ਕਿਸਾਨ ਸੰਘਰਸ਼ ਦੌਰਾਨ ਗੋਦੀ ਮੀਡੀਆ ਵਲੋਂ ਨਿਭਾਏ ਰੋਲ ਦੇ ਖਿਲਾਫ ਖੁੱਲ ਕੇ ਸਾਮ੍ਹਣੇ ਆਈ ਹਰਿਆਣਾ ਦੀ ਸਿੱਖ ਸੰਗਤ
ਚੰਡੀਗੜ੍ਹ, 10 ਫਰਵਰੀ (ਸ.ਬ.) ਕਿਸਾਨ ਸੰਘਰਸ਼ ਦੇ ਦੌਰਾਨ ਗੋਦੀ ਮੀਡੀਆ ਵਲੋਂ ਨਿਭਾਏ ਗੲ ਰੋਲ ਤੇ ਹੁਣ ਜੱਥੇਬੰਦੀਆਂ ਵਲੋਂ ਸਿੱਧਾ ਵਿਰੋਧ ਸ਼ੁਰੂ ਕਰ ਦਿੱਤਾ ਗਿਆ ਹੈ। ਇਸ ਸੰਬੰਧੀ ਹਰਿਆਣਾਂ ਦੀ ਸਮੂਹ ਸਿੱਖ ਸੰਗਤ ਵੱਲੋਂ ਇੱਕ ਪੱਤਰਕਾਰ ਸੰਮੇਲਨ ਦੌਰਾਨ ਕਿਹਾ ਕਿ ਕਿਸਾਨ ਅੰਦੋਲਨ ਦੇ ਚਲਦੇ ਗੋਦੀ ਮੀਡੀਆ ਨੇ ਜੋ ਰੋਲ ਅਦਾ ਕੀਤਾ ਗਿਆ ਹੈ ਉਹ ਬਹੁਤ ਸ਼ਰਮਸਾਰ ਕਰਨ ਵਾਲਾ ਅਤੇ ਦੇਸ਼ ਦੇ ਸਮਾਜਿਕ ਤਾਣੇ-ਬਾਣੇ ਨੂੰ ਵਿਗਾੜਨ ਵਾਲਾ ਹੈ।
ਇਸ ਮੌਕੇ ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਸੂਬਾ ਜਰਨਲ ਸਕੱਤਰ ਐਡਵੋਕੇਟ ਅੰਗਰੇਜ਼ ਸਿੰਘ ਪੰਨੂ ਨੇ ਕਿਹਾ ਕਿ ਗੋਦੀ ਮੀਡੀਆ ਵਲੋਂ ਸੋਚੀ ਸਮਝੀ ਸਾਜਿਸ਼ ਦੇ ਤਹਿਤ ਪੰਜਾਬ ਦੇ ਕਿਸਾਨਾਂ ਨੂੰ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਅਤੇ ਕਿਸਾਨ ਅੰਦੋਲਨ ਨੂੰ ਲੈ ਕੇ ਗੋਦੀ ਮੀਡੀਆ ਵਲੋਂ ਅਦਾ ਕੀਤੇ ਗਏ ਰੋਲ ਤੋਂ ਲੱਗਦਾ ਹੈ ਕਿ ਇਹਨਾਂ ਨਿਊਜ ਚੈਨਲਾਂ ਵਲੋਂ ਇਸ ਤਰ੍ਹਾਂ ਦੇ ਪ੍ਰੋਗਰਾਮ ਜਾਣ ਬੁੱਝ ਕੇ ਇੱਕ ਵਿਸ਼ੇਸ਼ ਤਬਕੇ ਨੂੰ ਖੁਸ਼ ਕਰਨ ਅਤੇ ਸ਼ਰਾਰਤ ਕਰਕੇ ਸਿੱਖ ਭਾਈਚਾਰੇ ਨੂੰ ਬਦਨਾਮ ਕਰਨ ਲਈ ਬਣਾਏ ਜਾ ਰਹੇ ਹਨ।
