ਕੀ ਕਹਿੰਦੇ ਹਨ ਗੁਜਰਾਤ ਅਤੇ ਹਿਮਾਚਲ ਵਿਧਾਨਸਭਾ ਚੋਣਾਂ ਦੇ ਨਤੀਜੇ

ਗੁਜਰਾਤ ਅਤੇ ਹਿਮਾਚਲ ਵਿਧਾਨਸਭਾ ਚੋਣਾਂ ਦੇ ਨਤੀਜੇ ਆ ਗਏ ਹਨ ਅਤੇ ਇਹਨਾਂ ਦੋਵਾਂ ਰਾਜਾਂ ਵਿੱਚ ਭਾਜਪਾ ਨੂੰ ਸਪਸ਼ਟ ਬਹੁਮਤ ਵੀ ਹਾਸਿਲ ਹੋ ਗਿਆ ਹੈ| ਗੁਜਰਾਤ ਵਿੱਚ ਪਿਛਲੇ 22 ਸਾਲਾਂ ਤੋਂ ਸਰਕਾਰ ਚਲਾ ਰਹੀ ਭਾਰਤੀ ਜਨਤਾ ਪਾਰਟੀ ਨੂੰ ਭਾਵੇਂ ਪਿਛਲੀ ਵਾਰ ਦੇ ਮੁਕਾਬਲੇ ਘੱਟ ਸੀਟਾਂ ਹਾਸਿਲ ਹੋਈਆਂ ਹਨ ਪਰੰਤੂ ਇਸਦੇ ਬਾਵਜੂਦ ਉਹ ਬਹੁਮਤ ਦੇ ਅੰਕੜੇ ਨੂੰ ਆਸਾਨੀ ਨਾਲ ਪਾਰ ਕਰ ਗਈ ਹੈ| ਗੁਜਰਾਤ ਦੀ 182 ਮੈਂਬਰਾਂ ਵਾਲੀ ਵਿਧਾਨਸਭਾ ਵਿੱਚ ਭਾਜਪਾ ਨੂੰ 99 ਸੀਟਾਂ ਮਿਲੀਆਂ ਹਨ ਜਦੋਂਕਿ ਆਪਣਾ ਪੂਰਾ ਜੋਰ ਲਗਾਉਣ ਦੇ ਬਾਵਜੂਦ ਕਾਂਗਰਸ ਪਾਰਟੀ 80 ਦੇ ਅੰਕੜੇ ਤਕ ਹੀ ਪਹੁੰਚਣ ਵਿੱਚ ਕਾਮਯਾਬ ਹੋ ਪਾਈ ਹੈ|
ਦੂਜੇ ਪਾਸੇ ਹਿਮਾਚਲ ਵਿੱਚ ਭਾਰਤੀ ਜਨਤਾ ਪਾਰਟੀ ਨੇ ਸੂਬੇ ਦੀ ਸੱਤਾਧਾਰੀ ਕਾਂਗਰਸ ਪਾਰਟੀ ਨੂੰ ਵੱਡੇ ਫਰਕ ਨਾਲ ਹਰਾਇਆ ਹੈ ਅਤੇ ਹਿਮਾਚਲ ਵਿੱਚ ਭਾਜਪਾ ਨੂੰ ਦੋ ਤਿਹਾਈ ਬਹੁਮਤ (ਲਗਭਗ) ਹਾਸਿਲ ਹੋਇਆ ਹੈ| ਹਿਮਾਚਲ ਪ੍ਰਦੇਸ਼ ਨੇ ਆਪਣਾ ਪੁਰਾਣਾ ਇਤਿਹਾਸ ਕਾਇਮ ਰੱਖਦਿਆਂ ਹਰ ਵਾਰ ਵਾਂਗ ਇਸ ਵਾਰ ਵੀ ਸੱਤਾਧਾਰੀਆਂ ਨੂੰ ਹਰਾ ਕੇ ਵਿਰੋਧੀ ਪਾਰਟੀ ਨੂੰ ਸੱਤਾ ਸੰਭਾਲ ਦਿੱਤੀ ਹੈ ਜਦੋਂਕਿ ਗੁਜਰਾਤ ਵਿੱਚ ਭਾਜਪਾ ਨੇ ਪਿਛਲੇ ਸਾਰ ਰਿਕਾਰਡ ਤੋੜ ਕੇ ਲਗਾਤਾਰ ਛੇਵੀਂ ਵਾਰ ਸੱਤਾ ਵਿੱਚ ਵਾਪਸੀ ਕੀਤੀ ਹੈ|
ਇਹਨਾਂ ਚੋਣਾਂ ਵਿੱਚ ਭਾਵੇਂ ਸਭਤੋਂ ਵੱਡਾ ਨੁਕਸਾਨ ਕਾਂਗਰਸ ਪਾਰਟੀ ਦਾ ਹੀ ਹੋਇਆ ਨਜਰ ਆ ਰਿਹਾ ਹੈ (ਜਿਸਦੇ ਹੱਥੋਂ ਇੱਕ ਹੋਰ ਸੂਬੇ ਦੀ ਸੱਤਾ ਜਾਂਦੀ ਰਹੀ ਹੈ) ਪਰੰਤੂ ਇਹ ਵੀ ਹਕੀਕਤ ਹੈ ਕਿ ਗੁਜਰਾਤ ਵਿੱਚ ਸੱਤਾ ਵਿੱਚ ਵਾਪਸੀ ਕਰਨ ਦੀ ਆਸ ਕਰ ਰਹੀ ਕਾਂਗਰਸ ਪਾਰਟੀ ਭਾਵੇਂ ਗੁਜਰਾਤ ਦੀ ਸੱਤਾ ਤੋਂ ਕਾਫੀ ਦੂਰ ਰਹਿ ਗਈ ਹੈ ਪਰੰਤੂ ਉੱਥੇ ਉਸਦੀ ਹਾਲਤ ਵਿੱਚ (ਪਿਛਲੀ ਵਾਰ ਦੇ ਮੁਕਾਬਲੇ) ਕਾਫੀ ਸੁਧਾਰ ਹੋਇਆ ਹੈ| ਕਾਂਗਰਸ ਪਾਰਟੀ ਦੇ ਆਗੂ ਖੁਦ ਨੂੰ ਇਹ ਕਹਿ ਕੇ ਤਸੱਲੀ ਦੇ ਸਕਦੇ ਹਨ ਕਿ ਉਹਨਾਂ ਨੇ ਭਾਜਪਾ ਦੇ ਕਿਲੇ ਵਿੱਚ ਬੁਰੀ ਤਰ੍ਹਾਂ ਸੰਨ ਲਗਾਈ ਹੈ ਅਤੇ ਇਹ ਨਤੀਜੇ ਕਾਂਗਰਸ ਦੀ ਵੱਧਦੀ ਤਾਕਤ ਦਾ ਸਬੂਤ ਹਨ ਪਰੰਤੂ ਅਸਲੀਅਤ ਇਹੀ ਹੈ ਕਿ ਆਪਣੀਆਂ ਭਰਪੂਰ ਕੋਸ਼ਿਸ਼ਾਂ ਦੇ ਬਾਵਜ੍ਹਦ ਉਹ ਗੁਜਰਾਤ ਦੀ ਸੱਤਾ ਤੇ ਕਾਬਿਜ ਹੋਣ ਤੋਂ ਵਾਂਝੀ ਰਹਿ ਗਈ ਹੈ|
ਇਸੇ ਤਰ੍ਹਾਂ ਭਾਰਤੀ ਜਨਤਾ ਪਾਰਟੀ ਵੀ ਇਹ ਦਾਅਵਾ ਕਰ ਸਕਦੀ ਹੈ ਕਿ ਗੁਜਰਾਤ ਦੀ ਜਨਤਾ ਨੇ ਪ੍ਰਧਾਨਮੰਤਰੀ ਸ੍ਰੀ ਨਰਿੰਦਰ ਮੋਦੀ ਦੀਆਂ ਨੀਤੀਆਂ ਤੇ ਮੋਹਰ ਲਗਾਉਂਦਿਆਂ ਇੱਕ ਵਾਰ ਫਿਰ ਭਾਜਪਾ ਦੇ ਸਿਰ ਤੇ ਤਾਜ ਰੱਖ ਦਿੱਤਾ ਹੈ| ਪਰੰਤੂ ਇਸ ਗੱਲ ਨੂੰ ਵੀ ਨਕਾਰਿਆ ਨਹੀਂ ਜਾ ਸਕਦਾ ਕਿ ਇਸ ਵਾਰ ਹੋਈਆਂ ਗੁਜਰਾਤ ਵਿਧਾਨਸਭਾ ਦੀਆਂ ਚੋਣਾਂ ਦੌਰਾਨ ਭਾਵੇਂ ਭਾਜਪਾ ਕਿਸੇ ਤਰ੍ਹਾਂ ਆਪਣਾ ਇਹ ਪੁਰਾਣਾ ਕਿਲਾ ਬਚਾਉਣ ਵਿੱਚ ਕਾਮਯਾਬ ਹੋ ਗਈ ਹੈ ਪਰੰਤੂ ਭਾਜਪਾ ਵਾਸਤੇ ਵੀ ਇਹ ਜਿੱਤ ਹਾਸਿਲ ਕਰਨੀ ਆਸਾਨ ਨਹੀਂ ਸੀ| ਇਸ ਦੌਰਾਨ ਜਿੱਥੇ ਪ੍ਰਧਾਨਮੰਤਰੀ ਸਮੇਤ ਉਹਨਾਂ ਦੀ ਪੂਰੀ ਕੈਬਿਨਟ ਅਤੇ ਵੱਖ ਵੱਖ ਰਾਜਾਂ ਦੇ ਮੁੱਖ ਮੰਤਰੀਆਂ ਨੂੰ ਗੁਜਰਾਤ ਦੇ ਚੋਣ ਪ੍ਰਚਾਰ ਦੌਰਾਨ ਅੱਡੀ ਚੋਟੀ ਦਾ ਜੋਰ ਲਗਾਉਣਾ ਪਿਆ ਹੈ ਉੱਥੇ ਉਹਨਾਂ ਵਲੋਂ ਚੋਣ ਜਿੱਤਣ ਲਈ ਹਰ ਹਥਕੰਡਾ ਅਪਣਾਇਆ ਗਿਆ ਹੈ|
