕਟਰ ਰੈਲੀ ਦਾ ਆਯੋਜਨ ਕੀਤਾ ਗਿਆ| ਇਸ ਮੌਕੇ ਪੰਜਾਬ ਕਾਂਗਰਸ ਦੇ ਪ੍ਰਧਾਨ ਸ੍ਰੀ ਸੁਨੀਲ ਜਾਖੜ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ|
ਇਸ ਮੌਕੇ ਸ੍ਰ. ਜਾਖੜ ਨੇ ਕਿਹਾ ਕਿ ਭਾਜਪਾ ਦੇ ਆਗੂ ਲੋਕਾਂ ਨੂੰ ਵੱਡੇ ਵੱਡੇ ਸੁਫਨੇ ਵਿਖਾਉਣ ਵਿੱਚ ਤਾਂ ਮਾਹਿਰ ਹਨ ਪਰੰਤੂ ਮੋਦੀ ਸਰਕਾਰ ਵਲੋਂ ਆਮ ਲੋਕਾਂ ਨੂੰ ਕੋਈ ਰਾਹਤ ਦੇਣ ਦੀ ਥਾਂ ਲੋਕਾਂ ਤੇ ਲਗਾਤਾਰ ਬੋਝ ਪਾਇਆ ਜਾਂਦਾ ਹੈ| ਕੇਂਦਰ ਸਰਕਾਰ ਵਲੋਂ ਲਗਾਏ ਜਾਂਦੇ ਭਾਰੀ ਟੈਕਸਾਂ ਕਾਰਨ ਲੋਕਾਂ ਨੂੰ ਪੈਟਰੋਲ ਅਤੇ ਡੀਜਲ ਦੀ ਭਾਰੀ ਕੀਮਤ ਅਦਾ ਕਰਨੀ ਪੈ ਰਹੀ ਹੈ ਅਤੇ ਕੇਂਦਰ ਸਰਕਾਰ ਵਲੋਂ ਹਰ ਸਾਲ ਇਹਨਾਂ ਟੈਕਸਾਂ ਦੇ ਰੂਪ ਵਿੱਚ ਲੋਕਾਂ ਤੋਂ ਚਾਰ ਲੱਖ ਕਰੋੜ ਰੁਪਏ ਦੀ ਰਕਮ ਜਬਰੀ ਵਸੂਲੀ ਜਾ ਰਹੀ ਹੈ|
ਇਸ ਮੌਕੇ ਬੋਲਦਿਆਂ ਸ੍ਰ. ਦਪਿੰਦਰਦੀਪ ਸਿੰਘ ਢਿੱਲੋਂ ਨੇ ਕਿਹਾ ਕਿ ਕਿਸਾਨਾਂ ਦੀ ਬਦਹਾਲੀ ਸਿਰਫ ਪੰਜਾਬ ਹੀ ਨਹੀਂ ਬਲਕਿ ਪੂਰੇ ਦੇਸ਼ ਵਾਸਤੇ ਇੱਕ ਵੱਡਾ ਮਸਲਾ ਹੈ| ਉਹਨਾਂ ਕਿਹਾ ਕਿ ਪਿਛਲੇ ਚਾਰ ਸਾਲਾਂ ਦੇ ਮੋਦੀ ਸਰਕਾਰ ਦੇ ਕਾਰਜਕਾਲ ਦੌਰਾਨ ਦੇਸ਼ ਭਰ ਵਿੱਚ ਕਿਸਾਨਾਂ ਦੀ ਬਹੁਤ ਦੁਰਦਸ਼ਾ ਹੋਈ ਹੈ ਅਤੇ ਕਿਸਾਨ ਖੁਦਕੁਸ਼ੀਆਂ ਦੇ ਰਾਹ ਪੈ ਗਏ ਹਨ ਪਰੰਤੂ ਮੋਦੀ ਸਰਕਾਰ ਕਿਸਾਨਾਂ ਦੀ ਸਾਰ ਨਹੀਂ ਲੈ ਰਹੀ| ਉਹਨਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਸੂਬੇ ਦੇ ਕਿਸਾਨਾਂ ਦੇ ਕਰਜ਼ੇ ਮੁਆਫ ਕਰਕੇ ਮਿਸਾਲ ਕਾਇਮ ਕੀਤੀ ਹੈ| ਉਹਨਾਂ ਕਿਹਾ ਕਿ ਅੱਜ ਡੇਰਾਬਸੀ ਹਲਕੇ ਤੋਂ ਕਿਸਾਨ ਬਚਾਓ ਦੇਸ਼ ਬਚਾਓ ਮੁਹਿੰਮ ਸ਼ੁਰੂ ਕੀਤੀ ਹੈ ਅਤੇ ਕਾਂਗਰਸ ਪਾਰਟੀ ਕਿਸਾਨਾਂ ਨੂੰ ਉਹਨਾਂ ਦਾ ਬਣਦਾ ਹੱਕ ਦਿਵਾਉਣ ਲਈ ਸੰਘਰਸ਼ ਕਰੇਗੀ|

Leave a Reply

Your email address will not be published. Required fields are marked *