ਕੀ ਅਕਾਲੀ ਦਲ ਦੀ ਬੇੜੀ ਨੂੰ ਸਹਾਰਾ ਦੇ ਸਕਣਗੇ ਜਗਮੀਤ ਸਿੰਘ ਬਰਾੜ

ਐਸ ਏ ਐਸ ਨਗਰ, 22 ਅਪ੍ਰੈਲ (ਸ.ਬ.) ਲੋਕ ਸਭਾ ਚੋਣਾਂ ਦੇ ਸਤਵੇਂ ਗੇੜ ਦੌਰਾਨ ਪੰਜਾਬ ਵਿਚ ਨਾਮਜਦਗੀਆਂ ਦਾ ਦੌਰ ਸ਼ੁਰੂ ਹੋ ਚੁੱਕਿਆ ਹੈ, ਇਸ ਦੇ ਨਾਲ ਚੋਣ ਲੜ ਰਹੀਆਂ ਪਾਰਟੀਆਂ ਵਲੋਂ ਆਪੋ ਆਪਣੇ ਉਮੀਦਵਾਰਾਂ ਲਈ ਚੋਣ ਪ੍ਰਚਾਰ ਵਿਚ ਤੇਜੀ ਲਿਆ ਦਿੱਤੀ ਗਈ ਹੈ| ਪੰਜਾਬ ਦੀ ਰਾਜਨੀਤੀ ਵਿਚ ਤੇਜੀ ਨਾਲ ਉਲਟਫੇਰ ਹੋ ਰਿਹਾ ਹੈ ਅਤੇ ਪਿਛਲੇ ਦਿਨੀਂ ਆਵਾਜ ਏ ਪੰਜਾਬ ਕਹੇ ਜਾਂਦੇ ਰਾਜਸੀ ਆਗੂ ਅਤੇ ਸਾਬਕਾ ਸੰਸਦ ਮੈਂਬਰ ਸ੍ਰ. ਜਗਮੀਤ ਸਿੰਘ ਬਰਾੜ ਅਕਾਲੀ ਦਲ ਵਿੱਚ ਸ਼ਾਮਲ ਹੋ ਗਏ ਹਨ|
ਅਕਾਲੀ ਦਲ ਦੇ ਪ੍ਰਧਾਨ ਸ੍ਰ. ਸੁਖਬੀਰ ਬਾਦਲ ਵਲੋਂ ਜਗਮੀਤ ਬਰਾੜ ਨੂੰ ਪਾਰਟੀ ਦਾ ਮੀਤ ਪ੍ਰਧਾਨ ਨਿਯੁਕਤ ਕੀਤਾ ਗਿਆ ਹੈ| ਜਗਮੀਤ ਬਰਾੜ ਲੰਮਾਂ ਸਮਾਂ ਕਾਂਗਰਸ ਵਿਚ ਰਹੇ ਹਨ ਅਤੇ ਕਾਂਗਰਸ ਦੇ ਲੋਕ ਸਭਾ ਮੈਂਬਰ ਵੀ ਰਹੇ ਹਨ| ਉਹਨਾਂ ਵਲੋਂ ਲੋਕ ਸਭਾ ਮੈਂਬਰ ਹੁੰਦੇ ਹੋਏ ਹਮੇਸ਼ਾ ਲੋਕ ਸਭਾ ਵਿਚ ਪੰਜਾਬ ਦੇ ਮੁੱਦੇ ਉਭਾਰੇ ਜਾਂਦੇ ਰਹੇ, ਜਿਸ ਕਾਰਨ ਉਹਨਾਂ ਨੂੰ ਆਵਾਜ ਏ ਪੰਜਾਬ ਦਾ ਖਿਤਾਬ ਵੀ ਮਿਲਿਆ ਸੀ| ਫਰੀਦਕੋਟ ਲੋਕ ਸਭਾ ਹਲਕੇ ਤੋਂ ਉਹ ਕਾਫੀ ਸਮਾਂ ਪਹਿਲਾਂ ਸੁਖਬੀਰ ਬਾਦਲ ਨੂੰ ਲੋਕ ਸਭਾ ਚੋਣਾਂ ਦੌਰਾਨ ਹਰਾ ਕੇ ਜਿੱਤ ਪ੍ਰਾਪਤ ਕਰ ਚੁਕੇ ਹਨ ਪਰ ਹੁਣ ਉਹਨਾਂ ਨੇ ਸੁਖਬੀਰ ਬਾਦਲ ਦੀ ਅਗਵਾਈ ਵਿਚ ਤੁਰਨ ਲਈ ਕਦਮ ਚੁੱਕ ਲਏ ਹਨ|
ਦੂਜੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਜਗਮੀਤ ਸਿੰਘ ਬਰਾੜ ਵਲੋਂ ਉਹਨਾਂ ਨੂੰ ਭੇਜੇ ਗਏ ਕੁਝ ਅਜਿਹੇ ਸੁਨੇਹੇ ਸੋਸ਼ਲ ਮੀਡੀਆ ਵਿੱਚ ਜਾਰੀ ਕੀਤੇ ਹਨ, ਜਿਹਤੇ ਕੈਪਟਨ ਅਮਰਿੰਦਰ ਸਿੰਘ ਅਨੁਸਾਰ ਜਗਮੀਤ ਬਰਾੜ ਵਲੋਂ ਉਹਨਾਂ ਨੂੰ ਇਕ ਮਹੀਨਾ ਪਹਿਲਾਂ ਭੇਜੇ ਗਏ ਸਨ| ਇਹਨਾਂ ਸੁਨੇਹਿਆ ਵਿੱਚ ਕਥਿਤ ਤੌਰ ਤੇ ਜਗਮੀਤ ਬਰਾੜ ਵਲੋਂ ਕਿਹਾ ਗਿਆ ਸੀ ਕਿ ”ਮਹਾਰਾਜਾ ਸਾਹਿਬ, ਮੈਂ ਬਾਦਲਾਂ ਨੂੰ ਸੂਤ ਕਰਾਂਗਾ|” ਅਤੇ ਇਸ ਸਾਰੇ ਕੁੱਝ ਨਾਲ ਪੰਜਾਬ ਦੀ ਰਾਜਨੀਤੀ ਵਿਚ ਕਾਫੀ ਗਰਮੀ ਆ ਗਈ ਹੈ|
ਆਮ ਲੋਕ ਹੁਣ ਸਵਾਲ ਕਰ ਰਹੇ ਹਨ ਕਿ ਕੀ ਜਗਮੀਤ ਬਰਾੜ ਅਕਾਲੀ ਦਲ ਦੀ ਬੇੜੀ ਨੂੰ ਲੋਕ ਸਭਾ ਚੋਣਾਂ ਦਾ ਭੰਵਰ ਪਾਰ ਕਰਵਾ ਸਕਣਗੇ| ਇਸ ਸਮੇਂ ਅਕਾਲੀ ਦਲ ਦੀ ਜੋ ਸਥਿਤੀ ਹੈ, ਉਹ ਸਭ ਦੇ ਸਾਹਮਣੇ ਹੈ| ਅਕਾਲੀ ਦਲ ਵਿਚੋਂ ਬਾਗੀ ਹੋਏ ਟਕਸਾਲੀ ਆਗੂਆਂ ਵਲੋਂ ਵੱਖਰਾ ਟਕਸਾਲੀ ਦਲ ਬਣਾ ਲਿਆ ਗਿਆ ਹੈ| ਹੁਣ ਭਾਵੇਂ ਜਗਮੀਤ ਬਰਾੜ ਦੇ ਅਕਾਲੀ ਦਲ ਵਿੱਚ ਸ਼ਾਮਲ ਹੋਣ ਕਾਰਨ ਅਕਾਲੀ ਦਲ ਨੂੰ ਹੁਲਾਰਾ ਮਿਲਿਆ ਹੈ, ਪਰ ਇਹ ਤਾਂ ਸਮਾਂ ਦੱਸੇਗਾ ਕਿ ਜਗਮੀਤ ਬਰਾੜ ਆਪਣੇ ਪੁਰਾਣੇ ਵਿਰੋਧੀ ਰਹੇ ਨੇਤਾਵਾਂ ਨਾਲ ਤਾਲਮੇਲ ਬਿਠਾ ਕੇ ਅਕਾਲੀ ਦਲ ਦੀ ਬੇੜੀ ਨੂੰ ਲੋਕ ਸਭਾ ਚੋਣਾਂ ਵਿੱਚ ਪਾਰ ਕਰਵਾਉਣ ਵਿੱਚ ਕਿਸ ਹੱਦ ਤਕ ਕਾਮਯਾਬ ਹੁੰਦੇ ਹਨ|

Leave a Reply

Your email address will not be published. Required fields are marked *