ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਮ੍ਰਿਤਕ ਅੰਦੋਲਨਕਾਰੀ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ ਆਮ ਆਦਮੀ ਪਾਰਟੀ ਨੇ ਇਕੱਠੇ ਕੀਤੇ 9 ਲੱਖ ਰੁਪਏ
ਚੰਡੀਗੜ੍ਹ, 2 ਦਸੰਬਰ (ਸ.ਬ.) ਆਮ ਆਦਮੀ ਪਾਰਟੀ (ਆਪ) ਨੇ ਦਿਨੀਂ ਕਿਸਾਨ ਸੰਘਰਸ਼ ਦੌਰਾਨ ਮਾਰੇ ਗਏ ਟਰੈਕਟਰ ਮਕੈਨਿਕ ਦੇ ਪਰਿਵਾਰ ਦੀ ਮਦਦ ਲਈ 9 ਲੱਖ ਰੁਪਏ ਇਕੱਠੇ ਕੀਤੇ ਹਨ| ਆਮ ਆਦਮੀ ਪਾਰਟੀ (ਆਪ) ਪੰਜਾਬ ਦੇ ਮੁੱਖ ਦਫ਼ਤਰ ਤੋਂ ਜਾਰੀ ਇੱਕ ਬਿਆਨ ਰਾਹੀਂ ਆਮ ਆਦਮੀ ਪਾਰਟੀ ਦੇ ਵਿਰੋਧੀ ਧਿਰ ਦੀ ਉਪ ਨੇਤਾ ਬੀਬੀ ਸਰਬਜੀਤ ਕੌਰ ਮਾਣੂੰਕੇ ਅਤੇ ਯੂਥ ਵਿੰਗ ਦੀ ਸਹਿ-ਪ੍ਰਧਾਨ ਅਨਮੋਲ ਗਗਨ ਮਾਨ ਨੇ ਕਿਹਾ ਕਿ ਕੇਂਦਰ ਵੱਲੋਂ ਬਣਾਏ ਨਵੇਂ ਖੇਤੀ ਕਾਨੂੰਨਾਂ ਵਿਰੁੱਧ ਚੱਲ ਰਹੇ ਕਿਸਾਨ ਸੰਘਰਸ਼ ਦੌਰਾਨ ਸ਼ਨੀਵਾਰ ਦੀ ਰਾਤ ਨੂੰ ਬਹਾਦਰਗੜ੍ਹ-ਦਿੱਲੀ ਹੱਦ ਦੇ ਨੇੜੇ ਟਿਕਰੀ ਵਿਖੇ ਕਾਰ ਨੂੰ ਅੱਗ ਲੱਗਣ ਕਾਰਨ ਮਕੈਨਿਕ ਜਨਕ ਰਾਜ ਵਾਸੀ ਧਨੌਲਾ ਦੀ ਮੌਤ ਹੋ ਗਈ ਸੀ| ਉਹਨਾਂ ਕਿਹਾ ਕਿ ਜਨਕ ਰਾਜ ਸੰਘਰਸ਼ ਦੌਰਾਨ ਕਿਸਾਨਾਂ ਦੇ ਟਰੈਕਟਰਾਂ ਅਤੇ ਹੋਰ ਵਾਹਨਾਂ ਦੀ ਮੁਫ਼ਤ ਮੁਰੰਮਤ ਕਰਨ ਲਈ ਗਿਆ ਹੋਇਆ ਸੀ|
ਉਹਨਾਂ ਦੱਸਿਆ ਕਿ ਆਮ ਆਦਮੀ ਪਾਰਟੀ ਵਲੋਂ ਮ੍ਰਿਤਕ ਜਨਕ ਰਾਜ ਦੇ ਪਰਿਵਾਰ ਦੀ ਮਦਦ ਲਈ ਸੋਮਵਾਰ ਨੂੰ ਸੋਸ਼ਲ ਮੀਡੀਆ ਉਤੇ ਫੰਡ ਇਕੱਠਾ ਕਰਨ ਲਈ ਮੁਹਿੰਮ ਚਲਾਈ ਗਈ ਸੀ ਅਤੇ ਇਸ ਮੁਹਿੰਮ ਦੇ ਸ਼ੁਰੂ ਹੋਣ ਤੋਂ 72 ਘੰਟਿਆਂ ਅੰਦਰ ( ਬੁੱਧਵਾਰ ਦੁਪਹਿਰ ਤਕ) 9 ਲੱਖ ਰੁਪਏ ਇਕੱਠੇ ਹੋਏ ਹਨ|