ਉਹਨਾਂ ਕਿਹਾ ਕਿ ਗੋਦੀ ਮੀਡੀਆ ਆਮ ਲੋਕਾਂ ਦੀ ਮਾਨਸਿਕਤਾ ਵਿਚ ਇਕ ਵਿਸ਼ੇਸ਼ ਵਰਗ ਦੇ ਖਿਲਾਫ ਇਸਤੇਮਾਲ ਕਰਕੇ ਭਾਰਤ ਦੇ ਆਪਸੀ ਭਾਈਚਾਰੇ ਨੂੰ ਖਰਾਬ ਕਰਦੇ ਹੋਏ ਨਫਰਤ ਫੈਲਾਉਣ ਦਾ ਕੰਮ ਕਰ ਰਿਹਾ ਹੈ ਜੋ ਕਿ ਇਕ ਅਪਰਾਧ ਦੀ ਤਰ੍ਹਾਂ ਹੈ।
ਇਸ ਮੌਕੇ ਪੰਜਾਬ ਅਤੇ ਹਰਿਆਣਾ ਦੇ ਨਾਮਵਰ ਕਲਾਕਾਰਾਂ, ਗਾਇਕਾਂ, ਕਮੇਡੀਅਨਾਂ ਅਤੇ ਹੋਰਨਾਂ ਲੋਕਾਂ ਜੋ ਇਸ ਗੋਦੀ ਮੀਡੀਆ ਨੂੰ ਵਿਗਿਆਪਨ ਦਿੰਦੇ ਹਨ ਨੂੰ ਅਪੀਲ ਕੀਤੀ ਗਈ ਕਿ ਗੋਦੀ ਮੀਡੀਆ ਨਾਲ ਕਿਸੇ ਵੀ ਤਰ੍ਹਾਂ ਦੀ ਕੋਈ ਸਾਂਝ ਨਾ ਰੱਖੀ ਜਾਵੇ ਅਤੇ ਗੋਦੀ ਮੀਡੀਆ ਦੇ ਨੈਟਵਰਕ ਦਾ ਮੁਕੰਮਲ ਤੌਰ ਤੇ ਬਾਈਕਾਟ ਕੀਤਾ ਜਾਵੇ।
ਇਸ ਮੌਕੇ ਖਾਲਸਾ ਪੰਚਾਇਤ ਦੇ ਰਾਜਿੰਦਰ ਸਿੰਘ ਖਾਲਸਾ ਨੇ ਕਿਹਾ ਕਿ ਬਹੁਤ ਹੀ ਸ਼ਰਮ ਵਾਲੀ ਗੱਲ ਹੈ ਕੀ ਸਮਾਜ ਵਿੱਚ ਨਫਰਤ ਦਾ ਪਸਾਰ ਕਰ ਰਹੇ ਗੋਦੀ ਮੀਡੀਆ ਤੇ ਨਾ ਤਾਂ ਭਾਰਤ ਸਰਕਾਰ ਨੇ ਕੋਈ ਰੋਕ ਲਗਾਈ ਹੈ ਅਤੇ ਨਾ ਹੀ ਇਸ ਲਈ ਕੋਈ ਨੀਤੀ ਬਣਾਈ ਗਈ ਹੈ ਅਤੇ ਨਾ ਹੀ ਭਾਰਤ ਦੇ ਸੁਪਰੀਮ ਕੋਰਟ ਨੇ ਇਹਨਾਂ ਨਿਊਜ਼ ਚੈਨਲਾਂ ਦੇ ਖਿਲਾਫ ਕਿਸੇ ਵੀ ਤਰ੍ਹਾਂ ਦੀ ਕੋਈ ਕਾਰਵਾਈ ਕੀਤੀ।
