ਕਿੱਥੇ ਗਈ ਦਰਖਤਾਂ ਦੀ ਕਟਾਈ ਅਤੇ ਛਟਾਈ ਲਈ ਜਰਮਨੀ ਤੋਂ ਖਰੀਦੀ ਅਤਿ ਆਧੁਨਿਕ ਮਸ਼ੀਨ?

ਕਿੱਥੇ ਗਈ ਦਰਖਤਾਂ ਦੀ ਕਟਾਈ ਅਤੇ ਛਟਾਈ ਲਈ ਜਰਮਨੀ ਤੋਂ ਖਰੀਦੀ ਅਤਿ ਆਧੁਨਿਕ ਮਸ਼ੀਨ?

ਕੌਂਸਲਰ ਬੇਦੀ ਨੇ ਸੂਚਨਾ ਦੇ ਅਧਿਕਾਰ ਤਹਿਤ ਨਗਰ ਨਿਗਮ ਤੋਂ ਮੰਗੀ ਵਿਸਤਾਰਤ ਜਾਣਕਾਰੀ

ਐਸ ਏ ਐਸ ਨਗਰ, 23 ਨਵੰਬਰ (ਸ.ਬ.) ਸ਼ਹਿਰ ਦੇ ਪਾਰਕਾਂ ਅਤੇ ਸੜਕਾਂ ਦੇ ਕਿਨਾਰੇ ਲੱਗੇ ਦਰਖਤਾਂ ਦੀ ਕਟਾਈ ਅਤੇ ਛਟਾਈ ਕਰਨ ਲਈ ਨਗਰ ਨਿਗਮ ਮੁਹਾਲੀ ਵਲੋਂ ਦਿੱਲੀ ਦੀ ਇੱਕ ਕੰਪਨੀ ਕਾਸਮਿਕ ਹੀਲਰ ਪ੍ਰਾਈਵੇਟ ਲਿਮਟਡ ਰਾਂਹੀ ਜਰਮਨੀ ਤੋਂ ਖਰੀਦੀ ਜਾਣ ਵਾਲੀ ਅਤਿ ਆਧੁਨਿਕ ਮਸ਼ੀਨ ਦੇ ਮਾਮਲੇ ਵਿੱਚ ਸਥਾਨਕ ਸਰਕਾਰ ਵਿਭਾਗ ਵਲੋਂ ਆਰੰਭ ਕੀਤੀ ਗਈ ਜਾਂਚ ਤੋਂ ਬਾਅਦ ਹੁਣ ਸੂਚਨਾ ਅਧਿਕਾਰ ਕਾਰਕੁੰਨ ਅਤੇ ਕੌਂਸਲਰ ਸ੍ਰ. ਕੁਲਜੀਤ ਸਿੰਘ ਬੇਦੀ ਨੇ ਨਗਰ ਨਿਗਮ ਤੋਂ ਸੂਚਨਾ ਦੇ ਅਧਿਕਾਰ ਤਹਿਤ ਇਸ ਸੰਬੰਧੀ ਵਿਸਤਾਰ ਸਹਿਤ ਜਾਣਕਾਰੀ ਮੰਗੀ ਹੈ|
ਸ੍ਰ. ਬੇਦੀ ਨੇ ਨਗਰ ਨਿਗਮ ਤੋਂ ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਪੁੱਛਿਆ ਹੈ ਕਿ ਇਹ ਦੱਸਿਆ ਜਾਵੇ ਕਿ ਫਰਵਰੀ 2016 ਵਿੱਚ ਹਾਉਸ ਦੀ ਮੀਟਿੰਗ ਵਿੱਚ ਮਤਾ ਪਾਸ ਕਰਨ ਤੋਂ ਬਾਅਦ ਇਸ ਮਸ਼ੀਨ ਦੀ ਖਰੀਦ ਸੰਬੰਧੀ ਸਥਾਨਕ ਸਰਕਾਰ ਵਿਭਾਗ ਦੀ ਮੰਜੂਰੀ ਕਦੋਂ ਹਾਸਿਲ ਹੋਈ ਸੀ| ਇਸ ਮਸ਼ੀਨ ਦੀ ਖਰੀਦ ਦਾ ਠੇਕਾ ਕਿਸ ਕੰਪਨੀ ਨੂੰ ਅਤੇ ਕਦੋਂ ਦਿੱਤਾ ਗਿਆ, ਉਕਤ ਕੰਪਨੀ ਨੂੰ ਦਿੱਤੇ ਗਏ ਅਡਵਾਂਸ ਦੀ ਰਕਮ ਕਿੰਨੀ ਸੀ ਅਤੇ ਇਹ ਕਿਸਦੇ ਹੁਕਮਾਂ ਤੇ ਦਿੱਤੀ ਗਈ| ਉਹਨਾਂ ਇਸ ਸੰਬੰਧੀ ਕੰਪਨੀ ਨਾਲ ਹੋਏ ਐਗਰੀਮੈਂਟ ਦੀ ਕਾਪੀ ਵੀ ਮੰਗੀ ਹੈ|
