ਕਿਹੋ ਜਿਹਾ ਹੋਵੇ ਸਾਡਾ ਨੁਮਾਇੰਦਾ?

ਐਸ. ਏ. ਐਸ. ਨਗਰ 1 ਫਰਵਰੀ (ਸ.ਬ.) ਸਾਡਾ ਨੁਮਾਇੰਦਾ ਕਿਸ ਤਰ੍ਹਾਂ ਦਾ ਹੋਵੇ ਸੰਬੰਧੀ ਡਾਕਟਰ ਇਕਬਾਲ ਕੌਰ ਦਾ ਕਹਿਣਾ ਹੈ ਕਿ ਅੱਜ ਦੀ ਰਾਜਨੀਤੀ ਵਿੱਚ ਆਦਰਸ਼ ਉਮੀਦਵਾਰ ਮਿਲਦਾ ਹੀ ਨਹੀਂ ਜਿਹੜੀਆਂ ਮਾਨਤਾਵਾਂ ਅਤੇ ਅਸੂਲਾਂ ਨੂੰ ਲੈ ਕੇ ਉਮੀਦਵਾਰ ਚੋਣਾਂ ਵਿੱਚ ਉਤਰਦੇ ਹਨ ਉਹ ਉਹਨਾਂ ਤੇ ਖਰੇ ਨਹੀਂ ਉਤਰਦੇ ਇਹਨਾਂ ਦਾ ਲੋਕ ਸੇਵਾ ਅਤੇ ਲੋਕ ਭਲਾਈ ਕੋਈ ਟੀਚਾ ਨਹੀਂ ਹੁੰਦਾ ਬਲਕੇ ਚੋਣਾਂ ਨਿਜੀ ਰੁਤਬੇ ਅਤੇ ਸਮਾਜ ਵਿੱਚ ਮਿਲਣ ਵਾਲੇ ਸਨਮਾਤ ਲਈ ਹੀ ਚੋਣਾਂ ਲੜਦੇ ਹਨ ਜੇਕਰ ਅਸੀਂ ਆਈਡਲ ਹੋ ਕੇ ਸੋਚੀਏ ਤਾਂ ਸਾਡਾ ਨੁਮਾਇੰਦਾ ਘੱਟੋਂ ਘੱਟ ਇਸ ਤਰ੍ਹਾਂ ਦਾ ਹੋਵੇ ਜੋ ਜਿਹੜੇ ਵੀ ਵਾਅਦੇ ਕਰੇ ਉਹਨਾਂ ਤੇ ਅਮਲ ਕਰਨ ਵਾਲਾ ਹੋਵੇ|
ਇਸਤਰੀ ਤਾਲਮੇਲ ਕਮੇਟੀ ਦੀ ਆਗੂ ਅਤੇ ਸਮਾਜਸੇਵੀ ਬੀਬੀ ਅਮਰਜੀਤ ਕੌਰ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਇਮਾਨਦਾਰ ਹੋਵੇ, ਧੜੇਬਾਜੀ ਤੋਂ ਉਪਰ ਉਠ ਕੇ ਸਮੁਚੇ ਹਲਕਾ ਨਿਵਾਸੀਆਂ ਦੇ ਦੁੱਖ ਸੁੱਖ ਵਿਚ ਉਹਨਾਂ ਨਾਲ ਖੜਾ ਹੋਣ ਵਾਲਾ ਹੋਵੇ, ਮੁਹਾਲੀ ਦੇ ਸਰਬਪੱਖੀ ਵਿਕਾਸ ਲਈ ਵਚਨਬਧ ਹੋਵੇ, ਜੋ ਵਾਅਦੇ ਉਹ ਲੋਕਾਂ ਨਾਲ ਕਰੇ ਉਹਨਾਂ ਨੂੰ ਪੂਰਾ ਕਰਨ ਵਾਲਾ ਹੋਵੇ, ਪੇਂਡੂ ਔਰਤਾਂ ਲਈ ਸਿਹਤ ਸੇਵਾਵਾਂ ਦਾ ਯੋਗ ਪ੍ਰਬੰਧ ਕਰਨ ਵਾਲਾ ਹੋਵੇ, ਪੇਂਡੂ ਅਤੇ ਗਰੀਬ ਔਰਤਾਂ ਨੂੰ ਮਿਆਰੀ ਸਿਹਤ ਸੇਵਾਵਾਂ ਦੇਣ ਨੂੰ ਤਰਜੀਹ              ਦੇਣ ਵਾਲਾ ਹੋਵੇ| ਔਰਤਾਂ ਦੀ ਸੁਰਖਿਆ ਯਕੀਨੀ ਬਣਾਉਣ ਵਾਲਾ ਹੋਵੇ, ਔਰਤਾਂ ਲਈ ਹਲਕੇ ਵਿੱਚ ਮਿਆਰੀ ਸਿੱਖਿਆ ਅਤੇ ਸਿੱਖਿਆ ਸੰਸਥਾਵਾਂ ਖੋਲਣ ਵਾਲਾ ਹੋਵੇ|
ਯੂਥ ਆਫ ਪੰਜਾਬ ਸੰਸਥਾ ਦੇ ਪ੍ਰਧਾਨ ਪਰਮਦੀਪ ਸਿੰਘ ਬੈਦਬਾਨ ਦਾ ਕਹਿਣਾ ਹੈ ਕਿ ਉਹਨਾਂ ਦਾ ਨੁਮਾਇੰਦਾ ਮੁਹਾਲੀ ਦੇ ਵਿਕਾਸ ਵਿੱਚ ਰੁਚੀ ਲੈਂਦਾ ਹੋਵੇ,  ਹਲਕੇ ਵਿੱਚ ਲੋਕਾਂ ਦੀ ਭਲਾਈ ਦੀਆਂ ਸਕੀਮਾਂ ਲਾਗੂ ਕਰਨ ਵਾਲਾ ਹੋਵੇ, ਸਰਕਾਰੀ ਸਿਹਤ ਸੇਵਾਵਾਂ ਅਤੇ ਸਿੱਖਆ ਸੰਸਥਾਵਾਂ ਨੂੰ ਉਚ ਮਿਆਰੀ ਪੱਧਰ ਤੱਕ ਲੈ ਕੇ ਜਾਨ ਵਾਲਾ ਹੋਵੇ, ਹਲਕਾ ਨਿਵਾਸੀਆਂ ਨੂੰ ਪ੍ਰਾਈਵੇਟ ਸਿੱਖਿਆ ਸੰਸਥਾਵਾਂ ਅਤੇ ਸਿਹਤ                  ਸੇਵਾਵਾਂ ਦੇਣ ਵਾਲੇ ਹਸਪਤਾਲਾਂ ਤੋਂ ਲੁਟ ਘੁਸਟ ਤੋਂ ਨਿਯਾਤ ਦਿਵਾਉਣ ਵਾਲਾ ਹੋਵੇ, ਉਸ ਦਾ ਟੀਚਾ ਪ੍ਰਸ਼ਾਸ਼ਨ ਨੂੰ ਸਾਫ ਸੁਥਰਾ ਪ੍ਰਸ਼ਾਸ਼ਨ ਦੇਣ ਦਾ               ਹੋਵੇ, ਬੰਦ ਪਈ ਇਡਸਟਰੀ ਮੁੜ ਸ਼ੁਰੂ ਕਰਕੇ ਹਲਕੇ ਦੇ ਨੌਜਵਾਨਾਂ ਲਈ ਰੁਜ਼ਗਾਰ ਦੇ ਮੌਕੇ ਪੈਦਾ ਕਰਨ ਵਾਲਾ ਹੋਵੇ, ਆਪਣਾ ਸਮਾਂ ਛੋਟੀ ਮੋਟੀਆਂ ਗਲਾਂ ਤੇ ਬਰਬਾਦ ਕਰਨ ਥਾਂ ਤੇ ਲੋਕ ਹਿੱਤਾਂ ਲਈ ਚੰਗੀਆਂ ਸਕੀਮਾਂ ਲੈ ਕੇ ਆਉਣ ਨੂੰ ਤਰਜੀਹ ਦਿੰਦਾ ਹੋਵੇ|
