ਕਿਸਾਨ ਸੰਘਰਸ਼ ਕਾਰਨ ਦੱਬ ਕੇ ਰਹਿ ਗਏ ਹਨ ਆਮ ਲੋਕਾਂ ਦੇ ਮੁੱਦੇ


ਐਸ ਏ ਐਸ ਨਗਰ, 9 ਅਕਤੂਬਰ (ਜਗਮੋਹਨ ਸਿੰਘ) ਤਿੰਨ ਖੇਤੀ ਬਿਲਾਂ ਖਿਲਾਫ ਪੰਜਾਬ ਦੀਆਂ ਕਿਸਾਨ               ਜਥੇਬੰਦੀਆਂ ਦੀ ਅਗਵਾਈ ਵਿਚ ਕਿਸਾਨਾਂ ਵਲੋਂ ਕੀਤਾ ਜਾ ਰਿਹਾ ਸੰਘਰਸ਼ ਪੰਜਾਬ ਦੀ ਸੱਤਾਧਾਰੀ ਕਾਂਗਰਸ ਸਰਕਾਰ ਨੂੰ ਕਾਫੀ ਰਾਸ ਆ ਰਿਹਾ ਹੈ, ਕਿਉਂਕਿ ਇਸ ਕਿਸਾਨ ਸੰਘਰਸ਼ ਕਾਰਨ ਆਮ ਲੋਕਾਂ ਦੇ ਮੁੱਦੇ ਦਬ ਕੇ ਰਹਿ ਗਏ ਹਨ ਅਤੇ ਸਰਕਾਰ ਆਪਣੇ ਆਪ ਨੂੰ ਕਾਫੀ ਰਾਹਤ ਵਿੱਚ ਮਹਿਸੂਸ ਕਰ ਰਹੀ ਹੈ| 
ਪਿਛਲੇ ਸਾਢੇ ਤਿੰਨ ਸਾਲਾਂ ਤੋਂ ਪੰਜਾਬ ਦੀ ਸੱਤਾ ਦਾ ਸੁਖ ਮਾਣ ਰਹੀ ਕੈਪਟਨ ਅਮਰਿੰਦਰ ਿਸੰਘ ਦੀ ਅਗਵਾਈ ਵਾਲੀ ਕਾਂਗਰਸ ਸਰਕਾਰ ਉਪਰ ਵਿਰੋਧੀਆਂ ਵਲੋਂ ਇਹ ਇਲਜਾਮ ਲਗਾਇਆ ਜਾਂਦਾ ਹੈ ਕਿ ਕਾਂਗਰਸ ਨੇ ਸਰਕਾਰ ਬਣਨ ਤੋਂ ਬਾਅਦ ਲੋਕਾਂ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ| ਵਿਰੋਧੀ ਆਗੂਆਂ ਦਾ ਕਹਿਣਾ ਹੈ ਕਿ ਕਾਂਗਰਸ ਸਰਕਾਰ ਨੇ ਘਰ ਘਰ ਨੌਕਰੀ ਤਾਂ ਕੀ       ਦੇਣੀ ਸੀ ਬਲਕਿ ਨੌਕਰੀ ਕਰ ਰਹੇ ਮੁਲਾਜਮਾਂ ਉਪਰ ਹੀ ਛਾਂਟੀ ਦੀ ਤਲਵਾਰ ਲਟਕ ਗਈ ਹੈ| ਦੂਜੇ ਪਾਸੇ ਸਰਕਾਰ ਮੁਲਾਜਮਾਂ ਅਤੇ ਪੈਨਸ਼ਨਰਾਂ ਨੂੰ ਮਹਿੰਗਾਈ ਭੱਤੇ ਅਤੇ ਹੋਰ ਬਕਾਏ ਦੇਣ ਤੋਂ ਟਾਲਾ ਵੱਟੀ ਬੈਠੀ ਹੈ ਪਰੰਤੂ ਵਿਰੋਧੀਆਂ ਦੀ ਇਹ ਆਵਾਜ ਕਿਸਾਨ ਸੰਘਰਸ਼ ਦੇ ਰੌਲੇਗੌਲੇ ਵਿੱਚ ਹੀ ਗਵਾਚ ਕੇ ਰਹਿ ਗਈ ਹੈ ਅਤੇ ਖੇਤੀ ਬਿਲਾਂ ਖਿਲਾਫ ਚਲ ਰਿਹਾ ਇਹ ਸੰਘਰਸ਼ ਪੰਜਾਬ ਸਰਕਾਰ ਨੂੰ ਕਾਫੀ ਰਾਸ ਆ ਰਿਹਾ ਹੈ| 
