ਕਿੰਨੀ ਕੁ ਸਫਲ ਰਹੇਗੀ ਸੁਖਬੀਰ ਬਾਦਲ ਦੀ ਰੁਸੇ ਆਗੂਆਂ ਨੂੰ ਮਨਾਉਣ ਦੀ ਕਵਾਇਦ

ਐਸ ਏ ਐਸ ਨਗਰ, 4 ਅਗਸਤ (ਜਗਮੋਹਨ) 2019 ਵਿੱਚ ਹੋਣ ਵਾਲੀਆਂ ਲੋਕ ਸਭਾ ਚੋਣਾਂ ਨੂੰ ਦੇਖਦਿਆਂ ਅਕਾਲੀ ਦਲ ਬਾਦਲ ਨੇ ਸਰਗਰਮੀਆਂ ਤੇਜ ਕੀਤੀਆਂ ਹੋਈਆਂ ਹਨ ਅਤੇ ਇਸ ਦੌਰਾਨ ਅਕਾਲੀ ਦਲ ਬਾਦਲ ਦੇ ਸੁਪਰੀਮੋ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਲੋਕ ਸਭਾ ਚੋਣਾਂ ਵਿੱਚ ਪਾਰਟੀ ਦੀ ਜਿੱਤ ਪੱਕੀ ਕਰਨ ਲਈ ਪਾਰਟੀ ਤੋਂ ਰੁਸ ਕੇ ਅਲੱਗ ਹੋਏ ਜਾਂ ਹੋਰਨਾਂ ਪਾਰਟੀਆਂ ਵਿੱਚ ਸ਼ਾਮਲ ਹੋਏ ਆਗੂਆਂ ਨੂੰ ਮੁੜ ਪਾਰਟੀ ਵਿੱਚ ਸ਼ਾਮਿਲ ਕਰਨ ਦੀ ਨੀਤੀ ਤੇ ਅਮਲ ਕੀਤਾ ਜਾ ਰਿਹਾ ਹੈ| ਇਸ ਨੀਤੀ ਤਹਿਤ ਅਕਾਲੀ ਦਲ ਬਾਦਲ ਦੇ ਆਗੂਆਂ ਵਲੋਂ ਪਿਛਲੇ ਸਮੇਂ ਦੌਰਾਨ ਪਾਰਟੀ ਨਾਲ ਰੁਸ ਕੇ ਅੱਲਗ ਹੋਏ ਆਗੂਆਂ ਨਾਲ ਸੰਪਰਕ ਕਾਇਮ ਕਰਨ ਦੀਆਂ ਕਨਸੋਆਂ ਵੀ ਮਿਲ ਰਹੀਆਂ ਹਨ|
ਇਸ ਸੰਬੰਧੀ ਸ੍ਰ. ਬਾਦਲ ਵਲੋਂ ਪੁਰਾਣੇ ਟਕਸਾਲੀ ਅਕਾਲੀ ਅਤੇ ਹੁਣ ਆਮ ਆਦਮੀ ਪਾਰਟੀ ਦੇ ਆਗੂ ਸ੍ਰ. ਹਰਮੇਲ ਸਿੰਘ ਟੌਹੜਾ ਨੂੰ ਵੀ ਮਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ| ਸੂਤਰਾਂ ਮੁਤਾਬਿਕ ਨਵੀਂ ਦਿੱਲੀ ਵਿਖੇ ਸ੍ਰ. ਸੁਖਬੀਰ ਸਿੰਘ ਬਾਦਲ ਅਤੇ ਸ੍ਰ. ਹਰਮੇਲ ਸਿੰਘ ਟੌਹੜਾ ਵਿਚਾਲੇ ਮੀਟਿੰਗ ਵੀ ਹੋ ਚੁਕੀ ਹੈ| ਸ੍ਰ. ਹਰਮੇਲ ਸਿੰਘ ਟੌਹੜਾ ਜਥੇਦਾਰ ਗੁਰਚਰਨ ਸਿੰਘ ਟੌਹੜਾ ਦੇ ਵਾਰਸ ਹਨ ਅਤੇ ਲੰਮੇਂ ਸਮੋਂ ਤੋਂ ਰਾਜਨੀਤੀ ਵਿਚ ਸਰਗਰਮ ਹਨ ਉਹ ਪੰਜਾਬ ਦੇ ਕੈਬਿਨਟ ਮੰਤਰੀ ਵੀ ਰਹਿ ਚੁੱਕੇ ਹਨ|
