ਕੀ ਕਹਿੰਦਾ ਹੈ ਅਕਾਲੀ ਦਲ ਤੋਂ ਵੱਡੀ ਗਿਣਤੀ ਵਿੱਚ ਹੋਣ ਵਾਲਾ ਪਲਾਇਨ

ਪਿਛਲੇ ਦਸ ਸਾਲਾਂ ਤੋਂ ਪੰਜਾਬ ਦੀ ਸੱਤਾ ਦਾ ਸੁਖ ਮਾਣ ਰਹੇ ਅਕਾਲੀ ਦਲ ਲਈ ਇਹ ਸਮਾਂ ਸ਼ਾਇਦ ਸਭ ਤੋਂ ਮਾੜਾ ਕਿਹਾ ਜਾ ਸਕਦਾ ਹੈ ਜਦੋਂ ਪਾਰਟੀ ਨੂੰ ਆਪਣੇ ਅੰਦਰ ਅਤੇ ਬਾਹਰ ਦੋਹਾਂ ਪਾਸਿਆਂ ਤੋਂ ਵਿਰੋਧ ਦਾ ਸਾਮ੍ਹਣ ਕਰਨਾ ਪੈ ਰਿਹਾ ਹੈ| ਅਕਾਲੀ ਦਲ ਵਿੱਚ ਪਿਛਲੇ ਕੁੱਝ ਮਹੀਨਿਆਂ ਤੋਂ ਜਿਵੇਂ ਪਾਰਟੀ ਆਗੂਆਂ ਦੇ ਪਲਾਇਨ ਦਾ ਦੌਰ ਚਲ ਰਿਹਾ ਹੈ ਅਤੇ ਆਏ ਦਿਨ ਇੱਕ ਤੋਂ ਬਾਅਦ ਇੱਕ ਪਾਰਟੀ ਦੇ ਟਕਸਾਲੀ ਕਹੇ ਜਾਣ ਵਾਲੇ ਆਗੂ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੁੰਦੇ ਰਹੇ ਹਨ| ਹਾਲਾਂਕਿ ਹਰ ਵਾਰ ਹੀ ਚੋਣਾਂ ਮੌਕੇ ਵੱਖ ਵੱਖ ਸਿਆਸੀ ਪਾਰਟੀਆਂ ਦੇ ਆਗੂਆਂ ਵਲੋਂ ਆਪਣੀਆਂ ਮੂਲ ਪਾਰਟੀਆਂ ਨੂੰ ਛੱਡ ਕੇ ਹੋਰਨਾਂ ਪਾਰਟੀਆਂ ਦਾ ਪੱਲਾ ਫੜਣ ਦੀ ਕਾਰਵਾਈ ਨੂੰ ਅੰਜਾਮ ਦਿੱਤਾ ਜਾਂਦਾ ਹੈ ਅਤੇ ਪਿਛਲੇ ਕੁੱਝ ਸਮੇਂ ਤੋਂ ਹੋਰਨਾਂ ਪਾਰਟੀਆਂ ਦੇ ਕੁੱਝ ਆਗੂ ਅਕਾਲੀ ਦਲ ਦਾ ਪੱਲਾ ਵੀ ਫੜਦੇ ਦਿਖ ਰਹੇ ਹਨ ਪਰੰਤੂ ਇਸ ਵਾਰ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਆਗੂਆਂ ਦੀ ਗਿਣਤੀ ਕੁੱਝ ਜਿਆਦਾ ਹੀ ਦਿਖ ਰਹੀ ਹੈ|
ਪਿਛਲੇ ਲੰਬੇ ਸਮੇਂ ਤੋਂ ਪਾਰਟੀ ਲਈ ਕੰਮ ਕਰਨ ਤੋਂ ਬਾਅਦ ਹੁਣ ਪਾਰਟੀ ਨੂੰ ਅਲਵਿਦਾ ਕਹਿਣ ਵਾਲੇ ਅਜਿਹੇ ਜਿਆਦਾਤਰ ਆਗੂਆਂ ਵਲੋਂ ਇੱਕ ਸੁਰ ਵਿੱਚ ਇਹੀ ਰਾਗ ਅਲਾਪਿਆ ਜਾਂਦਾ ਹੈ ਕਿ ਪਿਛਲੇ ਸਮੇਂ ਦੌਰਾਨ ਪਾਰਟੀ ਦੇ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਵਲੋਂ ਉਹਨਾਂ ਨੂੰ ਬਣਦਾ ਮਾਣ ਸਤਿਕਾਰ ਦੇਣ ਦੀ ਥਾਂ ਜਲੀਲ ਕੀਤਾ ਜਾਂਦਾ ਰਿਹਾ ਹੈ, ਇਸ ਲਈ ਉਹ ਹੁਣ ਅਕਾਲੀ ਦਲ ਵਿੱਚ ਨਹੀਂ ਰਹਿ ਸਕਦੇ| ਇਹ ਆਗੂ ਪੰਜਾਬ ਦੇ ਮੁੱਖ ਮੰਤਰੀ ਸ੍ਰ ਪ੍ਰਕਾਸ਼ ਸਿੰਘ ਬਾਦਲ ਉੱਪਰ ਵੀ ਇਹ ਇਲਜਾਮ ਲਗਾਉਂਦੇ ਹਨ ਕਿ ਉਹਨਾਂ ਨੂੰ ਆਪਣੇ ਪੁੱਤਰ ਤੋਂ ਇਲਾਵਾ ਹੋਰ ਕੋਈ ਨਜਰ ਨਹੀਂ ਆਉਂਦਾ ਅਤੇ ਟਕਸਾਲੀ ਆਗੂਆਂ ਅਤੇ ਵਰਕਰਾਂ ਦੀ ਕਿਤੇ ਕੋਈ ਸੁਣਵਾਈ ਨਹੀਂ ਹੁੰਦੀ|
ਬੀਤੇ ਸਮੇਂ ਦੌਰਾਨ ਅਕਾਲੀ ਦਲ ਨੂੰ ਛੱਡ ਕੇ ਕਾਂਗਰਸ ਜਾਂ ਆਮ ਆਦਮੀ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਅਜਿਹੇ ਆਗੂਆਂ ਵਿੱਚ ਸਾਬਕਾ ਮੰਤਰੀ, ਮੌਜੂਦਾ ਅਤੇ ਸਾਬਕਾ ਵਿਧਾਇਕ ਅਤੇ ਅਜਿਹੇ ਟਕਸਾਲੀ ਪਰਿਵਾਰਾਂ ਨਾਲ ਸੰਬੰਧਿਤ ਆਗੂ ਹਨ ਜਿਹੜੇ ਪੀੜ੍ਹੀਆਂ ਤੋਂ ਅਕਾਲੀ ਚਲਦੇ ਆ ਰਹੇ ਹਨ ਅਤੇ ਉਹਨਾਂ ਨੇ ਸਾਰੀ ਉਮਰ ਕਾਂਗਰਸ ਨੂੰ ਸਿੱਖਾਂ ਦੀ ਦੁਸ਼ਮਨ ਪਾਰਟੀ ਸਾਬਿਤ ਕਰਨ ਦੀ ਹੀ ਰਾਜਨੀਤੀ ਕੀਤੀ ਹੈ| ਪਰੰਤੂ ਹੁਣ ਅਜਿਹੇ ਜਿਆਦਾਤਰ ਆਗੂਆਂ ਨੂੰ ਇਹ ਲਗਣ ਲਗ ਪਿਆ ਹੈ ਕਿ ਜਿਸ ਕਾਂਗਰਸ ਨੂੰ ਉਹ ਸਾਰੀ ਉਮਰ ਨਿੰਦਦੇ ਆਏ ਹਨ ਉਹ (ਘੱਟੋ ਘੱਟ) ਅਕਾਲੀ ਦਲ ਨਾਲੋਂ ਬਿਹਤਰ ਪਾਰਟੀ ਹੈ|
ਆਪਣੀ ਮੂਲ ਪਾਰਟੀ ਨੂੰ ਛੱਡ ਕੇ ਕਿਸੇ ਹੋਰ ਪਾਰਟੀ ਵਿੱਚ ਸ਼ਾਮਿਲ ਹੋਣ ਵਾਲੇ ਆਗੂ ਦਿਖਾਵੇ ਲਈ ਭਾਵੇਂ ਕੁੱਝ ਵੀ ਕਹਿਣ ਪਰੰਤੂ ਅਸਲ ਵਿੱਚ ਅਜਿਹੇ ਆਗੂਆਂ ਦੀ ਮੁੱਖ ਸ਼ਿਕਾਇਤ ਇਹੀ ਹੁੰਦੀ ਹੈ ਕਿ ਉਹਨਾਂ ਦੀ ਪਾਰਟੀ ਦੀ ਉੱਚ ਅਗਵਾਈ ਵਲੋਂ ਉਹਨਾਂ ਨੂੰ ਉਹਨਾਂ ਦੀ ਕਾਬਲੀਅਤ ਦੇ ਅਨੁਸਾਰ ਬਣਦਾ ਰੁਤਬਾ ਦੇਣ ਦੀ ਥਾਂ ਉਹਨਾਂ ਨੂੰ ਅਣਗੌਲਿਆ ਕੀਤਾ ਜਾਂਦਾ ਹੈ| ਸੱਤਾਧਾਰੀ ਪਾਰਟੀ ਦੇ ਆਗੂਆਂ ਦੀ ਤਾਂ ਇਹ ਵੀ ਸ਼ਿਕਾਇਤ ਹੁੰਦੀ ਹੈ ਕਿ ਸਰਕਾਰੀ ਅਧਿਕਾਰੀ ਉਹਨਾਂ ਦੀ ਕੋਈ ਪਰਵਾਹ ਨਹੀਂ ਕਰਦੇ ਅਤੇ ਰੋਜ ਰੋਜ ਦੀ ਜਲਾਲਤ ਤੋਂ ਤੰਗ ਆ ਕੇ ਉਹ ਆਪਣੀ ਪਾਰਟੀ ਹੀ ਬਦਲ ਲੈਂਦੇ ਹਨ| ਇਸ ਲਿਹਾਜ ਨਾਲ ਵੇਖੀਏ ਤਾਂ ਅਕਾਲੀ ਦਲ ਤੋਂ ਵੱਡੀ ਗਿਣਤੀ ਵਿੱਚ ਹੋਣ ਵਾਲਾ ਪਾਰਟੀ ਆਗੂਆਂ ਦਾ ਪਲਾਇਨ ਪਾਰਟੀ ਪ੍ਰਧਾਨ ਦੀ ਕਾਰਗੁਜਾਰੀ ਤੇ ਹੀ ਸਵਾਲ ਚੁੱਕਦਾ ਹੈ ਕਿ ਉਹ ਆਪਣੀ ਹੀ ਪਾਰਟੀ ਦੇ ਅਜਿਹੇ ਆਗੂਆਂ ਦੀਆਂ ਆਸਾਂ ਤੇ ਖਰੇ ਉਤਰਨ ਵਿੱਚ ਨਾਕਾਮ ਰਹੇ ਹਨ|
ਜਾਹਿਰ ਤੌਰ ਤੇ ਇਸ ਤਰੀਕੇ ਨਾਲ ਅਕਾਲੀ ਦਲ ਦੇ ਆਗੂਆਂ ਵਲੋਂ ਪਾਰਟੀ ਨੂੰ ਛੱਡ ਕੇ ਜਾਣ ਦੀ ਇਹ ਕਾਰਵਾਈ ਵਿਧਾਨਸਭਾ ਚੋਣਾਂ ਦੌਰਾਨ ਅਕਾਲੀ ਭਾਜਪਾ ਗਠਜੋੜ ਦੇ ਉਮੀਦਵਾਰਾਂ ਲਈ ਕਾਫੀ ਨੁਕਸਾਨਦਾਇਕ ਹੋ ਸਕਦੀ ਹੈ ਅਤੇ ਇਸਦਾ ਸੇਕ ਪੰਜਾਬ ਦੇ ਉਪ ਮੁੱਖ ਮੰਤਰੀ ਅਤੇ ਪਾਰਟੀ ਪ੍ਰਧਾਨ ਸ੍ਰ. ਸੁਖਬੀਰ ਸਿੰਘ ਬਾਦਲ ਤੇ ਵੀ ਆਉਣਾ ਤੈਅ ਹੈ| ਵੇਖਣਾ ਇਹ ਹੈ ਕਿ ਸ੍ਰ. ਬਾਦਲ ਅਕਾਲੀ ਦਲ ਨੂੰ ਛੱਡ ਕੇ ਜਾਣ ਵਾਲੇ ਇਹਨਾਂ ਆਗੂਆਂ ਕਾਰਣ ਪਾਰਟੀ ਨੂੰ ਹੋਣ ਵਾਲੇ ਨੁਕਸਾਨ ਦੀ ਭਰਪਾਈ ਕਿਸ ਤਰ੍ਹਾਂ ਕਰਦੇ ਹਨ|

Leave a Reply

Your email address will not be published. Required fields are marked *