ਹਾਲਾਤ ਇਹ ਹਨ ਕਿ ਵਪਾਰੀ ਹੋਣ ਜਾਂ ਆਮ ਲੋਕ, ਮੁਲਾਜਮ ਹੋਣ ਜਾਂ ਪੈਂਸ਼ਨਰ, ਸਾਰੇ ਹੀ ਵਰਗਾ ਦਾ ਧਿਆਨ ਕਿਸਾਨ ਸੰਘਰਸ਼ ਵਿੱਚ ਹੀ ਲੱਗਿਆ ਹੋਇਆ ਹੈ ਅਤੇ ਇਸਦੇ ਅੱਗੇ ਬਾਕੀ ਸਾਰੇ ਮੁੱਦੇ ਹੀਣੇ ਹੋ ਗਏ ਹਨ| ਇਹੀ ਕਾਰਨ ਹੈ ਕਿ ਪਿਛਲੇ ਲਗਭਗ ਇੱਕ ਮਹੀਨੇ ਤੋਂ ਚਲ ਰਹੇ ਕਿਸਾਨ ਸੰਘਰਸ਼ ਦੌਰਾਨ ਜਿਆਦਾਤਰ ਵਿਰੋਧੀ ਆਗੂ ਵੀ ਕਿਸਾਨ ਮੁੱਦਿਆਂ ਬਾਰੇ ਹੀ ਚਰਚਾ ਕਰਦੇ ਦਿਖਦੇ ਹਨ| 
ਕਿਸਾਨ ਸੰਘਰਸ਼ ਦੇ ਬਾਕੀ ਮੁੱਦਿਆਂ ਤੇ ਹਾਵੀ ਹੋ ਜਾਣ ਕਾਰਨ ਵਿਰੋਧੀ ਪਾਰਟੀਆਂ ਵੀ ਹੁਣ ਸਰਕਾਰ ਦੀ ਹੋਰਨਾਂ ਨੀਤੀਆਂ ਦੇ ਵਿਰੋਧ ਤੇ ਜੋਰ ਨਹੀਂ ਦੇ ਰਹੀਆਂ| ਪੰਜਾਬ ਵਿੱਚ ਮਹਿੰਗਾਈ ਅਤੇ ਬੇਰੁਜਗਾਰੀ ਸਾਰੀਆਂ ਹੱਦਾਂ ਪਾਰ ਕਰ ਗਈਆਂ ਹਨ ਪਰ ਕਿਸਾਨ ਸੰਘਰਸ਼ ਕਾਰਨ ਮਹਿੰਗਾਈ ਅਤੇ ਬੇਰੁਜਗਾਰੀ ਦੇ ਮੁੱਦੇ ਵੀ ਦੱਬ ਕੇ ਰਹਿ ਗਏ ਹਨ ਜਿਸ ਕਾਰਨ ਹੁਣ ਸਰਕਾਰ ਉਪਰ ਕਿਸੇ ਪਾਸੇ ਤੋਂ ਵੀ ਮਹਿੰਗਾਈ ਕਾਬੂ ਕਰਨ ਅਤੇ                          ਬੇਰੁਜਗਾਰੀ ਦੂਰ ਕਰਨ ਲਈ ਕੋਈ ਦਬਾਓ ਨਹੀਂ ਪੈ ਰਿਹਾ| ਇਸ ਤੋਂ ਇਲਾਵਾ ਜਨਤਕ ਸੇਵਾਵਾਂ ਅਤੇ ਬੁਨਿਆਦੀ ਸਹੂਲਤਾਂ ਦੀ ਘਾਟ ਦੇ ਮੁੱਦੇ ਵੀ ਕਿਸਾਨ ਸੰਘਰਸ਼ ਹੇਠਾਂ ਦਬ ਗਏ ਹਨ ਅਤੇ ਕਿਹਾ ਜਾ ਸਕਦਾ ਹੈ ਕਿ ਕਿਸਾਨ ਸੰਘਰਸ਼ ਹੇਠਾਂ ਆਮ ਲੋਕਾਂ ਦੇ ਆਮ ਮੁੱਦੇ ਦਬ ਕੇ ਰਹਿ ਜਾਣ ਕਾਰਨ ਪੰਜਾਬ ਸਰਕਾਰ ਕਾਫੀ ਰਾਹਤ ਮਹਿਸੂਸ ਕਰ ਰਹੀ ਹੈ|

Leave a Reply

Your email address will not be published. Required fields are marked *