ਇਸ ਮੌਕੇ ਸ਼੍ਰਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅੰਬਾਲਾ ਤੋਂ ਮੈਂਬਰ ਸz. ਹਰਪਾਲ ਸਿੰਘ ਨੇ ਹਰਿਆਣਾ ਪੁਲੀਸ ਵਲੋਂ ਨੌਦੀਪ ਕੌਰ ਨਾਲ ਕੀਤੇ ਸਲੂਕ ਦੀ ਨਿਖੇਧੀ ਕਰਦਿਆਂ ਮੰਗ ਕੀਤੀ ਕਿ ਨੌਦੀਪ ਕੌਰ ਦੇ ਕੇਸ ਦੀ ਪੜਤਾਲ ਕਿਸੇ ਰਿਟਾਇਰਡ ਜੱਜ ਤੋਂ ਕਰਵਾਈ ਜਾਵੇ ਤਾਂ ਜੋ ਸੱਚਾਈ ਸਭ ਦੇ ਸਾਹਮਣੇ ਆ ਸਕੇ। ਉਹਨਾਂ ਕਿਹਾ ਕਿ ਕਿਸਾਨ ਅੰਦੋਲਨ ਦੌਰਾਨ ਗਏ ਵੱਡੀ ਗਿਣਤੀ ਵਿਚ ਨੌਜਵਾਨਾਂ ਉੱਤੇ ਮੁਕੱਦਮੇ ਦਰਜ ਕੀਤੇ ਗਏ ਹਨ ਅਤੇ ਹੋਰ ਵੀ ਕੀਤੇ ਜਾ ਰਹੇ ਹਨ। ਕਈ ਨੌਜਵਾਨਾਂ ਦੇ ਯੂ.ਏ.ਪੀ.ਏ ਦੇ ਤਹਿਤ ਮੁਕੱਦਮੇ ਦਰਜ ਕੀਤੇ ਗਏ ਹਨ ਜੋ ਕਿ ਅਤਿ ਨਿੰਦਣਯੋਗ ਕਾਰਵਾਈ ਹੈ। ਉਨ੍ਹਾਂ ਭਾਰਤ ਸਰਕਾਰ ਤੋਂ ਮੰਗ ਕੀਤੀ ਕਿ ਇਹਨਾਂ ਨੌਜਵਾਨਾਂ ਤੇ ਦਰਜ ਮੁਕੱਦਮੇ ਵਾਪਸ ਲਏ ਜਾਣ, ਤਿੰਨੋ ਕਾਲੇ ਕਾਨੂੰਨ ਵਾਪਸ ਲਏ ਜਾਣ ਅਤੇ ਕਿਸਾਨਾਂ ਦੇ ਹੱਕ ਵਿੱਚ ਘੱਟੋਂ ਘੱਟ ਸਮਰਥਨ ਮੁੱਲ਼ (ਐਮ.ਐਸ.ਪੀ) ਦੀ ਗਰੰਟੀ ਦਾ ਕਾਨੂੰਨ ਬਣਾਇਆ ਜਾਵੇ।
ਇਸ ਮੌਕੇ ਡਾਕਟਰ ਖੁਸ਼ਹਾਲ ਸਿੰਘ ਜਨਰਲ ਸਕੱਤਰ ਕੇਂਦਰੀ ਸ੍ਰੀ ਗੁਰੂ ਸਿੰਘ ਸਭਾ ਚੰਡੀਗੜ੍ਹ, ਸਿੱਖ ਬੁੱਧੀਜੀਵੀ ਡਾਕਟਰ ਭਗਵਾਨ ਸਿੰਘ, ਸੀਨੀਅਰ ਪੱਤਰਕਾਰ ਜਸਪਾਲ ਸਿੰਘ ਸਿੱਧੂ, ਸz. ਗੁਰਨਾਮ ਸਿੰਘ, ਸz. ਸੁਖਵਿੰਦਰ ਸਿੰਘ ਯਮੁਨਾਨਗਰ, ਹਰਿਆਣਾ ਕਮੇਟੀ ਦੇ ਕੁਰਸ਼ੇਤਰ ਤੋਂ ਮੈਂਬਰ ਸz. ਆਪਾਰ ਸਿੰਘ ਸਤਿਕਾਰ ਸਭਾ ਹਰਿਆਣਾ ਤੋਂ ਬਾਬਾ ਬਲਵਿੰਦਰ ਸਿੰਘ ਅਤੇ ਹੋਰ ਬੁੱਧੀਜੀਵੀ ਮੌਜੂਦ ਸਨ।