ਇਸ ਤੋਂ ਇਲਾਵਾ ਅਕਾਲੀ ਦਲ ਬਾਦਲ ਵਲੋਂ ਅਜਿਹੇ ਹੋਰਨਾਂ ਆਗੂਆਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਲ ਕਰਨ ਲਈ ਯਤਨ ਕੀਤੇ ਜਾ ਰਹੇ ਹਨ ਜੋ ਪਿਛਲੇ ਸਮੇਂ ਦੌਰਾਨ ਅਕਾਲੀ ਦਲ ਨੂੰ ਛੱਡ ਕੇ ਚਲੇ ਗਏ ਸਨ| ਅਕਾਲੀ ਦਲ ਵਲੋਂ ਆਮ ਆਦਮੀ ਪਾਰਟੀ ਦੇ ਆਗੂਆਂ ਉਪਰ ਵੀ ਡੋਰੇ ਪਾਏ ਜਾਣ ਦੀ ਚਰਚਾ ਹੈ| ਆਮ ਆਦਮੀ ਪਾਰਟੀ ਦਾ ਇਸ ਸਮੇਂ ਪੰਜਾਬ ਵਿੱਚ ਜੋ ਹਸ਼ਰ ਹੋ ਰਿਹਾ ਹੈ, ਉਸ ਕਰਕੇ ਇਸ ਪਾਰਟੀ ਦੇ ਕਈ ਆਗੂ ਹੋਰਨਾਂ ਪਾਰਟੀਆਂ ਵਿੱਚ ਜਾਣ ਦਾ ਮਨ ਬਣਾ ਰਹੇ ਹਨ ਅਤੇ ਅਕਾਲੀ ਦਲ ਵਲੋਂ ਇਸਦਾ ਲਾਭ ਚੁੱਕਣ ਦਾ ਯਤਨ ਕੀਤਾ ਜਾ ਰਿਹਾ ਹੈ| ਸੁਖਬੀਰ ਸਿੰਘ ਬਾਦਲ ਨੇ ਰੁਸੇ ਹੋਏ ਆਗੂਆਂ ਨੂੰ ਮੁੜ ਅਕਾਲੀ ਦਲ ਵਿੱਚ ਸ਼ਾਮਿਲ ਹੋਣ ਦਾ ਖੁੱਲਾ ਸੱਦਾ ਵੀ ਦਿੱਤਾ ਹੋਇਆ ਹੈ ਅਤੇ ਉਹਨਾਂ ਨੂੰ ਪਾਰਟੀ ਵਿੱਚ ਲੋਂੜੀਦਾ ਮਾਣ ਸਤਿਕਾਰ ਦੇਣ ਦਾ ਵੀ ਵਾਅਦਾ ਕੀਤਾ ਜਾ ਰਿਹਾ ਹੈ|
ਇਸ ਦੌਰਾਨ ਅਕਾਲੀ ਦਲ ਬਾਦਲ ਵਲੋਂ ਆਪਣਾ ਮੁੱਖ ਦਫਤਰ ਚੰਡੀਗੜ੍ਹ ਤੋਂ ਬਦਲ ਕੇ ਅੰਮ੍ਰਿਤਸਰ ਲੈ ਕੇ ਜਾਣ ਦੀ ਵੀ ਤਿਆਰੀ ਚਲ ਰਹੀ ਹੈ ਅਤੇ ਅਕਾਲੀ ਦਲ ਵਲੋਂ ਠੰਡੇ ਬਸਤੇ ਵਿੱਚ ਪਏ ਸਿੱਖ ਮੁੱਦੇ ਮੁੜ ਉਭਾਰੇ ਜਾਣ ਬਾਰੇ ਵੀ ਵਿਚਾਰ ਕੀਤਾ ਜਾ ਰਿਹਾ ਹੈ| ਅਕਾਲੀ ਦਲ ਸਿੱਖਾਂ ਨੂੰ ਨਵੇਂ ਸਿਰੇ ਤੋਂ ਆਪਣੇ ਨਾਲ ਜੋੜਨ ਦੀ ਨੀਤੀ ਉਪਰ ਚਲ ਰਿਹਾ ਹੈ ਅਤੇਇਸੇ ਕਾਰਨ ਹੀ ਅਕਾਲੀ ਦਲ ਵਲੋਂ ਗਰਮ ਖਿਆਲੀ ਆਗੂਆਂ ਪ੍ਰਤੀ ਵੀ ਆਪਣੀ ਸੁਰ ਨਰਮ ਰਖੀ ਜਾ ਰਹੀ ਹੈ| ਅਕਾਲੀ ਦਲ ਵਲੋਂ ਰੁੱਸਿਆਂ ਨੂੰ ਮਨਾਉਣ ਦੀ ਕਵਾਇਦ ਤਾਂ ਸ਼ੁਰੂ ਕੀਤੀ ਗਈ ਹੈ ਪਰੰਤੂ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ ਕਿ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਦੀ ਰੁਸੇ ਹੋਏ ਆਗੂਆਂ ਨੂੰ ਮਨਾਉਣ ਦੀ ਨੀਤੀ ਕਿੰਨੀ ਕੁ ਸਫਲ ਰਹਿੰਦੀ ਹੈ|

Leave a Reply

Your email address will not be published. Required fields are marked *