ਇਸ ਦੌਰਾਨ ਜਿਸ ਤਰੀਕੇ ਨਾਲ ਪ੍ਰਧਾਨਮੰਤਰੀ ਮੋਦੀ ਅਤੇ ਉਹਨਾਂ ਦੇ ਨਿੱਜੀ ਸਹਿਯੋਗੀਆਂ ਵਲੋਂ ਆਪਣੇ ਸਿਆਸੀ ਵਿਰੋਧੀਆਂ ਦੇ ਖਿਲਾਫ ਨਿੱਜੀ ਇਲਜਾਮਬਾਜੀ ਤੋਂ ਲੈ ਕੇ ਵਿਰੋਧੀਆਂ ਤੇ ਪਾਕਿਸਤਾਨ ਨਾਲ ਮਿਲੇ ਹੋਣ ਤਕ ਦੇ ਇਲਜਾਮ ਲਗਾਏ ਗਏ ਉਸ ਨਾਲ ਲੋਕਤੰਤਰ ਦੀ ਮਰਿਆਦਾ ਬੁਰੀ ਤਰ੍ਹਾਂ ਤਾਰ ਤਾਰ ਹੋਈ ਹੈ| ਹਾਲਾਂਕਿ ਇਸ ਦੌਰਾਨ ਕਾਂਗਰਸੀ ਆਗੂਆਂ ਵਲੋਂ ਵੀ ਕੋਈ ਕਸਰ ਨਹੀਂ ਛੱਡੀ ਗਈ ਅਤੇ ਵੱਖ ਵੱਖ ਕਾਂਗਰਸੀ ਆਗੂਆਂ ਵਲੋਂ ਪ੍ਰਧਾਨਮੰਤਰੀ ਮੋਦੀ ਸਮੇਤ ਹੋਰਨਾਂ ਭਾਜਪਾ ਆਗੂਆਂ ਦੇ ਖਿਲਾਫ ਕੀਤੀਆਂ ਗਈਆਂ ਟਿੱਪਣੀਆਂ ਲੋਕਤੰਤਰ ਨੂੰ ਸ਼ਰਮਸਾਰ ਕਰਦੀਆਂ ਰਹੀਆਂ ਹਨ|
ਕੁਲ ਮਿਲਾ ਕੇ ਇਹੀ ਕਿਹਾ ਜਾ ਸਕਦਾ ਹੈ ਕਿ ਇਹਨਾਂ ਚੋਣਾਂ ਦੌਰਾਨ ਜਿਸ ਤਰੀਕੇ ਨਾਲ ਇਹਨਾਂ ਦੋਵਾਂ ਪਾਰਟੀਆਂ ਵਲੋਂ ਸੱਤਾ ਤੇ ਕਾਬਿਜ ਹੋਣ ਲਈ ਇੱਕ ਦੂਜੇ ਤੇ ਚਿੱਕੜ ਸੁੱਟਿਆ ਗਿਆ ਅਤੇ ਲੋਕਤੰਤਰ ਦੀ ਮਰਿਆਦਾ ਦੀਆਂ ਧੱਜੀਆਂ ਉੜਾਈਆਂ ਗਈਆਂ ਹਨ ਉਸ ਨਾਲ ਸਭ ਤੋਂ ਵੱਡਾ ਨੁਕਸਾਨ ਸਾਡੇ ਲੋਕਤੰਤਰ ਦਾ ਹੀ ਹੋਇਆ ਹੈ| ਪਰੰਤੂ ਇਹਨਾਂ ਪਾਰਟੀਆਂ ਨੂੰ ਇਸ ਨਾਲ ਕੋਈ ਫਰਕ ਪੈਣ ਵਾਲਾ ਨਹੀਂ ਹੈ ਕਿਉਂਕਿ ਉਹਨਾਂ ਦੀ ਹਰ ਕਾਰਵਾਈ ਉਹਨਾਂ ਨੂੰ ਹੋਣ ਵਾਲੇ ਸਿਆਸੀ ਨਫੇ ਨੁਕਸਾਨ ਦੇ ਹਿਸਾਬ ਤੇ ਹੀ ਆਧਾਰਿਤ ਹੁੰਦੀ ਹੈ ਇਸ ਲਈ ਲੋਕਤਤਰ ਨੂੰ ਕੋਈ ਰਾਹਤ ਮਿਲਣ ਦੀ ਦੂਰ ਦੂਰ ਤਕ ਕੋਈ ਆਸ ਨਜਰ ਨਹੀਂ ਆ ਰਹੀ ਹੈ|

Leave a Reply

Your email address will not be published. Required fields are marked *