ਕਿਸਾਨ ਹੁਣ ਕਣਕ ਦੀ ਕਟਾਈ ਤੋਂ ਬਾਅਦ ਰਹਿੰਦ ਖੂੰਹਦ ਨੂੰ ਅੱਗ ਨਹੀਂ ਲਗਾ ਸਕਣਗੇ ਅੱਗ : ਸਪਰਾ

ਐਸ ਏ ਐਸ ਨਗਰ, 3 ਅਪ੍ਰੈਲ (ਸ.ਬ.) ਨੈਸ਼ਨਲ ਗਰੀਨ ਟ੍ਰਿਬਿਊਨਲ ਦੇ ਦਿੱਤੇ ਹੁਕਮਾਂ ਅਨੁਸਾਰ ਹੁਣ ਜ਼ਿਲ੍ਹੇ ਦਾ ਕੋਈ ਵੀ ਕਿਸਾਨ ਕਣਕ ਦੀ ਕਟਾਈ ਤੋਂ ਬਾਅਦ ਰਹਿੰਦ ਖੁਹੰਦ (ਨਾੜ) ਨੂੰ ਅੱਗ ਨਹੀਂ ਲਗਾ ਸਕੇਗਾ| ਜੇਕਰ ਕੋਈ ਕਿਸਾਨ ਅਜਿਹਾ ਕਰੇਗਾ ਤਾਂ ਉਸ ਵਿਰੁੱਧ ਕਾਨੂੰਨੀ ਕਾਰਵਾਈ ਦੇ ਨਾਲ-ਨਾਲ ਉਸ ਤੋਂ ਜੁਰਮਾਨਾ ਵੀ ਵਸੂਲਿਆ ਜਾਵੇਗਾ| ਇਸ ਗੱਲ ਦੀ ਜਾਣਕਾਰੀ ਡਿਪਟੀ ਕਮਿਸ਼ਨਰ ਸ੍ਰੀਮਤੀ ਗੁਰਪ੍ਰੀਤ ਕੌਰ ਸਪਰਾ ਨੇ ਜ਼ਿਲ੍ਹੇ ਦੇ ਕਿਸਾਨਾਂ ਨੂੰ ਕਣਕ ਦੀ ਕਟਾਈ ਤੋਂ ਬਾਅਦ ਨਾੜ ਨੂੰ ਅੱਗ ਨਾ ਲਗਾਉਣ ਸਬੰਧੀ ਜਾਗਰੂਕ ਕਰਨ ਲਈ ਖੇਤੀਬਾੜੀ, ਪ੍ਰਦੂਸਿਣ ਕੰਟਰੋਲ ਬੋਰਡ, ਮਾਲ, ਪੁਲਿਸ ਵਿਭਾਗ ਅਤੇ ਬੀ.ਡੀ.ਪੀ.ਓਜ਼ ਤੇ ਕਾਰਜਸਾਧਕ ਅਫ਼ਸਰਾਂ ਦੀ ਸੱਦੀ ਮੀਟਿੰਗ ਦੀ ਪ੍ਰਧਾਨਗੀ ਕਰਦਿਆਂ ਦਿੱਤੀ|
ਸ੍ਰੀਮਤੀ ਸਪਰਾ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਲਗਾਉਣ ਤੋਂ ਰੋਕਣਾ ਵਾਤਾਵਰਣ ਨੂੰ ਅਤੇ ਕਿਸਾਨਾਂ ਦੀ ਜਮੀਨ ਦੀ ਉਪਜਾਊ ਸ਼ਕਤੀ ਨੂੰ ਬਚਾਉਣਾ ਹੈ | ਉਨ੍ਹਾਂ ਦੱਸਿਆ ਕਿ ਕਣਕ ਦੀ ਕਟਾਈ ਤੋਂ ਬਾਅਦ ਜੇਕਰ ਕੋਈ ਵੀ ਕਿਸਾਨ ਆਪਣੇ ਖੇਤ ਵਿੱਚ ਨਾੜ ਸਾੜਨ ਲਈ ਅੱਗ ਲਗਾਉਂਦਾ ਹੈ ਤਾਂ ਸੈਟੇਲਾਈਟ ਰਾਹੀਂ ਅਤੇ ਐਸ.