ਕਿੰਝ ਹੋਵੇ ਲਗਾਤਾਰ ਵੱਧਦੇ ਸੜਕ ਹਾਦਸਿਆਂ ਤੇ ਕਾਬੂ

ਪਹਿਲੇ ਸਮਿਆਂ ਦੌਰਾਨ ਵੱਖ ਵੱਖ ਬਿਮਾਰੀਆਂ ਨੂੰ ਮਨੁੱਖੀ ਜਾਨ ਦਾ ਸਭ ਤੋਂ ਵੱਡਾ ਦੁਸ਼ਮਨ ਮੰਨਿਆ ਜਾਂਦਾ ਸੀ ਅਤੇ ਜਦੋਂ ਕੋਈ ਮਹਾਮਾਰੀ ਫੈਲਦੀ ਸੀ ਤਾਂ ਪਿੰਡਾਂ ਦੇ ਪਿੰਡ ਵੀਰਾਨ ਹੋ ਜਾਂਦੇ ਸੀ ਪਰੰਤੂ ਅੱਜ ਮੈਡੀਕਲ ਸਾਇੰਸ ਨੇ ਇੰਨੀ ਜਿਆਦਾ ਤਰੱਕੀ ਕਰ ਲਈ ਹੈ ਕਿ ਕੋਈ ਵੀ ਬਿਮਾਰੀ ਲਾਇਲਾਜ ਨਹੀਂ ਰਹੀ ਅਤੇ ਵਿਗਿਆਨ ਨੇ ਹਰ ਬਿਮਾਰੀ ਦਾ ਇਲਾਜ ਲੱਭ ਲਿਆ ਹੈ| ਇਹ ਵੀ ਤ੍ਰਾਸਦੀ ਹੈ ਕਿ ਆਧੁਨਿਕ ਵਿਗਿਆਨ ਨੇ ਸਾਨੂੰ ਬਿਮਾਰੀਆਂ ਤੋਂ ਤਾਂ ਬਚਾ ਲਿਆ ਹੈ ਪਰੰਤੂ ਇਸੇ ਵਿਗਿਆਨ ਦੀ ਇੱਕ ਕਾਢ ਇਸ ਵੇਲੇ ਮਨੁੱਖ ਦੀ ਸਭ ਤੋਂ ਵੱਡੀ ਦੁਸ਼ਮਣ ਬਣ ਕੇ ਸਾਮ੍ਹਣੇ ਆ ਗਈ ਹੈ| ਵਿਗਿਆਨ ਨੇ ਮਨੁੱਖ ਨੂੰ ਜਿਹੜੇ ਆਵਾਜਾਈ ਦੇ ਸਾਧਨ (ਵਾਹਨ) ਦਿੱਤੇ ਹਨ ਉਹਨਾਂ ਕਾਰਨ ਵਾਪਰਨ ਵਾਲੇ ਸੜਕ ਹਾਦਸੇ ਇਸ ਵੇਲੇ (ਸਾਡੇ ਦੇਸ਼ ਵਿੱਚ) ਸਭ ਤੋਂ ਵੱਧ ਜਾਨੀ ਨੁਕਸਾਨ ਹੋਣ ਦਾ ਕਾਰਨ ਬਣ ਗਏ ਹਨ| ਤਿੰਨ ਚਾਰ ਦਹਾਕੇ ਪਹਿਲਾਂ ਤਕ (ਜਦੋਂ ਦੇਸ਼ ਵਿੱਚ ਵਾਹਨਾਂ ਦੀ ਗਿਣਤੀ ਘੱਟ ਸੀ) ਸੜਕ ਹਾਦਸੇ ਬਹੁਤ ਘੱਟ ਹੁੰਦੇ ਸਨ ਪਰੰਤੂ ਪਿਛਲੇ ਸਾਲਾਂ ਦੌਰਾਨ ਜਿਵੇਂ-ਜਿਵੇਂ ਵਾਹਨਾਂ ਦੀ ਗਿਣਤੀ ਵਿੱਚ ਵਾਧਾ ਹੁੰਦਾ ਗਿਆ, ਉਸਦੇ ਨਾਲ ਨਾਲ ਸੜਕ ਹਾਦਸਿਆਂ ਦੀ ਗਿਣਤੀ ਵੀ ਵੱਧਦੀ ਰਹੀ ਹੈ|
ਸੜਕ ਹਾਦਸਿਆਂ ਦੀ ਲਗਾਤਾਰ ਵੱਧਦੀ ਇਹ ਗਿਣਤੀ ਇਸ ਵੇਲੇ ਦੇਸ਼ ਦੀ ਸਭ ਤੋਂ ਵੱਡੀ ਸਮੱਸਿਆ ਬਣੀ ਹੋਈ ਹੈ| ਹਾਲਾਤ ਇਹ ਹਨ ਕਿ ਦੇਸ਼ ਵਿੱਚ ਸੜਕ ਹਾਦਸਿਆਂ ਕਾਰਨ ਹੁੰਦੀਆਂ ਮੌਤਾਂ ਦੀ ਗਿਣਤੀ ਦਾ ਅੰਕੜਾ ਕਿਸੇ ਵੀ ਖਤਰਨਾਕ ਬਿਮਾਰੀ ਕਾਰਨ ਹੋਣ ਵਾਲੀਆਂ ਮੌਤਾਂ ਤੋਂ ਕਈ ਗੁਨਾ ਤਕ ਵੱਧ ਚੁੱਕਿਆ ਹੈ| ਪਰੰਤੂ ਇਸਦੇ ਬਾਵਜੂਦ ਲਗਾਤਾਰ ਵਾਪਰਦੇ ਇਹਨਾਂ ਸੜਕ ਹਾਦਸਿਆਂ ਤੋਂ ਬਚਾਓ ਲਈ ਸਰਕਾਰ ਵਲੋਂ ਕੀਤੇ ਜਾ ਰਹੇ ਉਪਰਾਲੇ ਪੂਰੀ ਤਰ੍ਹਾਂ ਨਾਕਾਫੀ ਹੀ ਕਹੇ ਜਾ ਸਕਦੇ ਹਨ| ਹਾਲਾਂਕਿ ਵੱਖ ਵੱਖ ਮੌਸਮਾਂ ਦੌਰਾਨ ਜਿੱਥੇ ਕਈ ਹਾਦਸੇ ਕੁਦਰਤੀ ਕਾਰਨਾਂ (ਜਿਵੇਂ ਧੁੰਧ, ਬਰਸਾਤ, ਮਿੱਟੀ ਖਿਸਕਨ, ਭੂਚਾਲ ਆਦਿ) ਕਾਰਨ ਵੀ ਵਾਪਰਦੇ ਹਨ ਪਰੰਤੂ ਇਸਦੇ ਨਾਲ ਨਾਲ ਇਹਨਾਂ ਸੜਕ ਹਾਦਸਿਆਂ ਲਈ ਵਾਹਨ ਚਾਲਕਾਂ ਦੀ ਅਣਗਹਿਲੀ ਵੀ ਕਾਫੀ ਹੱਦ ਤਕ ਜਿੰਮੇਵਾਰ ਹੁੰਦੀ ਹੈ|
ਆਮ ਵੇਖਣ ਵਿੱਚ ਆਉਂਦਾ ਹੈ ਕਿ ਹਾਦਸੇ ਦਾ ਸ਼ਿਕਾਰ ਹੋਏ ਕਿਸੇ ਵਾਹਨ ਦਾ ਚਾਲਕ ਸ਼ਰਾਬੀ ਹਾਲਤ ਵਿੱਚ ਸੀ ਅਤੇ ਵਾਹਨ ਤੋਂ ਉਸਦਾ ਕਾਬੂ ਨਾ ਹੋਣ ਕਾਰਨ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ| ਅਜਿਹੇ ਸ਼ਰਾਬੀ ਵਾਹਨ ਚਾਲਕ ਖੁਦ ਤਾਂ ਮਰਦੇ ਹੀ ਹਨ ਸਗੋਂ ਦੂਜੇ ਲੋਕਾਂ ਨੂੰ ਵੀ ਮਾਰ ਦਿੰਦੇ ਹਨ| ਇਸ ਤੋਂ ਇਲਾਵਾ ਕੁੱਝ ਵਾਹਨ ਚਾਲਕ ਅਜਿਹੇ ਵੀ ਹੁੰਦੇ ਹਨ ਜਿਹਨਾਂ ਉੱਪਰ ਹੋਰਨਾਂ ਵਾਹਨਾਂ ਨੂੰ ਪਿੱਛੇ ਛੱਡ ਕੇ ਅੱਗੇ ਲੰਘਣ ਦਾ ਜਨੂਨ ਜਿਹਾ ਸਵਾਰ ਹੁੰਦਾ ਹੈ ਅਤੇ ਕਿਸੇ ਵਾਹਨ ਤੋਂ ਅੱਗੇ ਨਿਕਲਣ ਦੇ ਚੱਕਰ ਵਿੱਚ ਉਹ ਅਕਸਰ ਸਾਹਮਣੇ ਤੋਂ ਆਉਂਦੇ ਵਾਹਨ ਨਾਲ ਟਕਰਾ ਜਾਂਦੇ ਹਨ| ਲਗਾਤਾਰ ਵੱਧਦੇ ਇਨ੍ਹਾਂ ਸੜਕ ਹਾਦਸਿਆਂ ਦਾ ਇੱਕ ਕਾਰਨ ਨਾਬਾਲਿਗ ਅਤੇ ਅਕੁਸ਼ੁਲ ਵਿਅਕਤੀਆਂ ਵਲੋਂ ਵਾਹਨ ਚਲਾਉਣਾ ਵੀ ਹੈ|