ਸੂਚਨਾ ਦੇ ਅਧਿਕਾਰ ਤਹਿਤ ਮੰਗੀ ਜਾਣਕਾਰੀ ਵਿੱਚ ਸ੍ਰ. ਬੇਦੀ ਨੇ ਪੁੱਛਿਆ ਹੈ ਕਿ ਇੱਕ ਵਾਰ ਅਡਵਾਂਸ ਦਿੱਤੇ ਜਾਣ ਤੋਂ ਬਾਅਦ ਇਸ ਕੰਪਨੀ ਨਾਲ ਮਸ਼ੀਨ ਦੀ ਡਿਲੀਵਰੀ ਸੰਬੰਧੀ ਕਿੰਨੀ ਸਮਾਂ ਸੀਮਾ ਤੈਅ ਕੀਤੀ ਗਈ ਸੀ ਅਤੇ ਕੀ ਕੰਪਨੀ ਵਲੋਂ ਨਿਗਮ ਨੂੰ ਵਿਦੇਸ਼ ਜਾ ਕੇ ਮਸ਼ੀਨ ਦਾ ਨਿਰੀਖਣ ਕਰਨ ਸੰਬੰਧੀ ਕੋਈ ਪ੍ਰਸਤਾਵ ਦਿੱਤਾ ਗਿਆ ਸੀ| ਕੀ ਇਸ ਮਸ਼ੀਨ ਦੇ ਕੰਮ ਕਰਨ ਬਾਰੇ ਨਿਗਮ ਦੇ ਕਿਸੇ ਜਿੰਮੇਵਾਰ ਅਧਿਕਾਰੀ ਵਲੋਂ ਇਸਦਾ ਡੈਮੋ ਵੇਖਿਆ ਗਿਆ ਸੀ ਅਤੇ ਜੇਕਰ ਵੇਖਿਆ ਗਿਆ ਸੀ ਤਾਂ ਉਹ ਕਿਸ ਅਧਿਕਾਰੀ (ਅਹੁਦਾ ਅਤੇ ਨਾਮ) ਨੇ ਦੇਖਿਆ ਸੀ|
ਉਹਨਾਂ ਪੁੱਛਿਆ ਹੈ ਕਿ ਇਸ ਮਸ਼ੀਨ ਦਾ ਮੌਜੂਦਾ ਸਟੇਟਸ ਕੀ ਹੈ ਅਤੇ ਇਹ ਨਿਗਮ ਨੂੰ ਕਦੋਂ ਹਾਸਿਲ ਹੋਵੇਗੀ| ਕੀ ਇਹ ਮਸ਼ੀਨ ਨਿਗਮ ਨੂੰ ਮਿਲ ਗਈ ਹੈ ਅਤੇ ਜੇਕਰ ਹੁਣ ਤਕ ਨਹੀਂ ਮਿਲੀ ਤਾਂ ਨਿਗਮ ਵਲੋਂ ਇਸ ਸੰਬੰਧੀ ਹੁਣ ਤਕ ਕੀ ਕਾਰਵਾਈ ਕੀਤੀ ਗਈ ਹੈ| ਕੀ ਕੰਪਨੀ ਨੂੰ ਕੋਈ ਨੋਟਿਸ ਦਿੱਤਾ ਗਿਆ ਹੈ| ਉਹਨਾਂ ਇਹ ਵੀ ਪੁੱਛਿਆ ਹੈ ਕਿ ਇਸ ਮਸ਼ੀਨ ਦੀ ਖਰੀਦ ਦੇ ਇਸ ਪੂਰੇ ਅਮਲ ਦੀ ਜਿੰਮੇਵਾਰੀ ਕਿਸ ਅਧਿਕਾਰੀ (ਨਾਮ ਅਤੇ ਅਹੁਦਾ) ਦੀ ਬਣਦੀ ਹੈ|
ਇੱਥੇ ਇਹ ਜਿਕਰਯੋਗ ਹੈ ਕਿ ਫਰਵਰੀ 2016 ਵਿੱਚ ਹਾਊਸ ਵਲੋਂ ਪੌਣੇ ਦੋ ਕਰੋੜ ਰੁਪਏ ਦੀ ਕੀਮਤ ਵਾਲੀ ਇਸ ਅਤਿ ਆਧੁਨਿਕ ਮਸ਼ੀਨ ਨੂੰ ਖਰੀਦਣ ਬਾਰੇ ਮਤਾ ਪਾਸ ਕੀਤਾ ਸੀ ਅਤੇ ਉਸਤੋਂ ਬਾਅਦ ਨਗਰ ਨਿਗਮ ਵਲੋਂ ਇਸ ਕੰਪਨੀ ਦਾ ਠੇਕਾ ਦਿੱਲੀ ਦੀ ਇੱਕ ਕੰਪਨੀ ਨੂੰ ਦਿੰਦਿਆਂ ਨਿਗਮ ਅਧਿਕਾਰੀਆਂ ਵਲੋਂ ਉਸ ਕੰਪਨੀ ਨੂੰ 90 ਲੱਖ ਰੁਪਏ ਅਡਵਾਂਸ ਵਿੱਚ ਅਦਾ ਕਰ ਦਿੱਤੇ ਗਏ ਸੀ| ਇਸ ਸੰਬੰਧੀ ਛੇ ਕੁ ਮਹੀਨੇ ਪਹਿਲਾਂ ਨਗਰ ਨਿਗਮ ਦੇ ਮੇਅਰ ਸ੍ਰ. ਕੁਲਵੰਤ ਸਿੰਘ ਵਲੋਂ ਹਾਊਸ ਨੂੰ ਜਾਣਕਾਰੀ ਦਿੱਤੀ ਗਈ ਸੀ ਕਿ ਇਹ ਮਸ਼ੀਨ ਵਿਦੇਸ਼ ਤੋਂ ਆ ਗਈ ਹੈ ਅਤੇ ਇਹ ਬੰਦਰਗਾਹ ਤੇ ਪਹੁੰਚ ਚੁੱਕੀ ਹੈ ਜਿਹੜੀ ਅਗਲੇ ਮਹੀਨੇ ਤਕ ਨਗਰ ਨਿਗਮ ਨੂੰ ਹਾਸਿਲ ਹੋ ਜਾਵੇਗੀ| ਉਹਨਾਂ ਕਿਹਾ ਸੀ ਕਿ ਇਸ ਮਸ਼ੀਨ ਦੇ ਆਉਣ ਤੋਂ ਬਾਅਦ ਸ਼ਹਿਰ ਵਿੱਚ ਬਹੁਤ ਜਿਆਦਾ ਉੱਚੇ ਹੋ ਚੁਕੇ ਦਰਖਤਾਂ ਦੀ ਕਟਾਈ ਅਤੇ ਛਟਾਈ ਦਾ ਕੰਮ ਸੁਰਖਿਅਤ ਤਰੀਕੇ ਨਾਲ ਸੰਭਵ ਹੋ ਸਕੇਗਾ, ਪਰੰਤੂ ਇਹ ਮਸ਼ੀਨ ਹੁਣ ਤਕ ਨਗਰ ਨਿਗਮ ਨੂੰ ਹਾਸਿਲ ਨਹੀਂ ਹੋਈ ਹੈ|
ਸ੍ਰ. ਬੇਦੀ ਨੇ ਕਿਹਾ ਕਿ ਇਸ ਮਸ਼ੀਨ ਦੀ ਖਰੀਦ ਦੇ ਇਸ ਪੂਰੇ ਅਮਲ ਵਿੱਚ ਕੀ ਕੀ ਬੇਨਿਯਮੀਆਂ ਹੋਈਆਂ ਇਸਦੀ ਜਾਂਚ ਸਥਾਨਕ ਸਰਕਾਰ ਵਿਭਾਗ ਦੇ ਅੰਦਰੂਨੀ ਵਿਜੀਲੈਂਸ ਵਿਭਾਗ ਵਲੋਂ ਕੀਤੀ ਜਾ ਰਹੀ ਹੈ| ਅਜਿਹੇ ਵਿੱਚ ਇਹ ਸ਼ੱਕ ਉੱਠਣਾ ਲਾਜਮੀ ਹੈ ਕਿ ਇਸ ਮਸ਼ੀਨ ਦੀ ਖਰੀਦ ਦੇ ਅਮਲ ਵਿੱਚ ਘਪਲਾ ਹੋਇਆ ਹੈ| ਉਹਨਾਂ ਕਿਹਾ ਕਿ ਇਸ ਮਾਮਲੇ ਦੀ ਪੂਰੀ ਸੱਚਾਈ ਸ਼ਹਿਰ ਵਾਸੀਆਂ ਦੇ ਸਾਮ੍ਹਣੇ ਆਉਣੀ ਚਾਹੀਦੀ ਹੈ ਕਿਉਂਕਿ ਇਹ ਮਸ਼ੀਨ ਸ਼ਹਿਰ ਵਾਸੀਆਂ ਤੋਂ ਇਕੱਤਰ ਕੀਤੇ ਜਾਂਦੇ ਟੈਕਸਾਂ ਦੀ ਰਕਮ ਨਾਲ ਹੀ ਖਰੀਦੀ ਜਾ ਰਹੀ ਸੀ ਅਤੇ ਸ਼ਹਿਰ ਵਾਸੀਆਂ ਨੂੰ ਇਸ ਸੰਬੰਧੀ ਮੁਕੰਮਲ ਜਾਣਕਾਰੀ ਦੇਣ ਲਈ ਹੀ ਉਹਨਾਂ ਵਲੋਂ ਨਗਰ ਨਿਗਮ ਤੋਂ ਇਹ ਜਾਣਕਾਰੀ ਮੰਗੀ ਗਈ ਹੈ|

Leave a Reply

Your email address will not be published. Required fields are marked *