ਮੁਹਾਲੀ ਵਿਕਾਸ ਮੰਚ ਦੇ ਪ੍ਰਧਾਨ ਵਨੀਤ ਵਰਮਾ ਦਾ ਕਹਿਣਾ ਹੈ ਕਿ  2014 ਦੀਆਂ ਲੋਕ ਸਭਾ ਚੋਣਾਂ ਵਿੱਚ ਵੀ ਇਸੇ ਤਰ੍ਹਾਂ ਦੇ ਵਾਅਦੇ ਸਭ ਪਾਰਟੀਆਂ ਵੱਲੋਂ ਕੀਤੇ ਗਏ ਸਨ ਪਰ ਕਿਸੇ ਨੇ ਵੀ ਵਾਅਦਿਆਂ ਤੇ ਪਹਿਰਾ ਨਹੀ ਦਿੱਤਾ ਹੁਣ ਫੇਰ ਤੋਂ ਮਕਾਨਾਂ ਵਿਚ ਲੋੜ ਅਨੁਸਾਰ ਤਬਦੀਲੀ (ਨੀਡ ਬੇਸਕ ਪਾਲਿਸੀ) ਦਾ ਵਾਅਦਾ ਅਤੇ ਪ੍ਰਾਪਰਟੀ ਟੈਕਸ ਖਤਮ ਕਰਨ ਦੇ ਵਾਅਦੇ ਹਨ| ਸਾਡਾ ਨੁਮਾਇੰਦਾ ਜੋ ਵੀ ਵਾਅਦੇ ਕਰੇ ਉਹਨਾਂ ਤੇ ਪਹਿਰਾ ਦੇਣ ਵਾਲਾ ਹੋਵੇ, ਸ੍ਰ੍ਰੀ ਵਰਮਾ ਨੇ ਕਿਹਾ ਕਿ ਸਾਰੇ ਉਮੀਦਵਾਰ ਕੀਤੇ ਵਾਅਦਿਆਂ ਸਬੰਧੀ ਹਲਫੀਆਂ ਬਿਆਨ ਦੇਣ ਕਿ ਜੇਕਰ ਉਹ ਕੀਤੇ ਵਾਅਦੇ ਪੂਰੇ ਨਾ ਕਰਨ ਤਾਂ ਉਹਨਾਂ ਤੇ ਕਰਿਮੀਨਲ ਕੇਸ ਰਜਿਸਟਰ ਕੀਤਾ ਜਾਵੇ ਅਤੇ ਉਹਨਾਂ ਨੂੰ ਰੀ-ਕਾਲ ਕੀਤਾ ਜਾਣਾ ਚਾਹੀਦਾ ਹੈ ਤਾਂ ਕਿ ਉਮੀਦਵਾਰ ਉਹ ਵਾਅਦੇ ਨਾ ਕਰਨ ਜੋ ਉਹ ਪੂਰੇ ਨਾ ਕਰ ਸਕਣ| ਉਹਨਾਂ ਕਿਹਾ ਕਿ ਸਾਡਾ ਨੁਮਾਇੰਦਾ ਲੋਕ ਹਿੱਤਾਂ ਲਈ ਕੰਮ ਕਰਨ ਵਾਲਾ ਹੋਵੇ, ਝੂਠੇ ਵਾਅਦੇ ਕਰਨ ਦੀ ਥਾਂ ਤੇ ਲੋਕਾਂ ਦੀਆਂ ਸਮਸਿਆਵਾਂ ਹਲ ਕਰਨ ਵਾਲਾ ਹੋਵੇ ਉਹ ਹਕੀਕਤ ਵਿੱਚ ਹਲਕਾ ਨਿਵਾਸੀਆਂ ਦੀਆਂ ਲੋੜਾਂ ਪ੍ਰਤੀ ਇਮਾਨਦਾਰ ਹੋਵੇ|
ਉਦਯੋਗਪਤੀ ਨਰਿੰਦਰ ਸਿੰਘ ਲਾਂਬਾ ਦਾ ਕਹਿਣਾ ਹੈ ਕਿ ਹਲਕੇ ਦਾ ਨੁਮਾਇੰਦਾ ਅਜਿਹਾ ਹੋਣਾ ਚਾਹੀਦਾ ਹੈ ਜੋ ਕਿ ਪਾਰਟੀ ਪੱਧਰ ਤੋਂ ਉਪਰ ਹੋ ਕੇ ਲੋਕਾਂ ਦੇ ਕੰਮ ਕਰੇ ਅਤੇ ਲੋਕਾਂ ਦੇ ਦੁਖ ਸੁਖ ਵਿੱਚ ਸ਼ਾਮਿਲ ਹੋਵੇ| ਉਹਨਾਂ ਕਿਹਾ ਕਿ ਸ਼ਹਿਰ ਦਾ ਨੁਮਾਇੰਦਾ ਹਰ ਨਾਗਰਿਕ ਨੂੰ ਬਿਨਾ ਕਿਸੇ ਪੱਖਪਾਤ ਦੇ ਸਹੂਲਤਾਂ ਦੇਵੇ| ਲੋਕਾਂ ਦੇ ਕੰਮ ਪਹਿਲ ਦੇ ਆਧਾਰ ਉਪਰ ਕਰੇ, ਧਾਰਮਿਕ ਅਤੇ ਸਮਾਜਿਕ ਖੇਤਰ ਵਿਚ ਇਕ ਨੰਬਰ ਹੋਵੇ, ਉਹ ਨਸ਼ੇ ਤੋਂ ਰਹਿਤ ਹੋਵੇ ਅਤੇ ਨਸ਼ਾ ਵਿਰੋਧੀ ਮੁਹਿੰਮ ਚਲਾਵੇ|
ਸਾਜਨ ਟੈਲੀਮੈਕਸ ਦੇ ਮਾਲਿਕ ਗੁਰਦੀਪ ਸਿੰਘ ਸਾਜਨ ਦਾ ਕਹਿਣਾ ਹੈ ਕਿ ਵਧਦੀ ਆਬਾਦੀ ਕਾਰਨ ਮੁਹਾਲੀ ਦਾ ਹੋਰ ਵਿਸਥਾਰ ਹੋ ਰਿਹਾ ਹੈ ਇਸ ਲਈ ਮੁਹਾਲੀ ਦੇ ਲਈ ਹੋਰ ਵਿਕਾਸ ਦੀ ਜਰੂਰਤ ਪਵੇਗੀ| ਉਹਨਾਂ ਕਿਹਾ ਕਿ ਸਾਡਾ ਨੁਮਾਇੰਦਾ ਮੁਹਾਲੀ ਦੇ ਭਵਿੱਖ ਨੂੰ ਮੁਖ ਰਖਕੇ ਮੁਹਾਲੀ ਦੀਆਂ ਯੋਜਨਾਵਾਂ ਲੈ ਕੇ ਆਵੇ| ਬੰਦ ਇੰਡਸਟਰੀ ਮੁੜ ਚਾਲੂ ਕਰੇ ਬੇਰੁਜ਼ਗਾਰ ਨੌਜਾਵਾਨਾਂ ਨੂੰ ਰੁਜ਼ਗਾਰ ਦਵਾਏ| ਬਜ਼ੁਰਗਾਂ ਅਤੇ ਸ਼ਹਿਰੀਆਂ ਦੀ ਸੁਰੱਖਿਆ ਯੋਗ ਪ੍ਰਬੰਧ ਕਰਵਾਉਣ ਵਾਲਾ ਹੋਵੇ,  ਮਿਲਣਸਾਰ ਹੋਵੇ, ਆਮ ਆਦਮੀ ਉਸ ਤੱਕ ਪਹੁੰਚ ਕਰਨ ਵਿੱਚ ਦਿਕਤ ਮਹਿਸੂਸ ਨਾ ਕਰਦਾ ਹੋਵੇ| ਮੁਹਾਲੀ ਦੇ ਪਾਰਕਾਂ, ਸੜਕਾਂ, ਸਟਰੀਟ   ਲਾਈਟ, ਪਾਣੀ ਸਮੇਤ ਸਾਰੀਆਂ ਜਰੂਰੀ ਸੇਵਾਵਾਂ ਬੇਹਤਰ ਢੰਗ ਨਾਲ ਕਰਵਾਉਣ ਵਾਲਾ ਹੋਵੇ| ਸ਼ਹਿਰ ਵਾਸੀ ਨਾਲ ਕੀਤੇ ਵਾਅਦੇ ਪੂਰੇ ਕਰਨ ਵਾਲਾ ਹੋਵੇ|

Leave a Reply

Your email address will not be published. Required fields are marked *