ਐਮ.ਐਸ ਰਾਹੀਂ ਪ੍ਰਸਾਸ਼ਨ ਨੂੰ ਉਸ ਦੀ ਤੁਰੰਤ ਸੂਚਨਾ ਮਿਲੇਗੀ ਅਤੇ ਗਠਿਤ ਕੀਤੀਆਂ ਟੀਮਾਂ  ਤੁਰੰਤ ਖੇਤ ‘ਚ ਪਹੁੰਚ ਕੇ ਜਾਇਜਾ ਲੈਣਗੀਆਂ ਅਤੇ ਬਣਦੀ ਕਾਰਵਾਈ ਕੀਤੀ ਜਾਵੇਗੀ ਅਤੇ ਕਿਸਾਨ ਤੋਂ 15 ਹਜਾਰ ਰੁਪਏ ਤੱਕ ਦਾ ਜੁਰਮਾਨਾ ਵੀ ਵਸੂਲਿਆ ਜਾ ਸਕੇਗਾ|  ਉਨ੍ਹਾਂ ਦੱਸਿਆ ਕਿ ਐਸ.ਡੀ.ਐਮਜ਼ ਦੀ ਨਿਗਰਾਨੀ ਹੇਠ ਕਮੇਟੀਆਂ ਦਾ ਗਠਨ ਕੀਤਾ ਗਿਆ ਹੈ ਜਿਸ ਵਿੱਚ ਖੇਤੀਬਾੜੀ ਪ੍ਰਦੂਸ਼ਿਣ ਕੰਟਰੋਲ ਬੋਰਡ, ਮਾਲ ਵਿਭਾਗ, ਪੰਚਾਇਤ ਵਿਭਾਗ ਅਤੇ ਹੋਰਨਾਂ ਵਿਭਾਗਾਂ ਦੇ ਅਧਿਕਾਰੀ ਸ਼ਾਮਲ ਕੀਤੇ ਗਏ ਹਨ| ਸ੍ਰੀਮਤੀ ਸਪਰਾ ਨੇ ਸਮੂਹ ਵਿਭਾਗਾਂ ਦੇ ਅਧਿਕਾਰੀਆਂ ਨੂੰ ਹਦਾਇਤਾਂ ਦਿੱਤੀਆਂ ਕਿ ਉਹ ਪਿੰਡ ਪੱਧਰ ਤੇ ਕਿਸਾਨਾਂ ਨੂੰ ਕਟਾਈ ਤੋਂ ਬਾਅਦ ਕਣਕ ਦੀ ਨਾੜ ਨਾ ਸਾੜਣ ਪ੍ਰਤੀ ਹੇਠਲੇ ਪੱਧਰ ਤੱਕ ਜਾਗਰੂਕ ਕਰਨ  ਤਾਂ ਜੋ ਕੋਈ ਵੀ ਕਿਸਾਨ ਆਪਣੀ ਕਣਕ ਦੀ ਰਹਿੰਦ ਖੂੰਹਦ ਨੂੰ ਅੱਗ ਨਾ ਲਗਾਵੇ|
ਡਿਪਟੀ ਕਮਿਸ਼ਨਰ ਨੇ ਦੱਸਿਆ ਕਿ ਕਿਸਾਨਾਂ ਨੂੰ ਕਣਕ ਦੀ ਨਾੜ ਨੂੰ ਅੱਗ ਨਾ ਲਾਉਣ ਸਬੰਧੀ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜ਼ਿਲ੍ਹੇ ਦੀ ਹਰੇਕ ਮੰਡੀ ਵਿੱਚ ਹੋਰਡਿੰਗ ਲਗਾਏ ਜਾਣਗੇ ਅਤੇ ਪੈਫਲਿਟ ਵੀ ਵੰਡੇ ਜਾਣਗੇ| ਉਨ੍ਹਾਂ ਇਸ ਮੌਕੇ ਸਬੰਧਤ ਅਧਿਕਾਰੀਆਂ ਨੂੰ ਆਖਿਆ ਕਿ ਉਹ ਪਿੰਡਾਂ ਦੇ ਗੁਰਦੁਆਰਿਆਂ, ਮੰਦਿਰਾਂ ਅਤੇ ਧਾਰਮਿਕ ਸਥਾਨਾਂ ਤੋਂ ਰੋਜ਼ਾਨਾ ਕਣਕ ਦੀ ਨਾੜ ਨੂੰ ਅੱਗ ਨਾ ਲੱਗਣ ਸਬੰਧੀ ਅਨਾਉਂਸਮੈਂਟ ਨੂੰ ਯਕੀਨੀ ਬਣਾਉਣ| ਉਨ੍ਹਾਂ ਇਸ ਮੌਕੇ ਸਮੂਹ ਬੀ.ਡੀ.ਪੀ.ਓਜ਼ ਅਤੇ ਕਾਰਜਸਾਧਕ ਅਫ਼ਸਰਾਂ ਨੂੰ ਹਦਾਇਤਾਂ ਦਿੱਤੀਆ ਕਿ ਜੇਕਰ ਉਨ੍ਹਾਂ ਦੇ ਖੇਤਰ ਅਧੀਨ ਕੋਈ ਕਿਸਾਨ ਕਣਕ ਦੀ ਨਾੜ ਨੂੰ ਅੱਗ ਲਗਾਉਂਦਾ ਹੈ ਤਾਂ ਉਹ ਉਸ ਵਿਰੁੱਧ ਤੁਰੰਤ ਕਾਰਵਾਈ ਕਰਨ ਨੂੰ ਯਕੀਨੀ ਬਣਾਉਣ|
ਮੀਟਿੰਗ ਵਿੱਚ ਵਧੀਕ ਡਿਪਟੀ ਕਮਿਸ਼ਨਰ ਸ੍ਰੀ ਚਰਨਦੇਵ ਸਿੰਘ ਮਾਨ, ਐਸ.ਡੀ.ਐਮ ਐਸ.ਏ.ਐਸ.ਨਗਰ ਅਨੁਪ੍ਰੀਤਾ ਜੋਹਲ, ਐਸ.ਡੀ.ਐਮ ਖਰੜ ਸ੍ਰੀਮਤੀ ਅਮਨਿੰਦਰ ਕੌਰ ਬਰਾੜ, ਐਸ.ਡੀ.ਐਮ ਡੇਰਾਬੱਸੀ ਰੂਹੀ ਦੁੱਗ, ਜ਼ਿਲ੍ਹਾ ਖੁਰਾਕ ਤੇ ਸਪਲਾਈ ਕੰਟਰੋਲਰ ਸ੍ਰਮਤੀ ਹਰਵੀਨ ਕੌਰ, ਮੁੱਖ ਖੇਤੀਬਾੜੀ ਅਫ਼ਸਰ ਸ੍ਰੀ ਰਾਜੇਸ ਕੁਮਾਰ, ਐਕਸੀਅਨ ਪ੍ਰਦੂਸ਼ਨ ਕੰਟਰੋਲ ਬੋਰਡ ਸ੍ਰੀ ਐਸ.ਐਸ ਮਠਾਰੂ, ਡੀ.ਐਸ.ਪੀ. ਅਮਰੋਜ ਸਿੰਘ, ਸ੍ਰੀ ਚਮਨ ਲਾਲ ਖੇਤੀਬਾੜੀ ਵਿਭਾਗ, ਸਮੂਹ ਬੀ.ਡੀ.ਪੀ.ਓਜ਼, ਕਾਰਜ ਸਾਧਕ ਅਫ਼ਸਰ ਅਤੇ ਹੋਰ ਅਧਿਕਾਰੀ ਵੀ ਮੌਜੂਦ ਸਨ|

Leave a Reply

Your email address will not be published. Required fields are marked *