ਅਜਿਹੇ ਵਾਹਨ ਚਾਲਕ ਆਪਣਾ ਵਾਹਨ ਬਹੁਤ ਤੇਜ ਚਲਾਉਂਦੇ ਭਜਾਉਂਦੇ ਹਨ ਅਤੇ ਅਕਸਰ ਹੀ ਕਿਸੇ ਨਾ ਕਿਸੇ ਨੂੰ ਟੱਕਰ ਮਾਰ ਦਿੰਦੇ ਹਨ| ਉਂਝ ਵੀ ਵਾਹਨਾਂ ਦੀ ਤੇਜ ਰਫਤਾਰ ਨੂੰ ਲਗਾਤਾਰ ਵੱਧਦੇ ਇਹਨਾਂ ਸੜਕ ਹਾਦਸਿਆਂ ਲਈ ਸਭ ਤੋਂ ਵੱਧ ਜਿੰਮੇਵਾਰ ਮੰਨਿਆ ਜਾਂਦਾ ਹੈ ਕਿਉਂਕਿ ਧੀਮੀ ਰਫਤਾਰ ਵਿੱਚ ਵਾਹਨ ਚਲਾਉਣ ਵਾਲੇ ਵਾਹਨ ਚਾਲਕ ਤਾਂ ਫਿਰ ਵੀ ਕਾਫੀ ਹੱਦ ਤਕ ਖੁਦ ਨੂੰ ਕਿਸੇ ਹਾਦਸੇ ਤੋਂ ਬਚਾ ਲੈਂਦੇ ਹਨ ਪਰੰਤੂ ਵਾਹਨ ਦੀ ਤੇਜ ਰਫਤਾਰ ਆਸਾਨੀ ਨਾਲ ਉਸਦੇ ਚਾਲਕ ਦੇ ਕਾਬੂ ਵਿੱਚ ਨਹੀਂ ਆਉਂਦੀ ਅਤੇ ਰੁਕਦੇ ਰੁਕਦੇ ਵੀ ਉਹ ਵਾਹਨ ਹਾਦਸੇ ਦਾ ਸ਼ਿਕਾਰ ਹੋ ਜਾਂਦਾ ਹੈ|
ਲਗਾਤਾਰ ਵੱਧਦੇ ਇਹਨਾਂ ਸੜਕ ਹਾਦਸਿਆਂ ਤੇ ਕਾਬੂ ਕਰਨ ਲਈ ਜਰੂਰੀ ਹੈ ਕਿ ਸਰਕਾਰ ਵਲੋਂ ਇਸ ਸੰਬੰਧੀ ਨਾ ਸਿਰਫ ਸਖਤ ਨਿਯਮ ਬਣਾਏ ਜਾਣ ਬਲਕਿ ਇਹਨਾਂ ਨਿਯਮਾਂ ਨੂੰ ਸਖਤੀ ਨਾਲ ਲਾਗੂ ਕਰਕੇ ਟ੍ਰੈਫਿਕ ਨਿਯਮਾਂ ਦੀ ਅਣਦੇਖੀ ਕਰਨ ਵਾਲਿਆਂ ਵਿਰੁੱਧ ਬਣਦੀ ਕਾਰਵਾਈ ਦਾ ਪ੍ਰਬੰਧ ਕੀਤਾ ਜਾਵੇ| ਇਸਦੇ ਨਾਲ ਨਾਲ ਜਿੱਥੇ ਨਾਬਾਲਿਗ, ਅਕੁਸ਼ਲ ਅਤੇ ਸ਼ਰਾਬੀ ਵਾਹਨ ਚਾਲਕਾਂ ਦੇ ਖਿਲਾਫ ਸਖਤ ਕਾਰਵਾਈ ਦਾ ਪ੍ਰਬੰਧ ਕੀਤਾ ਜਾਣਾ ਚਾਹੀਦਾ ਹੈ ਉੱਥੇ ਲੋਕਾਂ ਨੂੰ ਟ੍ਰੈਫਿਕ ਨਿਯਮਾਂ ਦੀ ਪਾਲਣਾ ਲਈ ਜਾਗਰੂਕ ਕਰਨ ਲਈ ਵਿਸ਼ੇਸ਼ ਪ੍ਰੋਗਰਾਮ ਵੀ ਉਲੀਕੇ ਜਾਣੇ ਚਾਹੀਦੇ ਹਨ ਤਾਂ ਜੋ ਲਗਾਤਾਰ ਵੱਧਦੇ ਸੜਕਾ ਹਾਦਸਿਆਂ ਵਿੱਚ ਹੁੰਦੇ ਜਾਨ ਅਤੇ ਮਾਲ ਦੇ ਨੁਕਸਾਨ ਨੂੰ ਘੱਟ ਕੀਤਾ ਜਾ ਸਕੇ|

Leave a Reply

Your email address will not be published. Required fields are marked *